ਜਲੰਧਰ (ਪੁਨੀਤ)- ਔਰਤਾਂ ਦੇ ਮੁਫ਼ਤ ਸਫ਼ਰ ਦੇ 7 ਮਹੀਨਿਆਂ ਤੋਂ ਚੱਲੇ ਆ ਰਹੇ ਪੁਰਾਣੇ ਬਿੱਲ 300 ਕਰੋੜ ਦਾ ਅੰਕੜਾ ਪਾਰ ਕਰ ਚੁੱਕੇ ਹਨ ਅਤੇ 9 ਦਿਨਾਂ ਬਾਅਦ ਮਹੀਨਾ ਖ਼ਤਮ ਹੋਣ ਤੋਂ ਬਾਅਦ ਅਗਲੇ ਬਿੱਲ ਬਣਨ ਦੀ ਪ੍ਰਕਿਰਿਆ ਸ਼ੁਰੂ ਹੋ ਜਾਵੇਗੀ। ਇੰਨੀ ਵੱਡੀ ਰਕਮ ਖੜ੍ਹੀ ਹੋਣ ਦੇ ਬਾਵਜੂਦ ਮਹਿਕਮੇ ਵੱਲੋਂ 6ਵੇਂ ਹਿੱਸੇ ਦੇ ਲਗਭਗ ਬਣਦੇ 59 ਕਰੋੜ ਰੁਪਏ ਜਾਰੀ ਕੀਤੇ ਗਏ। ਇਸ ਵਿਚ ਮਜ਼ੇ ਦੀ ਗੱਲ ਇਹ ਹੈ ਕਿ 7 ਮਹੀਨਿਆਂ ਬਾਅਦ ਰਿਲੀਜ਼ ਹੋਏ 59 ਕਰੋੜ ਰੁਪਿਆਂ ਵਿਚੋਂ 30 ਕਰੋੜ ਰੁਪਏ ਮਹਿਕਮੇ ਵੱਲੋਂ ਖ਼ਰਚ ਵੀ ਕਰ ਦਿੱਤੇ ਗਏ ਹਨ, ਜਦਕਿ ਕਈ ਅਹਿਮ ਖ਼ਰਚ ਹੋਣੇ ਬਾਕੀ ਹਨ। ਚੰਨੀ ਸਰਕਾਰ ਸਮੇਂ ਨਵੰਬਰ ਮਹੀਨੇ ਤੋਂ ਔਰਤਾਂ ਦੇ ਬਿੱਲਾਂ ਦਾ ਭੁਗਤਾਨ ਨਹੀਂ ਪਾ ਸਕਿਆ ਸੀ, ਜਿਸ ਕਾਰਨ ਵਿਭਾਗ ਵੱਲੋਂ ਵਾਰ-ਵਾਰ ਬੇਨਤੀ ਕਰ ਕੇ ਰਾਸ਼ੀ ਰਿਲੀਜ਼ ਕਰਵਾਉਣ ਦੀਆਂ ਕੋਸ਼ਿਸ਼ਾਂ ਕੀਤੀਆ ਜਾ ਰਹੀਆਂ ਸਨ। ਸਰਕਾਰ ਬਦਲਣ ਤੋਂ ਬਾਅਦ ਵਿਭਾਗੀ ਅਧਿਕਾਰੀਆਂ ਨੇ ਨਵੇਂ ਟਰਾਂਸਪੋਰਟ ਮੰਤਰੀ ਦੇ ਸਾਹਮਣੇ ਵੀ ਇਹ ਮਾਮਲਾ ਉਠਾਇਆ ਪਰ ਬਿੱਲਾਂ ਦੀ ਰਕਮ ਰਿਲੀਜ਼ ਹੋਣ ਦਾ ਕੰਮ ਲਟਕਦਾ ਰਿਹਾ। ਫੰਡ ਨਾ ਹੋਣ ਕਾਰਨ ਮਹਿਕਮੇ ਵੱਲੋਂ ਠੇਕੇ ਅਤੇ ਆਊਟਸੋਰਸ ਕਰਮਚਾਰੀਆਂ ਦੀ ਤਨਖਾਹ ਜਾਰੀ ਨਹੀਂ ਕੀਤੀ ਜਾ ਸਕੀ।
ਇਹ ਵੀ ਪੜ੍ਹੋ: ਨਸ਼ਾ ਸਮੱਗਲਰ ਨੂੰ ਛੱਡਣ ਦੀ ਸਿਫ਼ਾਰਸ਼ ਕਰਨੀ ਨਾਮੀ ਆਗੂ ਨੂੰ ਪਈ ਮਹਿੰਗੀ, ਪੁਲਸ ਅਧਿਕਾਰੀ ਨੇ ਸਿਖਾਇਆ ਸਬਕ
