ਸੰਗਰੂਰ (ਵਿਕਾਸ)-ਭਵਾਨੀਗਡ਼੍ਹ ਇਲਾਕੇ ਵਿਚ ਜਿੱਥੇ ਲੋਕਾਂ ਲਈ ਆਵਾਰਾ ਕੁੱਤਿਆਂ ਦਾ ਡਰ ਬਣਿਆ ਹੋਇਆ ਹੈ, ਉੱਥੇ ਹੀ ਅੱਜ ਕਲ ਸ਼ਹਿਰ ਵਿੱਚ ਹਰ ਪਾਸੇ ਘੁੰਮਦੇ ਲਾਵਾਰਿਸ ਪਸ਼ੂ ਵੀ ਲੋਕਾਂ ਲਈ ਸਿਰਦਰਦੀ ਦਾ ਕਾਰਨ ਬਣ ਰਹੇ ਹਨ। ਸ਼ੁੱਕਰਵਾਰ ਦੁਪਹਿਰ ਬਲਿਆਲ ਲਿੰਕ ਰੋਡ ਦੇ ਸਾਹਮਣੇ ਜ਼ੀਰਕਪੁਰ-ਬਠਿੰਡਾ ਨੈਸ਼ਨਲ ਹਾਈਵੇ ਨੰਬਰ 7 ਦੇ ਐੱਨ ਵਿਚਕਾਰ ਆਪਸ ਵਿਚ ਭਿਡ਼ਦੇ ਦੋ ਲਾਵਾਰਿਸ ਸਾਨ੍ਹਾਂ ਕਾਰਨ ਅੱਧਾ ਘੰਟਾ ਟਰੈਫਿਕ ਵਿਚ ਵਿਘਨ ਪੈਂਦਾ ਰਿਹਾ, ਉੱਥੇ ਹੀ ਸਾਨ੍ਹਾਂ ਦੀ ਲਡ਼ਾਈ ਦੌਰਾਨ ਨੇਡ਼ਲੇ ਦੁਕਾਨਦਾਰਾਂ ਅਤੇ ਰੇਹਡ਼ੀ ਫਡ਼ੀ ਵਾਲਿਆਂ ਦੀ ਜਿਵੇਂ ਜਾਨ ਹੀ ਮੁੱਠੀ ਵਿੱਚ ਆ ਗਈ। ਲੋਕਾਂ ਵਲੋਂ ਸਾਨ੍ਹਾਂ ਨੂੰ ਹਟਾਉਣ ਦਾ ਕਾਫੀ ਯਤਨ ਕੀਤਾ ਗਿਆ। ਪਰ ਸਾਨ੍ਹ ਸਡ਼ਕ ਵਿਚਕਾਰੋਂ ਨਹੀਂ ਹਟੇ। ਬਾਅਦ ਵਿਚ ਲੋਕਾਂ ਨੇ ਕਾਫੀ ਜਦੋ ਜਹਿਦ ਕਰ ਕੇ ਪਾਣੀ ਦੀਆਂ ਬੌਛਾਰਾਂ ਤੇ ਡੰਡੇ-ਸੋਟਿਆਂ ਨਾਲ ਇਨ੍ਹਾਂ ਭਿਡ਼ਦੇ ਸਾਨ੍ਹਾਂ ਨੂੰ ਅਲੱਗ ਕੀਤਾ। ਇਸ ਮੌਕੇ ਹਾਜ਼ਰ ਕੁਝ ਲੋਕਾਂ ਨੇ ਦੱਸਿਆ ਕਿ ਉਨ੍ਹਾਂ ਨੇ ਇਸ ਭੇਡ਼ ਦੌਰਾਨ ਮਸਾਂ ਹੀ ਭੱਜ ਕੇ ਆਪਣੀ ਜਾਨ ਬਚਾਈ। ਸ਼ਹਿਰ ਵਾਸੀਆਂ ਨੇ ਲਾਵਾਰਿਸ ਪਸ਼ੂਆਂ ਦੀ ਸਮੱਸਿਆਵਾਂ ਨੂੰ ਲੈ ਕੇ ਰੋਸ ਜਤਾਉਂਦਿਆਂ ਕਿਹਾ ਕਿ ਜ਼ਿਲੇ ’ਚ ਸਭ ਤੋਂ ਵੱਡੀ ਗਊਸ਼ਾਲਾ ਨੇਡ਼ਲੇ ਪਿੰਡ ਝਨੇਡ਼ੀ ਵਿਖੇ ਹੋਣ ਦੇ ਬਾਵਜੂਦ ਵੀ ਸ਼ਹਿਰ ਦੇ ਹਰ ਗਲੀ ਮੁਹੱਲਿਆਂ ਵਿੱਚ ਘੁੰਮਦੇ ਅਜਿਹੇ ਲਾਵਾਰਿਸ ਮਵੇਸ਼ੀ ਆਮ ਲੋਕਾਂ ਦੀ ਜਾਨਾਂ ਲਈ ਖਤਰਾ ਬਣ ਰਹੇ ਹਨ ਫਿਰ ਵੀ ਪ੍ਰਸ਼ਾਸਨ ਇਨ੍ਹਾਂ ਪਸ਼ੂਆਂ ਨੂੰ ਗਊਸ਼ਾਲਾ ਵਿੱਚ ਨਹੀਂ ਭੇਜ ਰਿਹਾ। ਲੋਕਾਂ ਦਾ ਕਹਿਣਾ ਹੈ ਕਿ ਸਰਕਾਰ ਗਊਆਂ ਦੀ ਸਾਂਭ-ਸਭਾਲ ਲਈ ਜਨਤਾ ਤੋਂ ਵੱਖ-ਵੱਖ ਤਰ੍ਹਾਂ ਨਾਲ ਵਸੂਲੇ ਜਾਂਦੇ ਗਊ ਟੈਕਸ ਨੂੰ ਉਗਰਾਉਣਾ ਬੰਦ ਕਰ ਕੇ ਜਾ ਲੋਕਾਂ ਨੂੰ ਗੰਭੀਰਤਾ ਨਾਲ ਇਸ ਸਮੱਸਿਆ ਤੋਂ ਨਿਜਾਤ ਦਿਵਾਏ। ਉਧਰ ਟਰੈਫਿਕ ਪੁਲਸ ਦੇ ਅਧਿਕਾਰੀਆਂ ਨੇ ਭਰੋਸਾ ਦਿਵਾਇਆ ਕਿ ਇਸ ਸਬੰਧੀ ਗਊਸ਼ਾਲਾ ਦੇ ਪ੍ਰਬੰਧਕਾਂ ਨਾਲ ਗੱਲਬਾਤ ਕਰਕੇ ਸਮੱਸਿਆ ਨੂੰ ਹਲ ਕਰਵਾਉਣਗੇ।
ਸਕੂਲ ’ਚ ਸ਼ਹੀਦਾਂ ਨੂੰ ਕੀਤਾ ਯਾਦ
NEXT STORY