ਹਰਿਆਣਾ (ਰੱਤੀ, ਰਾਜਪੂਤ, ਨਲੋਆ, ਆਨੰਦ)— ਕਸਬਾ ਹਰਿਆਣਾ ਵਿਖੇ ਹੁਸ਼ਿਆਰਪੁਰ-ਹਰਿਆਣਾ ਮੁੱਖ ਮਾਰਗ 'ਤੇ ਪਾਵਰ ਕਾਮ ਦਫਤਰ ਦੇ ਕੋਲ ਅੱਜ ਉਸ ਸਮੇਂ ਵੱਡਾ ਹਾਦਸਾ ਹੋਣੋ ਟਲ ਗਿਆ ਜਦੋਂ ਇਕ ਪੇਂਡੂ ਬੱਸ ਸਰਵਿਸ ਦੀ ਮਿੰਨੀ ਬੱਸ ਅਚਾਨਕ ਬਰੇਕ ਫੇਲ ਹੋ ਜਾਣ ਕਾਰਨ ਸੜਕ ਕਿਨਾਰੇ ਸਥਿਤ ਇਕ ਘਰ ਦੀ ਕੰਧ ਤੋੜ ਕੇ ਅੰਦਰ ਜਾ ਵੜ੍ਹੀ। ਇਸ ਹਾਦਸੇ 'ਚ ਕਿਸੇ ਦੇ ਗੰਭੀਰ ਸੱਟ ਨਹੀਂ ਲੱਗੀ ਪਰ ਘਰ ਦੀ ਕੰਧ, ਗੇਟ ਅਤੇ ਹੋਰ ਸਾਮਾਨ ਸਮੇਤ ਬੱਸ ਬੁਰੀ ਤਰ੍ਹਾਂ ਨੁਕਸਾਨੀ ਗਈ।
ਘਟਨਾ ਸਬੰਧੀ ਜਾਣਕਾਰੀ ਦਿੰਦੇ ਹੋਏ ਬੱਸ ਨੰ. ਪੀ. ਬੀ. 07-ਏ. ਐੱਸ. 8606 ਦੇ ਚਾਲਕ ਬਲਕਾਰ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਢੋਲਵਾਹਾ ਨੇ ਦੱਸਿਆ ਕਿ ਉਹ ਰੋਜ਼ਾਨਾ ਦੀ ਤਰ੍ਹਾਂ ਸਵੇਰੇ 7 ਵਜੇ ਕਮਾਹੀ ਦੇਵੀ ਤੋਂ ਹੁਸ਼ਿਆਰਪੁਰ ਬਾਇਆ ਗੜ੍ਹਦੀਵਾਲਾ ਰੂਟ 'ਤੇ ਜਾ ਰਿਹਾ ਸੀ ਕਿ ਜਦੋਂ ਸਵੇਰੇ ਕਰੀਬ 8.40 ਵਜੇ ਕਸਬਾ ਹਰਿਆਣਾ ਵਿਖੇ ਪਹੁੰਚਾ ਤਾਂ ਉਕਤ ਸਥਾਨ 'ਤੇ ਬੱਸ ਵਿਚ ਤਕਨੀਕੀ ਖਰਾਬੀ ਮਹਿਸੂਸ ਹੋਈ। ਇਸ ਤੋਂ ਬਾਅਦ ਜਦੋਂ ਉਸ ਨੇ ਬੱਸ ਰੋਕਣ ਲਈ ਬਰੇਕ ਲਗਾਉਣ ਦੀ ਕੋਸ਼ਿਸ਼ ਕੀਤੀ ਤਾਂ ਬਰੇਕ ਫੇਲ ਹੋ ਚੁੱਕੀ ਸੀ। ਇਸ ਦੌਰਾਨ ਬੱਸ ਸੜਕ ਦੇ ਇਕ ਪਾਸੇ ਵੱਲ ਜਾਣ ਲੱਗ ਪਈ ਅਤੇ ਨਜ਼ਦੀਕ ਹੀ ਇਕ ਘਰ ਦੀ ਕੰਧ ਨਾਲ ਜਾ ਟਕਰਾਈ। ਇਸ ਹਾਦਸੇ 'ਚ ਕੰਡਕਟਰ ਬਿੰਦੂ ਦੇ ਮਾਮੂਲੀ ਸੱਟਾਂ ਲੱਗੀਆਂ। ਜਦਕਿ ਬਾਕੀ ਸਵਾਰੀਆਂ ਵਾਲ-ਵਾਲ ਬੱਚ ਗਈਆਂ।
ਘਰ ਦੇ ਮੈਂਬਰ ਵੀ ਵਾਲ-ਵਾਲ ਬਚੇ
ਘਟਨਾ ਦੌਰਾਨ ਨੁਕਸਾਨੇ ਗਏ ਘਰ ਦੇ ਮਾਲਕ ਇੰਦਰਪਾਲ ਸਿੰਘ ਪੁੱਤਰ ਸੁਖਦੇਵ ਸਿੰਘ ਨੇ ਦੱਸਿਆ ਕਿ ਰੋਜ਼ਾਨਾ ਦੀ ਤਰ੍ਹਾਂ ਉਸ ਦੀ ਮਾਤਾ ਆਪਣੇ ਪੋਤੇ-ਪੋਤੀਆਂ ਨੂੰ ਸਕੂਲ ਬੱਸ 'ਚ ਚੜ੍ਹਾਉਣ ਲਈ ਘਰ ਤੋਂ ਬਾਹਰ ਖੜ੍ਹੇ ਸਨ ਕਿ ਇਸ ਦੌਰਾਨ ਇਹ ਹਾਦਸਾ ਵਾਪਰ ਗਿਆ। ਜੇਕਰ ਪਰਿਵਾਰਕ ਮੈਂਬਰ ਘਰ ਦੇ ਅੰਦਰ ਹੀ ਹੁੰਦੇ ਤਾਂ ਵੱਡਾ ਹਾਦਸਾ ਵਾਪਰ ਸਕਦਾ ਸੀ।
ਬੱਸ 'ਚ ਜ਼ਿਆਦਾਤਰ ਸਵਾਰ ਸਨ ਸਕੂਲੀ ਬੱਚੇ
ਇਸ ਘਟਨਾ ਸਮੇਂ ਮੌਕੇ 'ਤੇ ਮੌਜੂਦ ਰਾਹਗੀਰਾਂ ਅਨੁਸਾਰ ਹਾਦਸਾਗ੍ਰਸਤ ਬੱਸ ਵਿਚ ਮੌਜੂਦ ਯਾਤਰੀਆਂ 'ਚ ਜ਼ਿਆਦਾਤਰ ਬਾਗਪੁਰ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀ ਸਨ। ਬੱਸ ਚਾਲਕ ਅਨੁਸਾਰ ਕਿਸੇ ਵੀ ਯਾਤਰੀ ਦੇ ਸੱਟ ਨਹੀਂ ਲੱਗੀ।
ਅਣਪਛਾਤੇ ਵਾਹਨ ਦੀ ਫੇਟ ਵੱਜਣ ਨਾਲ ਵਿਅਕਤੀ ਜ਼ਖ਼ਮੀ
NEXT STORY