ਲਗਭਗ 18 ਦਿਨਾਂ ਬਾਅਦ ਵੀ ਤਨਖਾਹ ਨਾ ਮਿਲਣ ਕਾਰਨ ਨਾਰਾਜ਼ ਰੋਡਵੇਜ਼-ਪਨਬੱਸ ਯੂਨੀਅਨ ਦੇ ਕਰਮਚਾਰੀਆਂ ਵੱਲੋਂ ਬੱਸਾਂ ਦਾ ਚੱਕਾ ਜਾਮ ਕਰ ਦਿੱਤਾ ਗਿਆ, ਜਿਸ ਤੋਂ ਬਾਅਦ ਕਾਹਲੀ-ਕਾਹਲੀ ਵਿਚ ਮਹਿਕਮੇ ਨੇ 59 ਕਰੋੜ ਰੁਪਏ ਦੀ ਰਾਸ਼ੀ ਰਿਲੀਜ਼ ਕਰ ਦਿੱਤੀ। ਇਸ ਵਿਚੋਂ 26 ਕਰੋੜ ਰੁਪਏ ਰੋਡਵੇਜ਼-ਪਨਬੱਸ ਦੇ ਖਾਤੇ ਵਿਚ ਆਏ, ਜਦੋਂ ਕਿ ਪੀ. ਆਰ. ਟੀ. ਸੀ. ਨੂੰ ਆਪਣੇ ਬਿੱਲਾਂ ਵਿਚੋਂ 33 ਕਰੋੜ ਰੁਪਏ ਦਾ ਭੁਗਤਾਨ ਹੋਇਆ। ਮਹਿਕਮੇ ਵੱਲੋਂ ਤਨਖ਼ਾਹ ਆਦਿ ’ਤੇ ਖ਼ਰਚ ਕਰਨ ਤੋਂ ਬਾਅਦ ਇਸ ਵਿਚੋਂ 30 ਕਰੋੜ ਰੁਪਏ ਇਕੋ ਝਟਕੇ ਵਿਚ ਉੱਡ ਗਏ। ਅਧਿਕਾਰੀਆਂ ਮੁਤਾਬਕ ਰੋਡਵੇਜ਼-ਪਨਬੱਸ ਕਰਮਚਾਰੀਆਂ ਦੀ ਤਨਖ਼ਾਹ 7 ਕਰੋੜ, ਜਦਕਿ ਪੀ. ਆਰ.ਟੀ. ਸੀ. ਦੀ ਤਨਖ਼ਾਹ 14 ਕਰੋੜ ਦੇ ਕਰੀਬ ਬਣਦੀ ਹੈ। ਪਿਛਲੇ ਸਮੇਂ ਦੌਰਾਨ ਰਾਸ਼ੀ ਨਾ ਹੋਣ ਕਾਰਨ ਰੋਡਵੇਜ਼ ਵੱਲੋਂ ਆਪਣੀ ਐੱਫ਼. ਡੀ. (ਫਿਕਸ ਡਿਪਾਜ਼ਿਟ) ਦੀ ਵਰਤੋਂ ਕਰਕੇ ਕਰਮਚਾਰੀਆਂ ਨੂੰ ਤਨਖ਼ਾਹਾਂ ਦਿੱਤੀਆਂ ਗਈਆਂ ਸਨ। ਇਸ ਵਾਰ ਮਹਿਕਮੇ ਕੋਲ ਅਜਿਹਾ ਕੋਈ ਬਦਲ ਨਾ ਹੋਣ ਕਾਰਨ ਤਨਖ਼ਾਹਾਂ ਜਾਰੀ ਕਰਨ ਵਿਚ ਮੁਸ਼ਕਿਲ ਪੇਸ਼ ਆ ਰਹੀ ਸੀ। ਮਹਿਕਮੇ ਨੇ ਫੰਡ ਰਿਲੀਜ਼ ਹੋਣ ਤੋਂ ਬਾਅਦ ਤਨਖ਼ਾਹ ਠੇਕੇਦਾਰਾਂ ਅਤੇ ਆਪਣੇ ਅਧੀਨ ਰੱਖੇ ਗਏ ਕੰਟੈਕਟ ਵਰਕਰਾਂ ਦੇ ਖਾਤਿਆਂ ਵਿਚ ਪਾ ਦਿੱਤੀ। ਉਥੇ ਹੀ, ਉਧਾਰ ਲਏ ਜਾ ਰਹੇ ਡੀਜ਼ਲ ਦੇ ਕਰੋੜਾਂ ਰੁਪਏ ਦੇ ਬਿੱਲਾਂ ਵਿਚੋਂ ਕੁਝ ਦਾ ਭੁਗਤਾਨ ਅਤੇ ਹੋਰ ਖਰਚ ਕਰ ਕੇ ਵਿਭਾਗ ਵੱਲੋਂ 30 ਕਰੋੜ ਰੁਪਏ ਇਕੋ ਝਟਕੇ ਵਿਚ ਉਡਾ ਦਿੱਤੇ ਗਏ ਹਨ।
