ਪਟਿਆਲਾ (ਜੋਸਨ, ਬਲਜਿੰਦਰ, ਪਰਮੀਤ, ਰਾਣਾ)—ਅਕਾਲੀ ਦਲ ਦੇ ਜਨਰਲ ਸਕੱਤਰ ਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਚੋਣ ਕਮਿਸ਼ਨ ਨੂੰ ਚੋਣ ਮੈਨੀਫੈਸਟੋ ਵਿਚ ਕੀਤੇ ਵਾਅਦੇ ਪੂਰੇ ਨਾ ਕਰਨ ਵਾਲੀ ਹਰ ਪਾਰਟੀ ਦੀ ਮਾਨਤਾ ਰੱਦ ਕਰ ਦੇਣੀ ਚਾਹੀਦੀ ਹੈ। ਚੋਣ ਮੈਨੀਫੈਸਟੋ ਨੂੰ ਕਾਨੂੰਨੀ ਰੂਪ ਦੇਣਾ ਚਾਹੀਦਾ ਹੈ ਤਾਂ ਜੋ ਕਾਂਗਰਸ ਵਰਗੀਆਂ ਪਾਰਟੀਆਂ ਲੋਕਾਂ ਤੇ ਨੌਜਵਾਨਾਂ ਨਾਲ ਧੋਖਾ ਨਾ ਕਰ ਸਕਣ। ਮਜੀਠੀਆ ਅੱਜ ਇਥੇ ਮੁੱਖ ਮੰਤਰੀ ਦੇ ਸ਼ਹਿਰ ਵਿਚ 'ਕੈਪਟਨ ਦੇ ਫੋਨਾਂ ਦੀ ਝੂਠੀ ਹੱਟੀ' ਖੋਲ੍ਹ ਕੇ ਮੋਬਾਇਲ ਦੀਆਂ ਡੰਮੀਆਂ ਵੰਡਣ ਤੋਂ ਬਾਅਦ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰ ਰਹੇ ਸਨ।
ਮਜੀਠੀਆ ਨੇ ਪਾਰਟੀਆਂ ਦੇ ਬਣ ਰਹੇ ਗਠਜੋੜ ਨੂੰ ਕਾਂਗਰਸ ਦੀ 'ਬੀ' ਟੀਮ ਐਲਾਨਦਿਆਂ ਕਿਹਾ ਕਿ ਇਹ ਗਠਜੋੜ ਦੀ ਚਾਬੀ ਕਾਂਗਰਸ ਕੋਲ ਹੈ। ਉਹ ਰਬੜ ਦੀ ਗੁੱਡੀ ਵਾਂਗ ਇਸ ਗਠਜੋੜ ਨੂੰ ਚਲਾਵੇਗੀ। ਹਰ ਘਰ ਨੌਕਰੀ ਤੇ 50 ਲੱਖ ਨੌਜਵਾਨਾਂ ਨੂੰ ਮੋਬਾਇਲ ਫੋਨ ਦਾ ਵਾਅਦਾ ਅੱਜ 2 ਸਾਲ ਵਿਚ ਵੀ ਕਾਂਗਰਸ ਪੂਰਾ ਨਹੀਂ ਕਰ ਸਕੀ ਹੈ। ਨਾ ਹੀ ਇਹ ਪੂਰਾ ਹੋਣਾ ਹੈ। ਘੱਟੋ-ਘੱਟ ਮਾਰਕੀਟ ਵਿਚ ਇਕ ਸਮਾਰਟ ਫੋਨ 3500 ਰੁਪਏ ਦਾ ਮਿਲਦਾ ਹੈ। 50 ਲੱਖ ਫੋਨ 1750 ਕਰੋੜ ਦੇ ਬਣਦੇ ਹਨ। ਇਸ ਦੇ ਨਾਲ 1 ਸਾਲ ਦਾ ਡਾਟਾ ਮੁਫਤ ਦੇਣਾ ਸੀ। ਇਸ ਲਈ ਕਾਂਗਰਸ ਨੂੰ 2700 ਕਰੋੜ ਰੁਪਏ ਚਾਹੀਦੇ ਹਨ। ਵਿੱਤ ਮੰਤਰੀ ਕਹਿੰਦੇ ਹਨ ਕਿ ਉਨ੍ਹਾਂ ਕੋਲ ਤਾਂ 2500 ਰੁਪਏ ਨਹੀਂ ਹਨ। ਇਸ ਲਈ ਇਹ ਵਾਅਦੇ ਕਦੇ ਵੀ ਪੂਰੇ ਨਹੀਂ ਹੋ ਸਕਦੇ। ਅੱਜ ਅਸੀਂ ਇਥੇ ਕੈਪਟਨ ਅਮਰਿੰਦਰ ਦੇ ਚੋਣ ਮੈਨੀਫੈਸਟੋ ਦਾ ਜਨਾਜ਼ਾ ਕੱਢਿਆ ਹੈ। ਯੂਥ ਅਕਾਲੀ ਦਲ ਪੰਜਾਬ ਦੇ ਪਿੰਡ-ਪਿੰਡ ਤੇ ਗਲੀ-ਗਲੀ ਕਾਂਗਰਸ ਦੀ ਪੋਲ ਖੋਲ੍ਹੇਗਾ। ਮਜੀਠੀਆ ਨੇ ਦੱਸਿਆ ਕਿ ਅਮਰਿੰਦਰ ਨੇ ਕਿਹਾ ਸੀ ਕਿ ਸਾਡੀ ਸਰਕਾਰ ਬਣਦੇ ਹੀ ਕਿਸਾਨ ਦੇ ਹਰ ਤਰ੍ਹਾਂ ਦੇ ਕਰਜ਼ੇ 'ਤੇ ਲਕੀਰ ਫੇਰ ਦਿੱਤੀ ਜਾਵੇਗੀ। ਇਹ ਕਰਜ਼ਾ 90 ਹਜ਼ਾਰ ਕਰੋੜ ਬਣਦਾ ਸੀ। ਅੱਜ ਕਿਸਾਨ ਖੁਦਕੁਸ਼ੀ ਕਰ ਰਿਹਾ ਹੈ ਤੇ ਕਾਂਗਰਸ ਨੂੰ ਕੋਸ ਰਿਹਾ ਹੈ। ਉਨ੍ਹਾਂ ਕਿਹਾ ਕਿ ਚੋਣ ਕਮਿਸ਼ਨ ਨੂੰ ਵਾਅਦੇ ਨਾ ਪੂਰੇ ਕਰਨ ਵਾਲੀ ਸਰਕਾਰ ਦੀ ਮਾਨਤਾ ਹੀ ਰੱਦ ਕਰ ਦੇਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਅਮਰਿੰਦਰ ਅੱਜ ਪੰਜਾਬ ਦੇ ਲੋਕਾਂ ਨੂੰ ਵਾਅਦੇ ਪੂਰੇ ਕਰ ਕੇ ਦੇਣ ਜਾਂ ਫਿਰ ਅਸਤੀਫਾ ਦੇ ਦੇਣ। ਅਸੀਂ ਚੋਣ ਮੈਨੀਫੈਸਟੋ ਦੇ ਸਾਰੇ ਵਾਅਦੇ ਪੂਰੇ ਕੀਤੇ। ਕਿਸਾਨਾਂ ਨੂੰ ਬਿਜਲੀ ਮੁਫਤ ਦਿੱਤੀ। ਇਸ ਦੇ ਨਾਲ ਹੀ ਆਟਾ-ਦਾਲ ਸਕੀਮ ਨੂੰ ਸਾਰੇ ਪੰਜਾਬ ਵਿਚ ਲਾਗੂ ਕੀਤਾ।
ਇਸ ਦੌਰਾਨ ਮਜੀਠੀਆ ਕੈਪਟਨ ਰਮਨਿੰਦਰ ਨੂੰ ਆਪਣੇ ਨਾਲ ਲੈ ਕੇ ਆਏ ਸਨ। ਸਿਟੀ ਸੈਂਟਰ ਵਿਚ 'ਕੈਪਟਨ ਦੇ ਫੋਨਾਂ ਦੀ ਹੱਟੀ' ਦੇ ਬੋਰਡ ਬਣਾ ਕੇ ਸੀ. ਐੈੱਮ. ਕੈਪਟਨ ਅਮਰਿੰਦਰ ਖਿਲਾਫ ਪ੍ਰਦਰਸ਼ਨ ਵੀ ਕਰ ਕੇ ਜ਼ੋਰਦਾਰ ਨਾਅਰੇਬਾਜ਼ੀ ਵੀ ਕੀਤੀ।
ਮਨਪ੍ਰੀਤ ਤੇ ਸਿੱਧੂ ਰਹੇ ਨਿਸ਼ਾਨੇ 'ਤੇ
