ਗੁਰਦਾਸਪੁਰ, (ਹਰਮਨਪ੍ਰੀਤ) : ਸੰਗਰੂਰ ਦੇ ਪਿੰਡ ਭਗਵਾਨਪੁਰ ਵਿਖੇ ਮਾਸੂਮ ਬੱਚੇ ਦੇ ਬੋਰਵੈੱਲ 'ਚ ਡਿੱਗ ਜਾਣ ਦੀ ਦੁਖਦਾਈ ਘਟਨਾ ਨਾਲ ਜਿਥੇ ਇਸ ਬੱਚੇ ਦੇ ਪਰਿਵਾਰ 'ਤੇ ਦੁੱਖ ਦਾ ਵੱਡਾ ਪਹਾੜ ਟੁੱਟਿਆ ਹੈ, ਉਸ ਦੇ ਨਾਲ ਹੀ ਫਤਿਹਵੀਰ ਨਾਂ ਦੇ ਇਸ ਮਾਸੂਮ ਬੱਚੇ ਦੀ ਜਾਨ ਬਚਾਉਣ ਲਈ ਸ਼ੁਰੂ ਕੀਤੇ ਗਏ 'ਮਿਸ਼ਨ ਫਤਿਹ ਨੂੰ 6 ਦਿਨਾਂ 'ਚ ਵੀ ਫਤਿਹ ਨਾ ਕਰ ਸਕਣ ਕਾਰਨ ਪੰਜਾਬ ਸਮੇਤ ਸਮੁੱਚੇ ਦੇਸ਼ ਦੀ ਤਰੱਕੀ ਅਤੇ ਇਸ ਤਕਨੀਕੀ ਯੁੱਗ 'ਚ ਸਮੇਂ ਦੇ ਹਾਣੀ ਬਣਨ ਸਬੰਧੀ ਕਈ ਚਿੰਤਾਜਨਕ ਸਵਾਲ ਖੜ੍ਹੇ ਹੋ ਗਏ ਹਨ।
ਇਸ ਮੌਕੇ ਨਾ ਸਿਰਫ ਪੰਜਾਬ ਦੇ ਲੋਕ ਸਗੋਂ ਸਮੁੱਚਾ ਦੇਸ਼ ਇਸ ਗੱਲ ਨੂੰ ਲੈ ਕੇ ਹੈਰਾਨ ਅਤੇ ਖਫਾ ਹੈ ਕਿ ਚੰਦਰਮਾ ਅਤੇ ਮੰਗਲ ਗ੍ਰਹਿ 'ਤੇ ਪਹੁੰਚਣ ਤੋਂ ਇਲਾਵਾ ਪਰਮਾਣੂ ਬੰਬ ਬਣਾਉਣ ਵਾਲਾ ਭਾਰਤ ਦੇਸ਼ 'ਡਿਜੀਟਲ ਇੰਡੀਆ' ਦੀ ਗੱਲ ਤਾਂ ਕਰ ਰਿਹਾ ਹੈ ਪਰ ਅਜਿਹੇ ਬੋਰਵੈੱਲਾਂ ਦੀ ਖੁਦਾਈ ਕਰਨ ਦੇ ਮਾਮਲੇ 'ਚ ਇਥੇ ਦੀਆਂ ਸਰਕਾਰਾਂ ਅਤੇ ਇੰਜੀਨੀਅਰ ਅੱਜ ਵੀ ਕਈ ਦਹਾਕੇ ਪੁਰਾਣੀਆਂ ਤਕਨੀਕਾਂ 'ਤੇ ਨਿਰਭਰ ਹਨ। ਖਾਸ ਤੌਰ 'ਤੇ ਜਿਸ ਢੰਗ ਨਾਲ ਫਤਿਹਵੀਰ ਨੂੰ ਬਚਾਉਣ ਦੇ ਕਾਰਜਾਂ 'ਚ ਵਾਰ-ਵਾਰ ਰੁਕਾਵਟ ਆਈ ਹੈ ਅਤੇ ਉਸ ਵਿਚ ਕਈ ਗਲਤੀਆਂ ਹੋਈਆਂ ਹਨ। ਉਨ੍ਹਾਂ ਨੂੰ ਲੈ ਕੇ ਆਮ ਲੋਕਾਂ ਅੰਦਰ ਰੋਸ ਦੀ ਲਹਿਰ ਵਧਣੀ ਅਤੇ ਸਰਕਾਰ ਨੂੰ ਕਟਹਿਰੇ 'ਚ ਖੜ੍ਹੇ ਕਰਨਾ ਸੁਭਾਵਿਕ ਹੈ।
ਲੋਕਾਂ ਨੂੰ ਹਜ਼ਮ ਨਹੀਂ ਹੋ ਰਿਹਾ 6 ਦਿਨਾਂ ਦਾ ਲੰਬਾ ਆਪ੍ਰੇਸ਼ਨ
ਇਸ ਵਿਚ ਕੋਈ ਸ਼ੱਕ ਨਹੀਂ ਸੀ ਕਿ ਕਰੀਬ 120 ਫੁੱਟ ਡੂੰਘੇ ਬੋਰਵੈੱਲ 'ਚੋਂ ਬੱਚੇ ਨੂੰ ਬਾਹਰ ਕੱਢਣ ਦਾ ਕੰਮ ਆਸਾਨ ਨਹੀਂ ਹੈ, ਜਿਸ ਲਈ ਸਬੰਧਤ ਪ੍ਰਸ਼ਾਸਨਿਕ ਅਧਿਕਾਰੀ, ਸਮਾਜ ਸੇਵੀ ਜਥੇਬੰਦੀਆਂ ਅਤੇ ਐੱਨ. ਡੀ. ਆਰ. ਐੱਫ. ਦੀ ਟੀਮ ਵੱਲੋਂ ਲਗਾਤਾਰ ਕੋਸ਼ਿਸ਼ ਕੀਤੀ ਗਈ ਹੈ ਪਰ ਜਿਸ ਢੰਗ ਨਾਲ ਇਹ ਸਮੁੱਚਾ ਆਪਰੇਸ਼ਨ 2-3 ਵਾਰ ਦਿਸ਼ਾਹੀਣ ਹੋ ਕੇ ਹੋਰ ਜ਼ਿਆਦਾ ਲੇਟ ਹੁੰਦਾ ਗਿਆ ਹੈ, ਉਸ ਕਾਰਨ ਲੋਕ ਇਸ ਗੱਲ ਨੂੰ ਲੈ ਕੇ ਬੇਹੱਦ ਖਫਾ ਹਨ ਕਿ ਦੇਸ਼ ਅੰਦਰ ਇੰਨੇ ਸੂਝਵਾਨ ਇੰਜੀਨੀਅਰ ਤੇ ਨਵੀਆਂ ਤਕਨੀਕਾਂ ਹੋਣ ਦੇ ਬਾਵਜੂਦ ਇਸ ਆਪ੍ਰੇਸ਼ਨ ਦੌਰਾਨ ਕਈ ਦਹਾਕੇ ਪੁਰਾਣੇ ਢੰਗ-ਤਰੀਕੇ ਹੀ ਅਪਣਾਏ ਗਏ ਹਨ। ਲੋਕਾਂ ਨੂੰ ਇਹ ਗੱਲ ਬਿਲਕੁੱਲ ਹਜ਼ਮ ਨਹੀਂ ਹੋ ਰਹੀ ਕਿ 120 ਫੁੱਟ ਤੱਕ ਪਹੁੰਚਣ ਲਈ 6 ਦਿਨਾਂ ਦਾ ਸਮਾਂ ਲੱਗ ਚੁੱਕਾ ਹੈ। ਹੋਰ ਤੇ ਹੋਰ ਜਦੋਂ ਇਹ ਆਪ੍ਰੇਸ਼ਨ ਬੀਤੇ ਕੱਲ ਦੀ ਸਵੇਰ ਨੂੰ ਹੀ ਸੰਪੰਨ ਹੋਣ ਵਾਲਾ ਸੀ ਤਾਂ ਉਸ ਮੌਕੇ ਇਕ ਪਾਈਪ ਦੇ ਡਿਸਲੋਕੇਟ ਹੋਣ ਦੇ ਬਾਅਦ ਜਿਸ ਢੰਗ ਨਾਲ ਦੁਬਾਰਾ ਲੋਹੇ ਦੀਆਂ ਪਾਈਆਂ ਪਾਉਣ ਲਈ ਲੰਬਾ ਸਮਾਂ ਵਿਅਰਥ ਹੋਇਆ, ਉਸ ਨੂੰ ਲੈ ਕੇ ਵੀ ਲੋਕ ਸਵਾਲ ਚੁੱਕ ਰਹੇ ਸਨ ਕਿ ਪਹਿਲਾਂ ਕਿਸੇ ਨੇ ਅਜਿਹੀ ਸੰਭਾਵਨਾ ਵੱਲ ਕਿਉਂ ਧਿਆਨ ਨਹੀਂ ਦਿੱਤਾ।
ਆਖਰੀ ਪੜਾਅ 'ਤੇ ਹੋਈ ਗਲਤੀ ਨੇ ਵਧਾਇਆ ਲੋਕਾਂ ਦਾ ਰੋਹ
ਇਸ ਮਿਸ਼ਨ ਦੌਰਾਨ ਵਰਤੀ ਗਈ ਤਕਨਾਲੋਜੀ 'ਚ ਕਮੀਆਂ ਦਾ ਅੰਦਾਜ਼ਾ ਇਸ ਗੱਲ ਤੋਂ ਹੀ ਲਾਇਆ ਜਾ ਸਕਦਾ ਹੈ ਕਿ ਜਦੋਂ ਅੱਜ ਚੌਥੇ ਦਿਨ ਇਹ ਮਿਸ਼ਨ ਬਿਲਕੁੱਲ ਆਖਰੀ ਪੜਾਅ 'ਤੇ ਸੀ ਤਾਂ ਨਵੇਂ ਪੁੱਟੇ ਬੋਰਵੈੱਲ ਵਿਚੋਂ ਪੁਰਾਣੇ ਬੋਰਵੈੱਲ ਵਿਚ ਫਤਿਹਵੀਰ ਤੱਕ ਪਹੁੰਚਣ ਲਈ ਬਣਾਈ ਗਈ ਸੁਰੰਗ ਉਸ ਦੀ ਮੌਜੂਦਗੀ ਵਾਲੇ ਸਥਾਨ ਨਾਲੋਂ ਕਰੀਬ 10 ਫੁੱਟ ਹੇਠਾਂ ਬਣਾ ਦਿੱਤੀ ਗਈ। ਲੋਕਾਂ ਅਤੇ ਕਈ ਮਾਹਿਰਾਂ ਦਾ ਇਹ ਕਹਿਣਾ ਹੈ ਕਿ ਤਕਨਾਲੋਜੀ ਦੇ ਅਜੋਕੇ ਦੌਰ 'ਚ ਬੋਰਵੈੱਲਾਂ 'ਚ ਗਿਣਤੀ-ਮਿਣਤੀ ਕਰਨ ਲਈ ਕਈ ਡਿਜੀਟਲ ਤਕਨੀਕਾਂ ਤੋਂ ਇਲਾਵਾ ਮੈਨੂਅਲ ਤਰੀਕੇ ਵੀ ਮੌਜੂਦ ਹਨ ਪਰ ਫਿਰ ਵੀ ਸੁਰੰਗ ਫਤਿਹਵੀਰ ਦੀ ਅਸਲ ਪੁਜ਼ੀਸ਼ਨ ਨਾਲੋਂ ਕਰੀਬ 10 ਫੁੱਟ ਹੇਠਾਂ ਜਾ ਕੇ ਪੁੱਟੀ ਦਿੱਤੀ ਗਈ। ਇਸ ਕਾਰਨ ਜਿਥੇ ਇਹ ਆਪ੍ਰੇਸ਼ਨ ਹੋਰ ਲੰਬਾ ਹੋ ਗਿਆ, ਉਥੇ ਇਸ ਸਾਰੀ ਪ੍ਰਕਿਰਿਆ ਦੌਰਾਨ ਵਰਤੀ ਗਈ ਸੂਝ-ਬੂਝ ਤੇ ਸੰਜੀਦਗੀ ਸਬੰਧੀ ਵੀ ਸੁਆਲ ਉਠ ਰਹੇ ਹਨ।
ਕੀ ਹੈ ਬੋਰ ਕਰਨ ਤੇ ਖੂਹ ਪੁੱਟਣ ਸਬੰਧੀ ਕਾਨੂੰਨ?