ਦੱਸਿਆ ਜਾ ਰਿਹਾ ਹੈ ਕਿ ਉਧਾਰ ਲਏ ਡੀਜ਼ਲ ਦੇ ਬਿੱਲਾਂ ਦਾ ਪੂਰਾ ਭੁਗਤਾਨ ਅਜੇ ਨਹੀਂ ਹੋ ਸਕਿਆ। ਸੂਤਰ ਦੱਸਦੇ ਹਨ ਕਿ ਪੂਰਾ ਭੁਗਤਾਨ ਕਰਨ ’ਤੇ ਭੰਬਲਭੂਸਾ ਬਣਿਆ ਹੋਇਆ ਹੈ। ਉਥੇ ਹੀ, ਅਹਿਮ ਗੱਲ ਇਹ ਹੈ ਕਿ ਮਹਿਕਮੇ ਵੱਲੋਂ 30 ਕਰੋੜ ਰੁਪਏ ਖਰਚ ਕਰਨ ਤੋਂ ਬਾਅਦ ਵੀ ਕਈ ਅਹਿਮ ਕੰਮ ਅਜੇ ਪੈਂਡਿੰਗ ਚੱਲ ਰਹੇ ਹਨ, ਜਿਨ੍ਹਾਂ ਉਪਰ ਖਰਚ ਹੋਣਾ ਸੰਭਵ ਨਹੀਂ ਲੱਗ ਰਿਹਾ। ਇਸ ਵਿਚੋਂ ਮੁੱਖ ਰੂਪ ਵਿਚ ਬੱਸਾਂ ਦੇ ਟਾਇਰ ਬਦਲਣੇ, ਬੱਸਾਂ ਦੀ ਦੇਖ-ਰੇਖ ਆਦਿ ਸ਼ਾਮਲ ਹਨ। ਅਜੇ ਮਹਿਕਮੇ ਦੀ ਜੇਬ ਵਿਚ ਕਰੋੜਾਂ ਰੁਪਏ ਦੀ ਰਾਸ਼ੀ ਬਚੀ ਹੋਈ ਹੈ ਅਤੇ ਦੇਖਣਾ ਹੋਵੇਗਾ ਕਿ ਇਸ ਨੂੰ ਖਰਚ ਕਰਨ ਸਮੇਂ ਕਿਹੜੇ-ਕਿਹੜੇ ਕੰਮਾਂ ਨੂੰ ਜ਼ਿਆਦਾ ਤਰਜੀਹ ਦਿੱਤੀ ਜਾਵੇਗੀ। ਚਾਲਕ ਦਲਾਂ ਦਾ ਕਹਿਣਾ ਹੈ ਕਿ ਬੱਸਾਂ ਦੇ ਸ਼ੀਸ਼ੇ ਬਦਲਣ ਦੀ ਲੋੜ ਹੈ ਪਰ ਇਸ ’ਤੇ ਮੋਟਾ ਖਰਚ ਆਵੇਗਾ, ਇਸ ਲਈ ਇਸ ਨੂੰ ਲਟਕਾਇਆ ਜਾ ਸਕਦਾ ਹੈ। ਇਸ ਤੋਂ ਇਲਾਵਾ ਛੋਟੇ-ਛੋਟੇ ਖਰਚਿਆਂ ਦੀ ਗੱਲ ਕੀਤੀ ਜਾਵੇ ਤਾਂ ਫੰਡ ਦੀ ਘਾਟ ਵਿਚ ਵਿਭਾਗ ਵੱਲੋਂ ਆਪਣੇ ਗੇਟ ਦੇ ਬਾਹਰ ਲੱਗੇ ਬੋਰਡ ਬਦਲਵਾਉਣ ਦਾ ਕੰਮ ਵੀ ਲਟਕਾਇਆ ਜਾ ਰਿਹਾ ਹੈ। ਨਵੇਂ ਵਿਅਕਤੀ ਨੇ ਡਿਪੂ ਵਿਚ ਜਾਣਾ ਹੋਵੇ ਤਾਂ ਬੋਰਡ ਦੇ ਖਰਾਬ ਹਾਲਾਤ ਕਾਰਨ ਉਸ ’ਤੇ ਆਸਾਨੀ ਨਾਲ ਨਜ਼ਰ ਨਹੀਂ ਜਾਂਦੀ।
ਇਹ ਵੀ ਪੜ੍ਹੋ: ਜਲੰਧਰ: ਪਰਿਵਾਰ ਲਈ ਕਾਲ ਬਣ ਕੇ ਆਇਆ ਮੀਂਹ, ਕੰਧ ਡਿੱਗਣ ਕਾਰਨ ਨਨਾਣ-ਭਰਜਾਈ ਦੀ ਮੌਤ
