ਲੁਧਿਆਣਾ(ਮਹੇਸ਼)-ਬਾਲੀਵੁੱਡ ਦੇ ਦਬੰਗ ਸਲਮਾਨ ਖਾਨ ਤੇ ਐਕਟ੍ਰੈੱਸ ਸ਼ਿਲਪਾ ਸ਼ੈਟੀ 'ਤੇ ਫਿਲਮ ਦੀ ਪ੍ਰਮੋਸ਼ਨ ਲਈ ਇਕ ਟੀ. ਵੀ. ਚੈਨਲ ਨੂੰ ਦਿੱਤੀ ਗਈ ਇੰਟਰਵਿਊ ਦੌਰਾਨ ਦਲਿਤਾਂ ਵਿਰੁੱਧ ਇਤਰਾਜ਼ਯੋਗ ਤੇ ਜਾਤੀਸੂਚਕ ਸ਼ਬਦ ਵਰਤੇ ਜਾਣ ਦਾ ਦੋਸ਼ ਲਾਉਂਦਿਆਂ ਦਲਿਤ ਭਾਈਚਾਰੇ ਨੇ ਦੋਵਾਂ ਖਿਲਾਫ ਕੇਸ ਦਰਜ ਕਰ ਕੇ ਉਨ੍ਹਾਂ ਨੂੰ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਹੈ। ਇਸ ਸਬੰਧੀ ਵੀਰਵਾਰ ਸ਼ਾਮ ਨੂੰ ਵਕੀਲ ਨਰਿੰਦਰ ਆਦੀਆ ਨੇ ਸਲਮਾਨ ਅਤੇ ਸ਼ਿਲਪਾ ਸ਼ੈਟੀ ਵਿਰੁੱਧ ਸਲੇਮ ਟਾਬਰੀ ਪੁਲਸ ਨੂੰ ਸ਼ਿਕਾਇਤ ਦੇ ਕੇ ਇਨ੍ਹਾਂ ਖਿਲਾਫ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ, ਜਦੋਂਕਿ ਇਸ ਤੋਂ ਪਹਿਲਾਂ ਆਦੀਆ ਨੇ ਬਾਲੀਵੁੱਡ ਅਦਾਕਾਰਾ ਰਾਖੀ ਸਾਵੰਤ ਖਿਲਾਫ ਮੋਰਚਾ ਖੋਲ੍ਹਿਆ ਸੀ। ਸ਼ਿਕਾਇਤ 'ਚ ਕਿਹਾ ਗਿਆ ਹੈ ਕਿ ਸਾਲ 2012 ਵਿਚ 'ਟਾਈਗਰ' ਫਿਲਮ ਦੀ ਪ੍ਰਮੋਸ਼ਨ ਦੌਰਾਨ ਦਿੱਤੀ ਗਈ ਇੰਟਰਵਿਊ ਵਿਚ ਦਲਿਤ ਭਾਈਚਾਰੇ ਖਿਲਾਫ ਬੇਇੱਜ਼ਤੀ ਭਰੇ ਸ਼ਬਦਾਂ ਦੀ ਵਰਤੋਂ ਕਰ ਕੇ ਦੋਵਾਂ ਨੇ ਉਨ੍ਹਾਂ ਦੀਆਂ ਭਾਵਨਾਵਾਂ ਨੂੰ ਡੂੰਘੀ ਸੱਟ ਮਾਰੀ ਹੈ। ਆਦੀਆ ਨੇ ਦੱਸਿਆ ਕਿ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਇਸ ਇੰਟਰਵਿਊ ਦੀ ਵੀਡੀਓ ਵਿਚ ਸਲਮਾਨ ਅਤੇ ਸ਼ਿਲਪਾ ਨੇ ਅਨੁਸੂਚਿਤ ਜਾਤੀ ਬਾਰੇ ਭੱਦੇ ਸ਼ਬਦਾਂ ਦੀ ਵਰਤੋਂ ਕੀਤੀ ਹੈ, ਜਿਸ ਨਾਲ ਦਲਿਤ ਭਾਈਚਾਰੇ ਵਿਚ ਰੋਸ ਪੈਦਾ ਹੋ ਗਿਆ ਹੈ। ਨਰਿੰਦਰ ਨੇ ਕਿਹਾ ਕਿ ਭਾਰਤ ਦੇ ਸੰਵਿਧਾਨ ਤੇ ਕਾਨੂੰਨ ਮੁਤਾਬਕ ਇਸ ਸ਼ਬਦ 'ਤੇ ਪਾਬੰਦੀ ਲੱਗੀ ਹੋਈ ਹੈ। ਇਹ ਸ਼ਬਦ ਬੋਲਣਾ ਗੈਰ-ਕਾਨੂੰਨੀ ਤੇ ਜੁਰਮ ਦੇ ਦਾÎਇਰੇ ਵਿਚ ਆਉਂਦਾ ਹੈ। ਸਿੱਖਿਅਤ ਹੋਣ ਦੇ ਬਾਵਜੂਦ ਦੋਵਾਂ ਨੇ ਇਹ ਸ਼ਬਦ ਬੋਲ ਕੇ ਪੂਰੇ ਭਾਰਤ ਦੇ ਦਲਿਤ ਤੇ ਵਾਲਮੀਕਿ ਭਾਈਚਾਰੇ ਦੇ ਲੋਕਾਂ ਨੂੰ ਨੀਵਾਂ ਦਿਖਾਇਆ ਹੈ। ਉਨ੍ਹਾਂ ਕਿਹਾ ਕਿ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਇਹ ਵੀਡੀਓ ਉਨ੍ਹਾਂ ਦੇ ਕੋਲ ਹੈ, ਜੋ ਸਮਾਂ ਆਉਣ 'ਤੇ ਪੁਲਸ ਦੇ ਸਾਹਮਣੇ ਪੇਸ਼ ਕਰਨਗੇ।
ਪੇਸ਼ੀ 'ਤੇ ਆਏ ਹਵਾਲਾਤੀਆਂ ਨੂੰ ਪਰਿਵਾਰ ਵਾਲੇ ਫੜਾਉਂਦੇ ਰਹੇ ਪੈਸੇ ਤੇ ਸਾਮਾਨ
NEXT STORY