ਪਟਿਆਲਾ ਫੇਰੀ ਦੌਰਾਨ ਬਿਕਰਮ ਮਜੀਠੀਆ ਦੇ ਨਿਸ਼ਾਨੇ 'ਤੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਤੇ ਨਵਜੋਤ ਸਿੰਘ ਸਿੱਧੂ ਰਹੇ। ਉਨ੍ਹਾਂ ਕਿਹਾ ਕਿ ਚੋਣ ਮੈਨੀਫੈਸਟੋ ਦੇ ਚੇਅਰਮੈਨ ਵੀ ਮਨਪ੍ਰੀਤ ਬਾਦਲ ਸਨ। ਇਸ ਦਾ ਇਕ ਵੀ ਵਾਅਦਾ ਪੂਰਾ ਨਹੀਂ ਕੀਤਾ। ਨਵਜੋਤ ਸਿੰਘ ਸਿੱਧੂ ਤਾਂ ਸਾਰੇ ਵਿਰਾਸਤ-ਏ-ਖਾਲਸਾ ਨੂੰ 'ਚਿੱਟਾ ਹਾਥੀ' ਦਸਦੇ ਰਹੇ। ਬਾਅਦ ਵਿਚ ਇਹ ਕਹਿੰਦੇ ਰਹੇ ਕਿ 'ਵਿਰਾਸਤ-ਏ-ਖਾਲਸਾ' ਦਾ ਨਾਂ ਲਿਮਕਾ ਬੁੱਕ ਵਿਚ ਆ ਗਿਆ ਹੈ।
ਬਹਿਬਲ ਕਲਾਂ ਕਾਂਡ 'ਚ ਅਸੀਂ ਹੀ ਐੈੱਫ. ਆਈ. ਆਰ. ਕੀਤੀ ਸੀ ਦਰਜ
ਮਜੀਠੀਆ ਨੇ ਕਿਹਾ ਕਿ ਬਹਿਬਲ ਕਲਾਂ ਗੋਲੀਕਾਂਡ ਵਿਚ 9 ਵਿਅਕਤੀਆਂ 'ਤੇ ਅਸੀਂ ਹੀ ਐੈੱਫ. ਆਈ. ਆਰ. ਦਰਜ ਕੀਤੀ ਸੀ। ਕੈਪਟਨ ਦੀ ਸਰਕਾਰ ਨੇ ਵਿਚੋਂ ਅੱਧੇ ਮੁਲਜ਼ਮ ਹੀ ਕੱਢ ਦਿੱਤੇ ਹਨ। ਉਨ੍ਹਾਂ ਕਿਹਾ ਕਿ ਕੈਪਟਨ ਇਸ ਮਾਮਲੇ 'ਤੇ ਸਿਆਸਤ ਕਰਨ ਦੀ ਬਜਾਏ ਅਸਲ ਦੋਸ਼ੀਆਂ ਨੂੰ ਸਜ਼ਾ ਦੇਵੇ।
ਮੋਦੀ ਖਿਲਾਫ ਬੋਲਣ ਤੋਂ ਭੱਜੇ ਮਜੀਠੀਆ
ਵਾਅਦਿਆਂ ਦੀ ਗੱਲ ਚਲਦਿਆਂ ਜਦੋਂ ਮਜੀਠੀਆ ਨੂੰ ਯਾਦ ਕਰਵਾਇਆ ਗਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੋੜਵੰਦਾਂ ਦੇ ਖਾਤੇ ਵਿਚ 15 ਲੱਖ ਭੇਜਣ ਦੀ ਗੱਲ ਕਹੀ ਸੀ। ਹੋਰ ਵੀ ਵਾਅਦਿਆਂ ਤੋਂ ਮੋਦੀ ਭਜਦੇ ਨਜ਼ਰ ਆ ਰਹੇ ਹਨ। ਇਸ 'ਤੇ ਮਜੀਠੀਆ ਨੇ ਸਾਰੀ ਗੱਲ ਨੂੰ ਗੋਲ ਕਰਦਿਆਂ ਕਿਹਾ ਕਿ ਕਾਂਗਰਸ ਨੇ ਹੀ ਕੇਂਦਰ ਵਿਚ ਸਾਰਾ ਸਮਾਂ ਰਾਜ ਕੀਤਾ ਹੈ। ਇਸ ਕਾਰਨ ਦੇਸ਼ ਦਾ ਸਿਸਟਮ ਵਿਗੜਿਆ ਪਿਆ ਹੈ। ਮੋਦੀ ਤਾਂ ਸਿਸਟਮ ਨੂੰ ਸੁਧਾਰ ਰਹੇ ਹਨ।
ਪੰਜਾਬ ਕੈਬਨਿਟ ਦਾ ਫੈਸਲਾ, 18 ਫਰਵਰੀ ਨੂੰ ਪੇਸ਼ ਹੋਵੇਗਾ ਬਜਟ
NEXT STORY