ਪੰਜਾਬ ਸਮੇਤ ਦੇਸ਼ ਦੇ ਵੱਖ-ਵੱਖ ਹਿੱਸਿਆਂ ਅੰਦਰ ਅਜਿਹੇ ਬੋਰਵੈੱਲਾਂ 'ਚ ਕਈ ਬੱਚਿਆਂ ਦੇ ਡਿੱਗ ਜਾਣ ਦੇ ਕਈ ਮਾਮਲੇ ਸਾਹਮਣੇ ਆਉਣ ਕਾਰਨ ਹੁਣ ਹਰੇਕ ਜ਼ਿਲੇ 'ਚ ਜ਼ਿਲਾ ਮੈਜਿਸਟ੍ਰੇਟ ਵੱਲੋਂ ਇਹ ਹੁਕਮ ਜਾਰੀ ਕੀਤੇ ਜਾਂਦੇ ਹਨ ਕਿ ਕਿਸੇ ਵੀ ਖੂਹ ਦਾ ਬੋਰ ਕਰਨ ਮੌਕੇ ਬਾਕਾਇਦਾ ਸਬੰਧਤ ਕੰਪਨੀ/ਠੇਕੇਦਾਰ ਵੱਲੋਂ ਉਥੇ ਸੂਚਨਾ ਬੋਰਡ ਲਗਾਇਆ ਜਾਣਾ ਹੁੰਦਾ ਹੈ ਅਤੇ ਬੋਰ ਵਾਲੀ ਜਗ੍ਹਾ ਦੇ ਆਲੇ-ਦੁਆਲੇ ਸੁਰੱਖਿਆ ਦੇ ਵੀ ਪੂਰੇ ਪ੍ਰਬੰਧ ਕੀਤੇ ਜਾਣੇ ਹੁੰਦੇ ਹਨ ਤਾਂ ਜੋ ਕਿ ਬੋਰ ਵਿਚ ਕੋਈ ਬੱਚਾ/ਚੀਜ਼/ਜਾਨਵਰ ਆਦਿ ਨਾ ਡਿੱਗ ਸਕੇ। ਇਹ ਹੁਕਮ ਹਰੇਕ ਤਿੰਨ ਮਹੀਨੇ ਬਾਅਦ ਜਾਰੀ ਕੀਤੇ ਜਾਂਦੇ ਹਨ, ਜਿਸ ਤਹਿਤ ਪੂਰਾ ਸਾਲ ਇਹ ਹੁਕਮ ਲਾਗੂ ਰਹਿੰਦੇ ਹਨ ਪਰ ਇਸ ਦੇ ਬਾਵਜੂਦ ਵੀ ਲੋਕਾਂ ਦੀ ਲਾਪਰਵਾਹੀ ਸਿਖਰ 'ਤੇ ਰਹਿੰਦੀ ਹੈ। ਜਿਨ੍ਹਾਂ ਵੱਲੋਂ ਨਾ ਸਿਰਫ ਇਨ੍ਹਾਂ ਨਿਯਮਾਂ ਦੀਆਂ ਧੱਜੀਆਂ ਉਡਾਈਆਂ ਜਾਂਦੀਆਂ ਹਨ ਸਗੋਂ ਆਪਣੀ ਅਤੇ ਦੂਸਰਿਆਂ ਦੀ ਜ਼ਿੰਦਗੀ ਨਾਲ ਖਿਲਵਾੜ ਵੀ ਕੀਤਾ ਜਾਂਦਾ ਹੈ। ਇਸੇ ਕਾਰਨ ਪੰਜਾਬ ਸਮੇਤ ਹੋਰ ਥਾਵਾਂ 'ਤੇ ਅਜਿਹੀਆਂ ਦੁਖਦਾਈ ਘਟਨਾਵਾਂ ਰੁਕਣ ਦੀ ਬਜਾਏ ਵਧ ਰਹੀਆਂ ਹਨ। ਹੁਣ ਬੇਸ਼ੱਕ ਇਸ ਤਾਜ਼ੇ ਮਾਮਲੇ 'ਚ ਤਾਂ ਬੋਰ ਨੂੰ ਢਕਣ ਦੇ ਮਾਮਲੇ 'ਚ ਸਬੰਧਤ ਪਰਿਵਾਰ ਖਿਲਾਫ ਕਾਰਵਾਈ ਦੀ ਮੰਗ ਨਹੀਂ ਹੋ ਰਹੀ ਪਰ ਲੋਕ ਇਹ ਜ਼ਰੂਰ ਮੰਗ ਕਰ ਰਹੇ ਕਿ ਭਵਿੱਖ 'ਚ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਸਰਕਾਰ ਨੂੰ ਅਜਿਹੀਆਂ ਲਾਪਰਵਾਹੀਆਂ ਕਰਨ ਵਾਲੇ ਲੋਕਾਂ ਵਿਰੁੱਧ ਸ਼ਿਕੰਜਾ ਕੱਸ ਕੇ ਮਿਸਾਲ ਕਾਇਮ ਕਰਨੀ ਚਾਹੀਦੀ ਹੈ।
ਮਾਈਨਿੰਗ ਲਈ ਤਾਂ ਮੌਜੂਦ ਹੈ ਮਸ਼ੀਨਰੀ ਪਰ ਮਾਸੂਮਾਂ ਦੀ ਜਾਨ ਬਚਾਉਣ ਲਈ ਬਾਲਟੀਆਂ ਨਾਲ ਚਲਾਇਆ ਜਾਂਦਾ ਕੰਮ
ਲੋਕ ਇਸ ਗੱਲ ਨੂੰ ਲੈ ਕੇ ਵੀ ਖਫਾ ਹਨ ਕਿ ਵਗਦੇ ਦਰਿਆਵਾਂ 'ਚੋਂ ਤਾਂ ਮਾਈਨਿੰਗ ਮਾਫੀਏ ਨੇ ਰੇਤ ਕੱਢਣ ਲਈ ਵੱਡੀਆਂ ਹਾਈਡ੍ਰੋਲਿਕ ਮਸ਼ੀਨਾਂ ਬਣਵਾ ਲਈਆਂ ਹਨ। ਜਿਸ ਤਹਿਤ ਕਈ ਫੁੱਟ ਡੂੰਘੇ ਦਰਿਆਵਾਂ ਦੇ ਪਾਣੀ 'ਚੋਂ ਰੇਤ ਕੱਢ ਲਈ ਜਾਂਦੀ ਹੈ। ਇਸੇ ਤਰ੍ਹਾਂ ਵੱਡੇ-ਵੱਡੇ ਫਲਾਈਓਵਰ ਅਤੇ ਇਮਾਰਤਾਂ ਦੀ ਉਸਾਰੀ ਲਈ ਵੀ ਅਤਿ-ਆਧੁਨਿਕ ਤਕਨੀਕਾਂ ਤੇ ਮਸ਼ੀਨਾਂ ਬਣਾਈਆਂ ਜਾ ਚੁੱਕੀਆਂ ਹਨ ਪਰ ਫਤਿਹਵੀਰ ਦੀ ਜਾਨ ਬਚਾਉਣ ਲਈ 5 ਦਿਨ ਬਾਲਟੀਆਂ ਭਰ-ਭਰ ਕੇ ਬੋਰ 'ਚੋਂ ਮਿੱਟੀ ਕੱਢਣ ਦਾ ਕੰਮ ਇਕ ਤਰ੍ਹਾਂ ਨਾਲ ਸਰਕਾਰ ਅਤੇ ਇਥੇ ਦੀ ਤਰੱਕੀ ਦਾ ਮਜ਼ਾਕ ਬਣਾਉਣ ਤੋਂ ਘੱਟ ਨਹੀਂ ਸੀ। ਬੇਸ਼ੱਕ ਕੈਬਨਿਟ ਮੰਤਰੀ ਵਿਜੇ ਇੰਦਰ ਸਿੰਗਲਾ ਇਹ ਕਹਿ ਚੁੱਕੇ ਹਨ ਕਿ ਹਾਈਡਰੋਲਿਕ ਤਕਨੀਕ ਵਾਲੀ ਮਸ਼ੀਨ ਚੰਡੀਗੜ੍ਹ ਤੋਂ ਲਿਆਂਦੀ ਤਾਂ ਜਾ ਸਕਦੀ ਸੀ ਪਰ ਉਸ ਵਿਚ ਪਾਣੀ ਦੀ ਵਰਤੋਂ ਜ਼ਿਆਦਾ ਹੋਣ ਕਾਰਨ ਬੱਚੇ ਦੀ ਜਾਨ ਨੂੰ ਖਤਰਾ ਹੋ ਸਕਦਾ ਸੀ ਪਰ ਲੋਕ ਇਸ ਗੱਲ ਦੀ ਮੰਗ ਕਰ ਚੁੱਕੇ ਹਨ ਕਿ ਜਦੋਂ ਅਜਿਹੇ ਭਾਣੇ ਆਏ ਦਿਨ ਵਾਪਰ ਰਹੇ ਹਨ ਤਾਂ ਸਰਕਾਰਾਂ ਅਜਿਹੀਆਂ ਮੁਸੀਬਤਾਂ ਨਾਲ ਨਜਿੱਠਣ ਲਈ ਲੋੜੀਂਦੀ ਮਸ਼ੀਨਰੀ ਅਤੇ ਹੋਰ ਪ੍ਰਬੰਧ ਮੁਕੰਮਲ ਕਿਉਂ ਨਹੀਂ ਕਰ ਰਹੀਆਂ।
ਵਿਦੇਸ਼ਾਂ ਨਾਲ ਤੁਲਨਾ ਕਰ ਕੇ ਆਪਣੇ ਦੇਸ਼ ਨੂੰ ਕੋਸ ਰਹੇ ਲੋਕ
ਅੱਜ ਲੋਕਾਂ ਨੇ ਇਸ ਗੱਲ ਨੂੰ ਲੈ ਕੇ ਵੱਡੀ ਨਿਰਾਸ਼ਾ ਜ਼ਾਹਿਰ ਕੀਤੀ ਹੈ ਕਿ ਵਿਦੇਸ਼ਾਂ 'ਚ ਕਿਸੇ ਪਸ਼ੂ, ਪੰਛੀ ਜਾਂ ਜਾਨਵਰ ਦੀ ਜਾਨ ਬਚਾਉਣ ਲਈ ਉਥੇ ਦੀਆਂ ਸਰਕਾਰਾਂ ਨੇ ਹਰ ਤਰ੍ਹਾਂ ਦੇ ਪ੍ਰਬੰਧ ਕੀਤੇ ਹੋਏ ਹਨ ਪਰ ਸਾਡਾ ਦੇਸ਼ ਅੱਜ ਅਜਿਹੇ ਮਾਸੂਮ ਬੱਚਿਆਂ ਨੂੰ ਬਚਾਉਣ ਦੇ ਕਾਬਲ ਨਹੀਂ ਹੋ ਸਕਿਆ। ਇਸ ਘਟਨਾ ਨੇ ਲੋਕਾਂ ਦੇ ਮਨਾਂ ਨੂੰ ਬੇਹੱਦ ਗਹਿਰੀ ਸੱਟ ਮਾਰੀ ਹੈ ਅਤੇ ਲੋਕ ਇਹ ਕਹਿ ਰਹੇ ਹਨ ਕਿ ਅਜਿਹੀਆਂ ਅਨੇਕਾਂ ਕਮੀਆਂ ਦੀ ਬਦੌਲਤ ਹੀ ਅੱਜ ਦੇਸ਼ ਦੀ ਨਵੀਂ ਪੀੜ੍ਹੀ ਵਿਦੇਸ਼ਾਂ 'ਚ ਜਾਣ ਨੂੰ ਤਰਜੀਹ ਦੇ ਰਹੀ ਹੈ।
ਕੀ ਸਬਕ ਲਵੇਗੀ ਸਰਕਾਰ?
