ਸੰਗਰੂਰ (ਸੰਜੀਵ)-ਬੀ. ਐੱਸ. ਐੱਨ.ਐੱਲ. ਕੈਜ਼ੂਅਲ ਐਂਡ ਕੰਟਰੈਕਟ ਵਰਕਰਜ਼ ਯੂਨੀਅਨ (ਏਟਕ) ਪੰਜਾਬ ਦੇ ਸੱਦੇ ’ਤੇ ਬੀ.ਐੱਸ.ਐੱਨ.ਐੱਲ. ਕਾਮਿਆਂ ਵੱਲੋਂ ਸਥਾਨਕ ਟੈਲੀਫੋਨ ਐਕਸਚੇਂਜ ਅੱਗੇ ਰੋਸ ਮੁਜ਼ਾਹਰਾ ਕਰਦੇ ਹੋਏ ਗਣਤੰਤਰ ਦਿਵਸ ਨੂੰ ਕਾਲੇ ਦਿਵਸ ਵਜੋਂ ਮਨਾਇਆ ਗਿਆ। ®ਰੋਸ ਮੁਜ਼ਾਹਰੇ ਦੀ ਪ੍ਰਧਾਨਗੀ ਕਰ ਰਹੇ ਮੰਡਲ ਪ੍ਰਧਾਨ ਜਸਪਾਲ ਸਿੰਘ ਨੇ ਵਰਕਰਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਅਸੀਂ 20-25 ਸਾਲਾਂ ਤੋਂ ਲਗਾਤਾਰ ਕੰਮ ਕਰਦੇ ਆ ਰਹੇ ਹਾਂ ਅਤੇ ਜਦ ਵੀ ਕੋਈ ਕੰਪਨੀ ਬੀ. ਐੱਸ. ਐੱਨ.ਐੱਲ. ’ਚ ਟੈਂਡਰ ਪਾਉਂਦੀ ਹੈ ਤਾਂ ਉਹ ਵਰਕਰਾਂ ਨੂੰ ਸਮੇਂ ਸਿਰ ਤਨਖਾਹ ਨਹੀਂ ਦਿੰਦੀ ਹੈ। ਉਨ੍ਹਾਂ ਕਿਹਾ ਕਿ ਵਰਕਰਾਂ ਨੂੰ ਇੰਨੀ ਮਹਿੰਗਾਈ ’ਚ 3-3 ਮਹੀਨੇ ਬਗੈਰ ਤਨਖਾਹ ਤੋਂ ਰਹਿਣਾ ਪੈਂਦਾ ਹੈ, ਜਿਸ ਕਾਰਨ ਉਹ ਆਪਣੇ ਘਰਾਂ ਦਾ ਖਰਚਾ ਚਲਾਉਣ ਤੋਂ ਵੀ ਅਸਮਰੱਥ ਹੋ ਚੁੱਕੇ ਹਨ। ਉਨ੍ਹਾਂ ਕਿਹਾ ਕਿ ਵਰਕਰਾਂ ਦੀਆਂ ਮੁਸ਼ਕਲਾਂ ਦਾ ਹੱਲ ਕਰਵਾਉਣ ਲਈ ਉਨ੍ਹਾਂ ਵੱਲੋਂ ਅਨੇਕਾਂ ਵਾਰ ਬੀ. ਐੱਸ. ਐੱਨ. ਐੱਲ. ਦੇ ਅਧਿਕਾਰੀਆਂ ਅਤੇ ਲੇਬਰ ਕਮਿਸ਼ਨਰ ਨੂੰ ਲਿਖੇ ਜਾਣ ਦੇ ਬਾਵਜੂਦ ਉਨ੍ਹਾਂ ਦੀਆਂ ਉਕਤ ਮੁਸ਼ਕਲਾਂ ਨੂੰ ਹੱਲ ਨਹੀਂ ਕੀਤਾ ਗਿਆ। ®ਉਨ੍ਹਾਂ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਸਾਡੀਆਂ ਮੁਸ਼ਕਲਾਂ ਦਾ ਹੱਲ ਨਹੀਂ ਕੀਤਾ ਗਿਆ ਤਾਂ ਉਹ ਸੰਘਰਸ਼ ਹੋਰ ਤੇਜ਼ ਕਰਨ ਤੋਂ ਵੀ ਗੁਰੇਜ਼ ਨਹੀਂ ਕਰਨਗੇ। ਉਨ੍ਹਾਂ ਇਸ ਮੌਕੇ ਬਰਾਬਰ ਕੰਮ ਬਰਾਬਰ ਤਨਖਾਹ ਦੇਣ ਦਾ ਕਾਨੂੰਨ ਲਾਗੂ ਕਰਨ, 20-25 ਸਾਲਾਂ ਤੋਂ ਕੰਮ ਕਰਦੇ ਵਰਕਰਾਂ ਨੂੰ ਰੈਗੂਲਰ ਕਰਨ, ਹਟਾਏ ਗਏ ਵਰਕਰਾਂ ਨੂੰ ਕੰਮ ’ਤੇ ਬਹਾਲ ਕਰਨ, ਵਰਕਰਾਂ ਦਾ ਈ. ਪੀ. ਐੱਫ. ਕੱਟਣ ਅਤੇ ਈ. ਐੱਸ. ਆਈ. ਲਾਗੂ ਕਰਨ ਸਮੇਤ ਹੋਰ ਮੰਗਾਂ ਨੂੰ ਵੀ ਪ੍ਰਮੁੱਖਤਾ ਨਾਲ ਰੱਖਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਜ਼ਿਲਾ ਮੀਤ ਪ੍ਰਧਾਨ ਝਰਮਣ ਸਿੰਘ ਬਡ਼ੀ, ਸਰਕਲ ਸਹਾਹਿਕ ਸਕੱਤਰ ਅਜੈਬ ਸਿੰਘ ਹਥਨ, ਰਾਜਕੁਮਾਰ ਮੀਤ ਪ੍ਰਧਾਨ, ਹਰਬੰਸ ਸਿੰਘ ਸਕੱਤਰ, ਅਲੀ ਸ਼ੇਰ ਖਜ਼ਾਨਚੀ, ਗੁਰਲਾਲ ਸਿੰਘ, ਪ੍ਰਗਟ ਸਿੰਘ, ਗੋਬਿੰਦ ਸਿੰਘ ਆਦਿ ਵੀ ਮੌਜੂਦ ਸਨ।
ਤਾਰਾਂ ਢਿੱਲੀਆਂ ਹੋਣ ਦੇ ਰੋਸ ਵਜੋਂ ਦੁਕਾਨਦਾਰਾਂ ਕੀਤੀ ਨਾਅਰੇਬਾਜ਼ੀ
NEXT STORY