ਸੰਗਰੂਰ (ਜ.ਬ.)- ਬਦਰਾ-ਕਾਲੇਕੇ ਸਡ਼ਕ ’ਤੇ ਸਥਿਤ ਐੱਸ. ਯੂ. ਐੱਸ. ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਕਾਲੇਕੇ ਵਿਖੇ ਅਧਿਆਪਕਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਧਰਨਾ ਲਾਇਆ ਅਤੇ ਪ੍ਰਬੰਧਕਾਂ ਖਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਮੌਕੇ ਜਗਤਾਰ ਸਿੰਘ, ਸੁਖਵੀਰ ਕੌਰ, ਬਲਜਿੰਦਰ ਸਿੰਘ, ਕੁਲਵਿੰਦਰ ਕੌਰ, ਰਣਜੀਤ ਕੌਰ ਸਮੇਤ 50 ਦੇ ਕਰੀਬ ਅਧਿਆਪਕਾਂ ਨੇ ਦੋਸ਼ ਲਾਇਆ ਕਿ ਇਹ ਸਕੂਲ ਅਧਿਆਪਕਾਂ ਅਤੇ ਵਿਦਿਆਰਥੀਆਂ ਲਈ ਸਰਾਪ ਬਣ ਚੁੱਕਾ ਹੈ ਜਦ ਤੋਂ ਸਕੂਲ ਮੈਨੇਜਮੈਂਟ (ਐੱਸ. ਯੂ. ਐੱਸ. ਵੈੱਲਫੇਅਰ ਸੋਸਾਇਟੀ) ਨੇ ਸਕੂਲ ਦਾ ਪ੍ਰਬੰਧ ਸੰਭਾਲਿਆ ਹੈ, ਅਧਿਆਪਕ ਨਿਗੁਣੀਆਂ ਤਨਖਾਹਾਂ ’ਤੇ ਕੰਮ ਕਰ ਰਹੇ ਹਨ। ਨਵੰਬਰ 2018 ਤੋਂ ਅਧਿਆਪਕਾਂ ਨੂੰ ਤਨਖਾਹ ਹੀ ਨਹੀਂ ਮਿਲੀ ਅਤੇ ਬੱਚਿਆਂ ਦੀਆਂ ਸਹੂਲਤਾਂ ਵੀ ਬੰਦ ਕਰ ਦਿੱਤੀਆਂ ਹਨ। ਅਧਿਆਪਕਾਂ ਨੇ ਦੱਸਿਆ ਕਿ ਜਦ ਉਹ ਤਨਖਾਹਾਂ ਮੰਗਦੇ ਹਨ ਤਾਂ ਸਕੂਲ ਮੈਨੇਜਮੈਂਟ ਅਤੇ ਪ੍ਰਿੰਸੀਪਲ ਵੱਲੋਂ ਕਹਿ ਦਿੱਤਾ ਜਾਂਦਾ ਹੈ ਕਿ ਸਰਕਾਰ ਉਨ੍ਹਾਂ ਨੂੰ ਫੰਡ ਨਹੀਂ ਦੇ ਰਹੀ ਪਰ ਦੂਜੇ ਪਾਸੇ ਡੀ. ਜੀ. ਐੱਸ. ਈ. ਮੁਤਾਬਕ ਸਕੂਲ ਮੈਨੇਜਮੈਂਟ ਉਨ੍ਹਾਂ ਨੂੰ ਸਹੀ ਢੰਗ ਨਾਲ ਬਿੱਲ ਨਹੀਂ ਭੇਜ ਰਹੀ। ਅਧਿਆਪਕਾਂ ਨੇ ਦੱਸਿਆ ਕਿ ਉਨ੍ਹਾਂ ਮੈਨੇਜਮੈਂਟ ਦੇ ਐੱਮ. ਡੀ. ਨੇ ਉਨ੍ਹਾਂ ਨੂੰ ਕੰਪਨੀ ਦੇ ਹੈੱਡ ਆਫਿਸ ’ਤੇ ਲਾਏ ਗਏ ਇਕ ਧਰਨੇ ਸਮੇਂ ਭਰੋਸਾ ਦਿੱਤਾ ਸੀ ਕਿ 15 ਤੋਂ 30 ਮਾਰਚ ਤੱਕ ਸੋਸਾਇਟੀ ਵੱਲੋਂ ਚਲਾਏ ਜਾ ਰਹੇ ਸਾਰੇ ਸਕੂਲਾਂ ਦੇ ਸਟਾਫ ਨਲ ਮੀਟਿੰਗਾਂ ਕੀਤੀਆਂ ਜਾਣਗੀਆਂ ਪਰ ਇਹ ਵਾਅਦਾ ਵੀ ਵਫ਼ਾ ਨਹੀਂ ਹੋ ਸਕਿਆ ਅਤੇ ਕਿਸੇ ਨਾਲ ਕੋਈ ਮੀਟਿੰਗ ਨਹੀਂ ਕੀਤੀ। ਇਸ ਤੋਂ ਇਲਾਵਾ ਕੋਈ ਵੀ ਸਰਕਾਰੀ ਅਧਿਕਾਰੀ ਵੀ ਉਨ੍ਹਾਂ ਦੀ ਸਾਰ ਲੈਣ ਨੂੰ ਤਿਆਰ ਨਹੀਂ ਹੈ, ਜਿਸ ਕਰਕੇ ਸੈਂਕਡ਼ੇ ਬੱਚਿਆਂ ਦੇ ਭਵਿੱਖ ਨਾਲ ਖਿਲਵਾਡ਼ ਹੋ ਰਿਹਾ ਹੈ ਅਤੇ ਕੈਪਟਨ ਸਰਕਾਰ ਵੱਲੋਂ ਘਰ-ਘਰ ਨੌਕਰੀ ਦੇਣ ਦੇ ਕੀਤੇ ਵਾਅਦੇ ਦੀ ਵੀ ਫੂਕ ਨਿਕਲ ਗਈ ਹੈ ਅਤੇ ਨਿਗੁਣੀ ਤਨਖਾਹ ’ਤੇ ਨੌਕਰੀ ਕਰ ਰਹੇ ਅਧਿਆਪਕਾਂ ਨੂੰ ਰੋਲਿਆ ਜਾ ਰਿਹਾ ਹੈ। ਇਸ ਸਬੰਧੀ ਜਦ ਐੱਸ. ਯੂ. ਐੱਸ. ਆਦਰਸ਼ ਵੈੱਲਫੇਅਰ ਸੋਸਾਇਟੀ ਦੇ ਪ੍ਰਿੰਸੀਪਲ ਕਮ ਐਡੀਸ਼ਨਲ ਡਾਇਰੈਕਟਰ ਮਹਿੰਦਰ ਕੌਰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਫੰਡਾਂ ਦੀ ਸਮੱਸਿਆ ਕਾਰਨ ਅਧਿਆਪਕਾਂ ਦੀਆਂ ਤਨਖਾਹਾਂ ਰੁਕੀਆਂ ਹੋਈਆਂ ਹਨ, ਜਦ ਵੀ ਫੰਡਾਂ ਦਾ ਪ੍ਰਬੰਧ ਹੋ ਜਾਵੇਗਾ ਸਭ ਸਮੱਸਿਆਵਾਂ ਦਾ ਹੱਲ ਕਰ ਲਿਆ ਜਾਵੇਗਾ। ਉਨ੍ਹਾਂ ਅਧਿਆਪਕਾਂ ਨੂੰ ਵੀ ਕਿਹਾ ਕਿ ਧਰਨਿਆਂ ਵਾਲੇ ਰਾਹ ਨਾ ਪੈਣ, ਇਸ ਨਾਲ ਬੱਚਿਆਂ ਦੀ ਪਡ਼੍ਹਾਈ ਦਾ ਨੁਕਸਾਨ ਹੋਵੇਗਾ।
‘ਬੇਟੀ ਬਚਾਓ-ਬੇਟੀ ਪਡ਼੍ਹਾਓ’ ਮੁਹਿੰਮ ਦਾ ਅਸਰ
NEXT STORY