ਸੰਗਰੂਰ (ਵਿਵੇਕ ਸਿੰਧਵਾਨੀ)-ਅਗਲੀ ਫਸਲ ਸਮੇਂ ਸਿਰ ਬੀਜਣ ਅਤੇ ਖੇਤ ਤਿਆਰ ਕਰਨ ਲਈ ਖੇਤਾਂ ’ਚ ਬਾਕੀ ਬੱਚਦੀ ਰਹਿੰਦ-ਖੂੰਹਦ ਨੂੰ ਲਾਈ ਜਾਂਦੀ ਅੱਗ ਦੇ ਮਾਡ਼ੇ ਰੁਝਾਨ ਪ੍ਰਤੀ ਕਿਸਾਨਾਂ ਤੇ ਲੋਕਾਂ ਨੂੰ ਜਾਗਰੂਕ ਕਰਨ ਲਈ ਡਿਪਟੀ ਕਮਿਸ਼ਨਰ ਬਰਨਾਲਾ ਤੇਜ ਪ੍ਰਤਾਪ ਸਿੰਘ ਫੂਲਕਾ ਨੇ ਜ਼ਿਲਾ ਪ੍ਰਬੰਧਕੀ ਕੰਪਲੈਕਸ, ਬਰਨਾਲਾ ਤੋਂ ਤਿੰਨ ਜਾਗਰੂਕਤਾ ਵੈਨਾਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇਸ ਮੌਕੇ ਉਨ੍ਹਾਂ ਨਾਲ ਐੱਸ. ਡੀ. ਐੱਮ. ਸੰਦੀਪ ਕੁਮਾਰ ਵੀ ਹਾਜ਼ਰ ਸਨ। ਇਹ ਵੈਨਾਂ ਜ਼ਿਲਾ ਬਰਨਾਲਾ ਦੇ ਸਾਰੇ 130 ਪਿੰਡਾਂ ਨੂੰ ਪਹਿਲੇ ਫੇਜ਼ ਵਿਚ ਕਵਰ ਕਰਨਗੀਆਂ। ਇਨ੍ਹਾਂ ਵੈਨਾਂ ’ਚ ਖੇਤੀਬਾਡ਼ੀ ਵਿਭਾਗ ਦੇ ਕਰਮਚਾਰੀ ਕਿਸਾਨਾਂ ਨੂੰ ਕਣਕ ਦੇ ਨਾਡ਼ ਅਤੇ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਾਉਣ ਸਬੰਧੀ ਪ੍ਰੇਰਿਤ ਕਰਨਗੇ ਅਤੇ ਲੋਡ਼ੀਂਦਾ ਲਿਟਰੇਚਰ ਵੀ ਕਿਸਾਨਾਂ ਨੂੰ ਵੰਡਿਆ ਜਾਵੇਗਾ। ਤੇਜ ਪ੍ਰਤਾਪ ਸਿੰਘ ਫੂਲਕਾ ਨੇ ਕਿਸਾਨਾਂ ਨੂੰ ਸੁਨੇਹਾ ਦਿੰਦੇ ਹੋਏ ਕਿਹਾ ਕਿ ਫਸਲਾਂ ਦੀ ਰਹਿੰਦ-ਖੂੰਹਦ ਨੂੰ ਅੱਗ ਲਾਉਣ ਨਾਲ ਪੈਦਾ ਹੋਏ ਜ਼ਹਿਰੀਲੇ ਧੂੰਏਂ ਨਾਲ ਮੁਨੱਖੀ ਸਿਹਤ, ਬਨਸਪਤੀ ਅਤੇ ਪਸ਼ੂ-ਪੰਛੀਆਂ ’ਤੇ ਮਾਡ਼ਾ ਅਸਰ ਪੈਂਦਾ ਹੈ। ਉਨ੍ਹਾਂ ਕਿਹਾ ਕਿ ਮਨੁੱਖਾਂ ਨੂੰ ਤਰ੍ਹਾਂ-ਤਰ੍ਹਾਂ ਦੀਆਂ ਬੀਮਾਰੀਆਂ ਜਿਵੇਂ ਕਿ ਕੈਂਸਰ, ਚਮਡ਼ੀ ਰੋਗ, ਸਾਹ, ਦਮਾ, ਹਾਰਟ ਅਟੈਕ ਆਦਿ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਮੌਕੇ ਐੱਸ. ਡੀ. ਐੱਮ. ਬਰਨਾਲਾ ਸੰਦੀਪ ਕੁਮਾਰ ਨੇ ਕਿਹਾ ਕਿ ਝੋਨੇ ਦੀ ਰਹਿੰਦ-ਖੂੰਹਦ ਨੂੰ ਅੱਗ ਲਾਉਣ ਨਾਲ ਮਿੱਟੀ ਦੀ ਉਪਜਾਊ ਸ਼ਕਤੀ ਘੱਟਦੀ ਹੈ, ਜਿਸ ਕਾਰਨ ਸਾਨੂੰ ਵਧੇਰੇ ਖਾਦਾਂ ਦੀ ਜ਼ਰੂਰਤ ਪੈਂਦੀ ਹੈ। ਉਨ੍ਹਾਂ ਦੱਸਿਆ ਕਿ ਅੱਗ ਲਾਉਣ ਨਾਲ ਜ਼ਮੀਨ ਵਿਚਲੇ ਮਿੱਤਰ ਕੀਡ਼ੇ ਵੀ ਖ਼ਤਮ ਹੋ ਜਾਂਦੇ ਹਨ। ਮੁੱਖ ਖੇਤੀਬਾਡ਼ੀ ਅਫ਼ਸਰ ਬਰਨਾਲਾ ਡਾ. ਜੇ. ਪੀ. ਐੱਸ. ਗਰੇਵਾਲ ਨੇ ਦੱਸਿਆ ਕਿ ਫਸਲਾਂ ਦੀ ਰਹਿੰਦ-ਖੂੰਹਦ ਦੇ ਯੋਗ ਪ੍ਰਬੰਧਨ ਸਬੰਧੀ ਕਿਸਾਨਾਂ ਨੂੰ ਜਾਗਰੂਕਤਾ ਵੈਨਾਂ ਰਾਹੀਂ ਪਰਚੇ ਵੰਡ ਕੇ, ਪਿੰਡਾਂ ਦੇ ਲਾਊਡ ਸਪੀਕਰਾਂ ਰਾਹੀਂ, ਯੂਥ ਕਲੱਬਾਂ ਅਤੇ ਅਗਾਂਹਵਧੂ ਕਿਸਾਨਾਂ ਦੀਆਂ ਮੀਟਿੰਗਾਂ ਰਾਹੀਂ ਅੱਗ ਨਾ ਲਾਉਣ ਸਬੰਧੀ ਜਾਗਰੂਕ ਕੀਤਾ ਜਾ ਰਿਹਾ ਹੈ ਅਤੇ ਇਸ ਤੋਂ ਹੋਣ ਵਾਲੇ ਨੁਕਸਾਨਾਂ ਬਾਰੇ ਵੀ ਦੱਸਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਉਨ੍ਹਾਂ ਦੱਸਿਆ ਕਿ ਜਿਨ੍ਹਾਂ ਕਿਸਾਨਾਂ ਨੇ ਇਸ ਵਾਰ ਹੈਪੀਸੀਡਰ ਨਾਲ ਕਣਕ ਦੀ ਬੀਜਾਈ ਝੋਨੇ ਦੀ ਪਰਾਲੀ ਨੂੰ ਬਿਨਾਂ ਅੱਗ ਲਾਏ ਕੀਤੀ ਹੈ, ਉਨ੍ਹਾਂ ਕਿਸਾਨਾਂ ਦੇ ਖੇਤਾਂ ਦੀ ਮੋਨੀਟਰਿੰਗ ਕੀਤੀ ਜਾ ਰਹੀ ਹੈ ਅਤੇ ਸਮੇਂ-ਸਮੇਂ ’ਤੇ ਖੇਤਾਂ ਦਾ ਮੁਆਇਨਾ ਕੀਤਾ ਜਾ ਰਿਹਾ ਹੈ। ਇਸ ਸਮੇਂ ਬਲਾਕ ਬਰਨਾਲਾ ਦੇ ਡਾ. ਸੁਖਪਾਲ ਸਿੰਘ ਏ. ਡੀ. ਓ., ਡਾ. ਗੁਰਮੀਤ ਸਿੰਘ ਏ. ਡੀ. ਓ., ਡਾ. ਗੁਰਚਰਨ ਸਿੰਘ ਏ. ਡੀ. ਓ., ਗਮਦੂਰ ਸਿੰਘ ਬੀ. ਟੀ. ਐੱਮ. ਤੋਂ ਇਲਾਵਾ ਦਿਲਦਾਰ ਸਿੰਘ ਏ. ਐੱਸ. ਆਈ. ਅਤੇ ਸਿਮਰਜੀਤ ਸਿੰਘ ਵੀ ਹਾਜ਼ਰ ਸਨ।
ਧਾਰਮਕ ਅਸਥਾਨਾਂ ਨੂੰ ਜਾਂਦੀ ਸਡ਼ਕ ’ਤੇ ਖਡ਼੍ਹੇ ਗੰਦੇ ਪਾਣੀ ਤੋਂ ਪ੍ਰੇਸ਼ਾਨ ਸ਼ਰਧਾਲੂ, ਲੋਕਾਂ ਵੱਲੋਂ ਨਾਅਰੇਬਾਜ਼ੀ
NEXT STORY