ਸੰਗਰੂਰ (ਵਿਕਾਸ)-ਗੰਨੇ ਦੀ ਪੇਮੈਂਟ ਦੀ ਅਦਾਇਗੀ ਨਾ ਹੋਣ ਦੇ ਰੋਸ ਵਜੋਂ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੀ ਅਗਵਾਈ ਹੇਠ ਵੱਡੀ ਗਿਣਤੀ ’ਚ ਕਿਸਾਨਾਂ ਵੱਲੋਂ ਸ਼ਹਿਰ ਦੇ ਭਵਾਨੀਗਡ਼੍ਹ ਦੇ ਨਵੇਂ ਬੱਸ ਸਟੈਂਡ ਨੇਡ਼ੇ ਪੁਤਲਾ ਫੂਕ ਕੇ ਸੂਬਾ ਸਰਕਾਰ ਤੇ ਪ੍ਰਸ਼ਾਸਨ ਖਿਲਾਫ਼ ਪ੍ਰਦਰਸ਼ਨ ਕੀਤਾ ਗਿਆ। ਕਿਸਾਨ ਯੂਨੀਅਨ ਦੇ ਆਗੂਆਂ ਨੇ ਰੋਸ ਜ਼ਾਹਰ ਕਰਦਿਆਂ ਕਿਹਾ ਕਿ ਧੂਰੀ ਵਿਖੇ ਕਿਸਾਨ ਪਿਛਲੇ ਕਈ ਦਿਨਾਂ ਤੋਂ ਗੰਨੇ ਦੀ ਪੇਮੈਂਟ ਨੂੰ ਲੈ ਕੇ ਦਿਨ-ਰਾਤ ਸੰਘਰਸ਼ ਕਰਨਾ ਪੈ ਰਿਹਾ ਹੈ ਪਰ ਸਰਕਾਰ ਸਡ਼ਕਾਂ ’ਤੇ ਰੁਲ ਰਹੇ ਕਿਸਾਨਾਂ ਦੀ ਗੱਲ ਸੁਣਨ ਦੀ ਬਜਾਏ ਕੁੰਭਕਰਨੀ ਨੀਂਦ ਸੌਂ ਰਹੀ ਹੈ ਤੇ ਪ੍ਰਸ਼ਾਸਨ ਵੀ ਮਿੱਲ ਮਾਲਕਾਂ ਦਾ ਪੱਖ ਪੂਰ ਰਿਹਾ ਹੈ। ਕਿਸਾਨਾਂ ਨੇ ਕਿਹਾ ਕਿ ਬਕਾਇਆ ਨਾ ਦੇ ਕੇ ਪ੍ਰਾਈਵੇਟ ਮਿੱਲ ਮਾਲਕ ਕਿਸਾਨਾਂ ਦਾ ਕਰੋਡ਼ਾਂ ਰੁਪਿਆਂ ਹਡ਼ੱਪ ਕਰੀ ਬੈਠੇ ਹਨ ਅਤੇ ਸਰਕਾਰ ਉਨ੍ਹਾਂ ਦਾ ਕੁਝ ਨਹੀਂ ਕਰ ਰਹੀ। ਸਰਕਾਰਾਂ ਦੀਆਂ ਮਾਰੂ ਨੀਤੀਆਂ ਕਾਰਨ ਹੀ ਕਿਸਾਨ ਕਰਜ਼ੇ ਦੀ ਦਲਦਲ ਵਿਚ ਫਸ ਕੇ ਖੁਦਕੁਸ਼ੀਆਂ ਦਾ ਰਾਹ ਅਖਤਿਆਰ ਕਰਨ ਲਈ ਮਜਬੂਰ ਹੋ ਰਹੇ ਹਨ। ਯੂਨੀਅਨ ਆਗੂਆਂ ਨੇ ਕਿਹਾ ਕਿ ਜਦੋਂ ਤੱਕ ਗੰਨੇ ਦੀ ਅਦਾਇਗੀ ਤੇ ਕਿਸਾਨਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੋ ਜਾਂਦੀਆਂ, ਕਿਸਾਨਾਂ ਦਾ ਸੰਘਰਸ਼ ਇਸੇ ਤਰ੍ਹਾਂ ਜਾਰੀ ਰਹੇਗਾ। ਇਸ ਸਮੇਂ ਕਿਸਾਨ ਯੂਨੀਅਨ ਦੇ ਬਲਾਕ ਸੀਨੀਅਰ ਮੀਤ ਪ੍ਰਧਾਨ ਮਨਜੀਤ ਸਿੰਘ ਘਰਾਚੋਂ ਤੋਂ ਇਲਾਵਾ ਗੁਰਦੇਵ ਸਿੰਘ ਆਲੋਅਰਖ, ਮੁਖਤਿਆਰ ਸਿੰਘ, ਲਾਭ ਸਿੰਘ ਖੁਰਾਣਾ, ਬਲਦੇਵ ਸਿੰਘ ਆਦਿ ਸਮੇਤ ਕਿਸਾਨ ਆਗੂ ਹਾਜ਼ਰ ਸਨ।
ਅੱਵਲ ਰਹਿਣ ਵਾਲੇ ਵਿਦਿਆਰਥੀ ਸਨਮਾਨਤ
NEXT STORY