ਰੋਪੜ (ਰਾਜੇਸ਼)-ਕਾਠਗਡ਼੍ਹ ਦੀ ਮਾਰਕੀਟ ਵਿਚੋਂ ਮਿੱਟੀ ਅਤੇ ਰੇਤ ਨਾਲ ਭਰੇ ਲੰਘਦੇ ਟਿੱਪਰਾਂ ਦੀ ਆਵਾਜਾਈ ਤੋਂ ਤੰਗ-ਪ੍ਰੇਸ਼ਾਨ ਹੋ ਕੇ ਬੀਤੀ ਸ਼ਾਮ ਕਾਠਗਡ਼੍ਹ ਦੀ ਪੰਚਾਇਤ ਤੇ ਵਸਨੀਕਾਂ ਨੇ ਟਿੱਪਰਾਂ ਨੂੰ ਘੇਰ ਲਿਆ ਅਤੇ ਪੁਲਸ ਦੇ ਭਰੋਸੇ ਤੋਂ ਬਾਅਦ ਟਿੱਪਰਾਂ ਨੂੰ ਜਾਣ ਦਿੱਤਾ। ਜਾਣਕਾਰੀ ਦਿੰਦਿਆਂ ਸਰਪੰਚ ਗੁਰਨਾਮ ਸਿੰਘ, ਪੰਚ ਸੁਨੀਤਾ ਮਹੰਤ, ਬੌਬੀ ਅਨੰਦ, ਗੁਲਸ਼ਨ ਜੋਸ਼ੀ, ਕੁਲਦੀਪ ਕੁਮਾਰ ਕਾਲਾ, ਗੁਰਮੀਤ ਸਰਪੰਚ ਬਾਲੇਵਾਲ, ਗੌਰਵ ਅਨੰਦ, ਬਲਵੀਰ ਕੁਮਾਰ, ਅਕਾਸ਼ ਅਨੰਦ ਤੇ ਦੁਕਾਨਦਾਰਾਂ ਨੇ ਦੱਸਿਆ ਕਿ ਲੰਮੇ ਸਮੇਂ ਤੋਂ ਕਾਠਗਡ਼੍ਹ ਦੀ ਮਾਰਕੀਟ ਵਿਚੋਂ ਹਾਈਵੇ ਵੱਲ ਮਿੱਟੀ ਤੇ ਰੇਤ ਦੇ ਵੱਡੀ ਗਿਣਤੀ ਵਿਚ ਭਰੇ ਜਾਂਦੇ ਟਿੱਪਰਾਂ ਦੀ ਆਵਾਜਾਈ ਕਾਰਨ ਕਸਬੇ ਦੇ ਦੁਕਾਨਦਾਰ ਤੇ ਆਮ ਲੋਕ ਬਹੁਤ ਪ੍ਰੇਸ਼ਾਨ ਹਨ ਕਿਉਂਕਿ ਟਿੱਪਰਾਂ ਦੀ ਤੇਜ਼ ਸਪੀਡ ਨਾਲ ਜਿਥੇ ਹਾਦਸਿਆਂ ਦਾ ਡਰ ਹੈ, ਉਥੇ ਹੀ ਉੱਡਦੀ ਧੂਡ਼ ਕਾਰਨ ਦੁਕਾਨਾਂ ਅੰਦਰ ਪਿਆ ਲੱਖਾਂ ਰੁਪਏ ਦਾ ਸਾਮਾਨ ਗੰਦਾ ਹੋ ਰਿਹਾ ਹੈ ਜਦਕਿ ਟਿੱਪਰਾਂ ਕਰ ਕੇ ਹਾਈਵੇ ਨਾਲ ਜੋਡ਼ਦੀ ਕਸਬੇ ਦੀ ਮੇਨ ਸਡ਼ਕ ਵੀ ਕੁਝ ਥਾਵਾਂ ਤੋਂ ਟੁੱਟਣੀ ਸ਼ੁਰੂ ਹੋ ਗਈ ਹੈ ਤੇ ਕਸਬੇ ਵਿਚ ਟਿੱਪਰਾਂ ਕਾਰਨ ਜਾਮ ਵਾਲੀ ਸਥਿਤੀ ਬਣੀ ਰਹਿੰਦੀ ਹੈ। ਛੋਟੇ ਵਾਹਨ ਚਾਲਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਦੱਸਿਆ ਕਿ ਓਵਰਲੋਡ ਟਿੱਪਰਾਂ ਨੂੰ ਚਾਲਕਾਂ ਵੱਲੋਂ ਢਕਿਆ ਵੀ ਨਹੀਂ ਜਾਂਦਾ, ਜਿਸ ਨਾਲ ਦਿਨ-ਰਾਤ ਮਿੱਟੀ ਉੱਡਦੀ ਰਹਿੰਦੀ ਹੈ ਜਿਨ੍ਹਾਂ ’ਤੇ ਪੁਲਸ ਪ੍ਰਸ਼ਾਸਨ ਵੱਲੋਂ ਵੀ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ। ਦੇਰ ਸ਼ਾਮ 7 ਵਜੇ ਤੋਂ ਲੈ ਕੇ ਕਰੀਬ ਸਾਢੇ ਅੱਠ ਵਜੇ ਤੱਕ ਜਦੋਂ ਮਿੱਟੀ ਨਾਲ ਭਰੇ ਅਤੇ ਖਾਲੀ ਟਿੱਪਰਾਂ ਨੂੰ ਉਨ੍ਹਾਂ ਨਾ ਜਾਣ ਦਿੱਤਾ ਤਾਂ ਥਾਣਾ ਕਾਠਗਡ਼੍ਹ ਤੋਂ ਏ. ਐੱਸ. ਆਈ. ਰਾਮਪਾਲ ਤੇ ਹੌਲਦਾਰ ਜੁਝਾਰ ਸਿੰਘ ਨੇ ਪੰਚਾਇਤ ਤੇ ਕਸਬਾ ਵਾਸੀਆਂ ਨੂੰ ਕਾਰਵਾਈ ਦਾ ਭਰੋਸਾ ਦਿਵਾਉਣ ਤੋਂ ਬਾਅਦ ਟਿੱਪਰਾਂ ਨੂੰ ਜਾਣ ਦਿੱਤਾ। ਬਿਨਾਂ ਕਾਗਜ਼-ਪੱਤਰਾਂ ਦੇ ਦੌੜਦੇ ਹਨ ਟਿੱਪਰ ਇਸ ਦੌਰਾਨ ਕਸਬੇ ਦੇ ਕੁਲਦੀਪ ਕੁਮਾਰ ਕਾਲਾ ਨੇ ਦੱਸਿਆ ਕਿ ਜਦੋਂ ਰੋਕੇ ਗਏ ਟਿੱਪਰ ਚਾਲਕਾਂ ਤੋਂ ਕਾਗਜ਼-ਪੱਤਰ ਅਤੇ ਡਰਾਈਵਿੰਗ ਲਾਇਸੈਂਸ ਦਿਖਾਉਣ ਲਈ ਮੰਗੇ ਤਾਂ ਉਹ ਕੋਈ ਕਾਗਜ਼ਾਤ ਤੇ ਡਰਾਈਵਿੰਗ ਲਾਇਸੈਂਸ ਨਾ ਦਿਖਾ ਸਕੇ। ਉਨ੍ਹਾਂ ਦੱਸਿਆ ਕਿ ਟਿੱਪਰ ਚਾਲਕਾਂ ਦੀ ਲਾਪ੍ਰਵਾਹੀ ਕਾਰਨ ਕਈ ਬੇਸਹਾਰਾ ਪਸ਼ੂ ਵੀ ਹਾਦਸਿਆਂ ਦੇ ਸ਼ਿਕਾਰ ਹੋ ਚੁੱਕੇ ਹਨ। ਰਾਤ 8 ਤੋਂ ਸਵੇਰੇ 6 ਵਜੇ ਤੱਕ ਜਾਣਗੇ ਮਿੱਟੀ ਦੇ ਟਿੱਪਰ : ਥਾਣਾ ਮੁਖੀ ਇਸ ਸਬੰਧੀ ਜਦੋਂ ਕਾਠਗਡ਼੍ਹ ਦੇ ਥਾਣਾ ਮੁਖੀ ਜਾਗਰ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਬਣ ਰਹੇ ਹਾਈਵੇ ’ਤੇ ਮਿੱਟੀ ਪਵਾਉਣ ਵਾਲੇ ਠੇਕੇਦਾਰ ਨੂੰ ਬੁਲਾ ਕੇ ਪੰਚਾਇਤ ਦੇ ਕਹਿਣ ਮੁਤਾਬਕ ਟਿੱਪਰਾਂ ਦੇ ਲੰਘਣ ਦਾ ਸਮਾਂ ਰਾਤ 8 ਵਜੇ ਤੋਂ ਸਵੇਰੇ 9 ਵਜੇ ਤੱਕ ਫਿਕਸ ਕੀਤਾ ਗਿਆ ਹੈ ਪਰ ਜਿਹਡ਼ਾ ਵੀ ਟਿੱਪਰ ਇਸ ਸਮੇਂ ਤੋਂ ਪਹਿਲਾਂ ਜਾਂ ਬਾਅਦ ’ਚ ਲੰਘੇਗਾ, ਉਸ ’ਤੇ ਬਣਦੀ ਕਾਰਵਾਈ ਕੀਤੀ ਜਾਵੇਗੀ। ਇਸ ਤੋਂ ਇਲਾਵਾ ਕਸਬੇ ਦੀ ਸਡ਼ਕ ਵਿਚ ਠੇਕੇਦਾਰ ਨੂੰ 3 ਸਪੀਡ ਬ੍ਰੇਕਰ ਵੀ ਬਣਾਉਣ ਦੇ ਆਦੇਸ਼ ਦਿੱਤੇ ਗਏ ਹਨ।
ਆਰ. ਟੀ. ਪੀ. ਕੰਟਰੈਕਟਰ ਵਰਕਰਜ਼ ਯੂਨੀਅਨ ਦੀ ਭਰਵੀਂ ਇਕੱਤਰਤਾ
NEXT STORY