21 ਕਰੋੜ ਤਨਖ਼ਾਹ ਦੇਣ ਤੋਂ ਬਾਅਦ ਫਿਰ ਸ਼ੁਰੂ ਹੋ ਜਾਵੇਗੀ ਕਿੱਲਤ
9 ਦਿਨਾਂ ਬਾਅਦ ਮਹੀਨਾ ਖ਼ਤਮ ਹੋ ਜਾਵੇਗਾ ਅਤੇ ਉਸ ਦੇ ਬਾਅਦ ਮਹਿਕਮੇ ਨੇ ਦੋਬਾਰਾ 21 ਕਰੋੜ ਦੀ ਤਨਖ਼ਾਹ ਜਾਰੀ ਕਰਨੀ ਹੈ। ਮਹਿਕਮੇ ਦੇ ਅਧਿਕਾਰੀ ਕਹਿੰਦੇ ਹਨ ਕਿ ਇਸ ਵਾਰ ਤਨਖ਼ਾਹ ਸਮੇਂ ’ਤੇ ਜਾਰੀ ਕਰਨ ਨੂੰ ਪਹਿਲ ਦਿੱਤੀ ਜਾਵੇਗੀ ਕਿਉਂਕਿ ਜੁਲਾਈ ਵਿਚ ਤਨਖ਼ਾਹ ਦੇਣ ਵਿਚ ਫਿਰ ਤੋਂ ਮੁਸ਼ਕਿਲ ਆ ਸਕਦੀ ਹੈ। ਜੂਨ ਮਹੀਨੇ ਤਨਖਾਹ ਸਮੇਂ ਸਿਰ ਦਿੱਤੀ ਹੋਵੇਗੀ ਤਾਂ ਜੁਲਾਈ ਵਿਚ ਦੇਰੀ ਹੋਣ ’ਤੇ ਕਰਮਚਾਰੀਆਂ ਨੂੰ ਕੁਝ ਹਫਤਿਆਂ ਤੱਕ ਸ਼ਾਂਤ ਰੱਖਣਾ ਆਸਾਨ ਹੋਵੇਗਾ। ਵਿਭਾਗੀ ਅਧਿਕਾਰੀਆਂ ਦੀਆਂ ਗੱਲਾਂ ਤੋਂ ਸਾਫ਼ ਨਜ਼ਰ ਆ ਰਿਹਾ ਹੈ ਕਿ ਉਨ੍ਹਾਂ ਨੂੰ ਭਵਿੱਖ ਹਨੇਰਮਈ ਲੱਗ ਰਿਹਾ ਹੈ। ਇਸੇ ਲਈ ਉਹ ਆਉਣ ਵਾਲੇ ਸਮੇਂ ਵਿਚ ਹੋਣ ਵਾਲੀ ਫੰਡ ਦੀ ਘਾਟ ਨੂੰ ਪਹਿਲਾਂ ਹੀ ਸੋਚ ਕੇ ਚੱਲ ਰਹੇ ਹਨ। ਨਾਂ ਨਾ ਦੱਸਣ ਦੀ ਸੂਰਤ ਵਿਚ ਇਕ ਅਧਿਕਾਰੀ ਨੇ ਕਿਹਾ ਕਿ ਸਰਕਾਰ ਨੂੰ ਇਸ ਪ੍ਰਤੀ ਧਿਆਨ ਦੇਣਾ ਚਾਹੀਦਾ ਹੈ ਕਿਉਂਕਿ ਮਹਿਕਮੇ ਦੀ ਹਾਲਤ ਬੇਹੱਦ ਤਰਸਯੋਗ ਹੈ।
ਇਹ ਵੀ ਪੜ੍ਹੋ: ਜਿਸ ਬੋਰਵੈੱਲ 'ਚ ਡਿੱਗ ਕੇ 6 ਸਾਲਾ 'ਰਿਤਿਕ ਰੌਸ਼ਨ' ਨੇ ਗੁਆਈ ਸੀ ਜਾਨ, ਉਸ ਦੇ ਮਾਲਕ ਖ਼ਿਲਾਫ਼ ਹੋਈ ਵੱਡੀ ਕਾਰਵਾਈ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਬਾਘਾ ਪੁਰਾਣਾ ਦੇ ਪਿੰਡਾਂ ’ਚ ਸਥਿਤੀ ਬੇਕਾਬੂ ਹੋਣ ਲੱਗੀ, 2 ਮਹੀਨਿਆਂ ’ਚ 3 ਨੌਜਵਾਨਾਂ ਕਥਿਤ ਤੌਰ ’ਤੇ ਚਿੱਟੇ ਨਾਲ ਮੌਤ
NEXT STORY