ਇਸ ਮਾਮਲੇ 'ਚ ਵੱਖ-ਵੱਖ ਸਿਆਸੀ ਆਗੂਆਂ ਦੇ ਕਈ ਤਰ੍ਹਾਂ ਦੇ ਪ੍ਰਤੀਕਰਮ ਸਾਹਮਣੇ ਆ ਰਹੇ ਹਨ, ਜਿਸ ਤਹਿਤ ਵਿਰੋਧੀ ਧਿਰਾਂ ਤਾਂ ਸਰਕਾਰ 'ਤੇ ਅਣਗਹਿਲੀ ਦੇ ਦੋਸ਼ ਲਾ ਰਹੀਆਂ ਹਨ। ਇਥੋਂ ਤੱਕ ਪੰਜਾਬ ਦੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵੀ ਕਹਿ ਚੁੱਕੇ ਹਨ ਕਿ ਇਸ ਮਾਮਲੇ 'ਚ ਕਾਨੂੰਨ ਨੂੰ ਸਖਤੀ ਨਾਲ ਲਾਗੂ ਕਰਨ ਦੀ ਲੋੜ ਹੈ ਤੇ ਨਾਲ ਹੀ ਇਸ ਸਬੰਧੀ ਨਵੀਂ ਤਕਨਾਲੋਜੀ ਲਿਆਉਣ ਦੀ ਜ਼ਰੂਰਤ ਵੀ ਹੈ। ਰੰਧਾਵਾ ਨੇ ਦਾਅਵਾ ਕੀਤਾ ਹੈ ਕਿ ਹੁਣ ਵਾਲੀ ਪਹਿਲੀ ਕੈਬਨਿਟ ਮੀਟਿੰਗ ਵਿਚ ਹੀ ਉਹ ਇਹ ਮਾਮਲਾ ਚੁੱਕਣਗੇ ਅਤੇ ਇਸ ਸਬੰਧੀ ਸਾਰੀ ਕੈਬਨਿਟ ਦੀ ਸਲਾਹ ਨਾਲ ਕੋਈ ਸਾਰਥਿਕ ਉਪਰਾਲਾ ਕੀਤਾ ਜਾਵੇ ਪਰ ਹੁਣ ਇਹ ਦੇਖਣ ਵਾਲੀ ਗੱਲ ਹੋਵੇਗੀ ਕਿ ਸਰਕਾਰ ਇਸ ਘਟਨਾ ਤੋਂ ਕੀ ਸਬਕ ਲੈਂਦੀ ਹੈ।
ਲੋਕ ਸਭਾ ਚੋਣਾਂ ਅਤੇ ਬਿਜਲੀ ਅੰਦੋਲਨ ਸਬੰਧੀ 'ਆਪ' ਨੇ ਕੀਤੀ ਲੰਬੀ ਬੈਠਕ
NEXT STORY