ਸੰਗਰੂਰ (ਬੇਦੀ, ਰਾਜੇਸ਼ ਕੋਹਲੀ) : ਟੈੱਟ ਪਾਸ ਬੇਰੋਜ਼ਗਾਰ ਬੀ.ਐੱਡ ਅਧਿਆਪਕ ਯੂਨੀਅਨ, ਪੰਜਾਬ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਜ਼ਿਲਾ ਪ੍ਰਬੰਧਕੀ ਕੰਪਲੈਕਸ ਦੇ ਸਾਹਮਣੇ ਪੱਕਾ ਮੋਰਚਾ ਲਾ ਦਿੱਤਾ ਹੈ। ਬੇਰੋਜ਼ਗਾਰ ਬੀ.ਐੱਡ ਅਧਿਆਪਕਾਂ ਵੱਲੋਂ ਡਿਪਟੀ ਕਮਿਸ਼ਨਰ ਦਫ਼ਤਰ ਨੇੜੇ ਬੱਤੀ ਚੌਕ 'ਚ ਜ਼ਬਰਦਸਤ ਰੋਸ-ਮੁਜ਼ਾਹਰਾ ਕੀਤਾ ਗਿਆ। ਮੁਜ਼ਾਹਰੇ ਦੌਰਾਨ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਦਾ ਪੁਤਲਾ ਫੂਕਦਿਆਂ ਖਰੜ ਪੁਲਸ ਵੱਲੋਂ ਰੋਪੜ ਜੇਲ ਭੇਜੇ ਬੇਰੋਜ਼ਗਾਰ ਅਧਿਆਪਕਾਂ ਦੀ ਤੁਰੰਤ ਬਿਨਾਂ ਸ਼ਰਤ ਰਿਹਾਈ ਦੀ ਮੰਗ ਕੀਤੀ ਗਈ।
ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਢਿੱਲਵਾਂ, ਜਨਰਲ ਸਕੱਤਰ ਗੁਰਜੀਤ ਕੌਰ ਖੇੜੀ, ਪ੍ਰੈੱਸ ਸਕੱਤਰ ਰਣਦੀਪ ਸੰਗਤਪੁਰਾ ਨੇ ਕਿਹਾ ਕਿ ਪਿਛਲੇ ਦਿਨੀਂ ਖਰੜ ਵਿਖੇ ਸੰਘਰਸ਼ ਕਰ ਰਹੇ ਬੇਰੋਜ਼ਗਾਰ ਬੀ.ਐੱਡ ਅਧਿਆਪਕਾ ਪੂਨਮ ਰਾਣੀ ਅਤੇ ਬਾਕੀ ਕਰੀਬ ਇਕ ਦਰਜਨ ਸਾਥੀਆਂ ਨੂੰ ਗ੍ਰਿਫਤਾਰ ਕਰ ਕੇ ਕੇਸ ਦਰਜ ਕਰ ਕੇ ਜੇਲ ਭੇਜ ਦਿੱਤਾ ਗਿਆ ਹੈ ਅਤੇ ਯੂਨੀਅਨ ਬੇਰੋਜ਼ਗਾਰ ਅਧਿਆਪਕਾਂ ਨੂੰ ਤੁਰੰਤ ਬਿਨਾਂ ਸ਼ਰਤ ਰਿਹਾਅ ਕਰਨ ਦੀ ਮੰਗ ਕਰਦੀ ਹੈ ।
ਜ਼ਿਕਰਯੋਗ ਹੈ ਕਿ 5 ਸਤੰਬਰ ਨੂੰ ਨਵੀਂ ਅਧਿਆਪਕ ਭਰਤੀ ਦੀ ਮੰਗ ਨੂੰ ਲੈ ਕੇ ਕੁਝ ਬੇਰੋਜ਼ਗਾਰ ਅਧਿਆਪਕ ਪੂਨਮ ਰਾਣੀ ਦੀ ਅਗਵਾਈ 'ਚ ਖਰੜ ਵਿਖੇ ਟੈਂਕੀ 'ਤੇ ਚੜ੍ਹ ਗਏ ਸਨ, ਜਿਨ੍ਹਾਂ ਨੂੰ ਉਸੇ ਦਿਨ ਸ਼ਾਮ ਨੂੰ ਪੁਲਸ ਵੱਲੋਂ ਟੈਂਕੀ ਤੋਂ ਲਾਹ ਕੇ ਗ੍ਰਿਫਤਾਰ ਕਰ ਲਿਆ ਗਿਆ ਅਤੇ ਰੋਪੜ ਜੇਲ ਭੇਜ ਦਿੱਤਾ ਗਿਆ। ਆਗੂਆਂ ਨੇ ਕਿਹਾ ਕਿ ਇਕ ਪਾਸੇ ਸਿੱਖਿਆ ਵਿਭਾਗ ਦਾਅਵਾ ਕਰ ਰਿਹਾ ਹੈ ਕਿ ਇਸ ਸੈਸ਼ਨ ਦੌਰਾਨ ਸਰਕਾਰੀ ਸਕੂਲਾਂ 'ਚ 52,000 ਨਵੇਂ ਵਿਦਿਆਰਥੀਆਂ ਦੇ ਦਾਖਲੇ ਕਾਰਣ ਗਿਣਤੀ ਵਧੀ, ਦੂਜੇ ਪਾਸੇ ਸਰਕਾਰੀ ਸਕੂਲਾਂ 'ਚ 30 ਹਜ਼ਾਰ ਦੇ ਕਰੀਬ ਮੁਲਾਜ਼ਮਾਂ ਦੀਆਂ ਅਸਾਮੀਆਂ ਖਾਲੀ ਹਨ। ਅਧਿਆਪਕ ਭਰਤੀ ਹੋਣ ਦੀਆਂ ਸਾਰੀਆਂ ਯੋਗਤਾਵਾਂ ਪੂਰੀਆਂ ਕਰਦੇ ਨੌਜਵਾਨ ਸੰਘਰਸ਼ ਦੇ ਰਾਹ ਹਨ। ਪਿਛਲੇ ਦਿਨੀਂ ਬੇਰੋਜ਼ਗਾਰੀ ਤੋਂ ਅੱਕੇ ਮਾਨਸਾ ਜ਼ਿਲੇ ਦੇ ਪਿੰਡ ਚੱਕ ਭਾਈਕੇ ਦੇ ਜਗਸੀਰ ਸਿੰਘ ਨੇ ਖੁਦਕੁਸ਼ੀ ਕਰ ਲਈ । ਚੋਣਾਂ ਵੇਲੇ 'ਹਰ ਘਰ ਨੌਕਰੀ' ਦਾ ਵਾਅਦਾ ਦੇ ਕੇ ਸੱਤਾ 'ਤੇ ਕਾਬਜ਼ ਹੋਈ ਕਾਂਗਰਸ ਸਰਕਾਰ ਸਰਕਾਰੀ ਸਕੂਲਾਂ 'ਚ ਅਧਿਆਪਕ ਅਸਾਮੀਆਂ ਤੁਰੰਤ ਭਰੇ।
ਸੁਖਵਿੰਦਰ ਢਿੱਲਵਾਂ ਨੇ ਕਿਹਾ ਕਿ 11 ਅਗਸਤ ਨੂੰ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਨੇ ਸੰਗਰੂਰ ਵਿਖੇ ਬੇਰੋਜ਼ਗਾਰ ਅਧਿਆਪਕਾਂ ਦੇ ਧਰਨੇ ਦੌਰਾਨ ਐਲਾਨ ਕਰਦਿਆਂ 7 ਸਤੰਬਰ ਤੱਕ ਸਾਰੀਆਂ ਮੰਗਾਂ ਦਾ ਹੱਲ ਕੱਢਣ ਦਾ ਵਿਸ਼ਵਾਸ ਦਿਵਾਇਆ ਸੀ ਪਰ ਹਾਲੇ ਵੀ ਨਵੀਂ ਭਰਤੀ ਸਬੰਧੀ ਕੋਈ ਪ੍ਰਕਿਰਿਆ ਸ਼ੁਰੂ ਹੋਣ ਦੀ ਜਾਣਕਾਰੀ ਨਹੀਂ ਮਿਲ ਰਹੀ। ਜੇਕਰ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਅਤੇ ਬੇਰੋਜ਼ਗਾਰ ਬੀ.ਐੱਡ ਅਧਿਆਪਕਾਂ ਵਿਚਕਾਰ 10 ਸਤੰਬਰ ਨੂੰ ਹੋਣ ਵਾਲੀ ਮੀਟਿੰਗ ਦੌਰਾਨ ਮੰਗਾਂ ਪ੍ਰਤੀ ਕੋਈ ਠੋਸ ਹੱਲ ਨਹੀਂ ਨਿਕਲਦਾ ਤਾਂ ਪੱਕੇ ਮੋਰਚੇ ਨੂੰ ਜਾਰੀ ਰੱਖਦਿਆਂ 15 ਸਤੰਬਰ ਨੂੰ ਸਿੱਖਿਆ ਮੰਤਰੀ ਦੇ ਸ਼ਹਿਰ ਸੰਗਰੂਰ ਵਿਖੇ ਕਿਸਾਨਾਂ, ਮਜ਼ਦੂਰਾਂ, ਨੌਜਵਾਨ, ਵਿਦਿਆਰਥੀ ਜਥੇਬੰਦੀਆਂ ਦੇ ਸਹਿਯੋਗ ਨਾਲ ਵੱਡਾ ਰੋਸ-ਮੁਜ਼ਾਹਰਾ ਕੀਤਾ ਜਾਵੇਗਾ।
ਕਲਾਗਰਾਮ 'ਚ ਘੁੰਮਣ ਲਈ ਹੁਣ ਲੈਣੀ ਪਵੇਗੀ ਟਿਕਟ
NEXT STORY