ਸੰਗਰੂਰ (ਜ. ਬ.)-ਪੱਖੋ ਕਲਾਂ ਤੋਂ ਵਾਇਆ ਭੈਣੀ ਫੱਤਾ–ਕੋਟ ਦੁੱਨਾਂ ਨੂੰ ਮਿਲਾਉਂਦੀ ਲਿੰਕ ਸਡ਼ਕ ਜਿਸ ਦੀ ਹਾਲਤ ਪਿਛਲੇ ਕਈ ਸਾਲਾਂ ਤੋਂ ਖ਼ਸਤਾ ਬਣੀ ਹੋਈ ਹੈ, ਸਡ਼ਕ ’ਤੇ ਪਏ ਖੱਡਿਆਂ ਵਿਚ ਸੁੱਟੀ ਮਿੱਟੀ ਦੇ ਉੱਡਦੇ ਘੱਟੇ ਕਾਰਨ ਆਲੇ-ਦੁਆਲੇ ਦੇ ਘਰਾਂ ਦਾ ਜੀਣਾ ਮੁਹਾਲ ਹੋਇਆ ਪਿਆ ਹੈ। ਇਸ ਸਡ਼ਕ ਨੂੰ ਦੁਬਾਰਾ ਬਣਾਏ ਜਾਣ ਦੀ ਮਿਲੀ ਖ਼ਬਰ ਨਾਲ ਭਾਵੇਂ ਲੋਕਾਂ ਨੂੰ ਇਕ ਵਾਰ ਰਾਹਤ ਮਹਿਸੂਸ ਹੋਈ ਸੀ ਪਰ ਇਸ ਦਾ ਟੈਂਡਰ ਹੋ ਜਾਣ ਦੇ ਬਾਵਜੂਦ ਇਸ ਦਾ ਕੰਮ ਨਾ ਚਲਾਏ ਜਾਣ ਕਾਰਨ ਲੋਕਾਂ ਵਿਚ ਨਿਰਾਸ਼ਾ ਪਾਈ ਜਾ ਰਹੀ ਹੈ। ਅੱਗੇ ਆਉਂਦੇ ਹਾਡ਼੍ਹੀ ਦੇ ਸੀਜ਼ਨ ਵਿਚ ਕੰਬਾਈਨਾਂ, ਤੂਡ਼ੀ ਰੀਪਰਾਂ, ਦਾਣਿਆਂ ਦੀ ਢੋਆ-ਢੁਆਈ ਲਈ ਟਰੈਕਟਰ-ਟਰਾਲੀਆਂ ਤੇ ਟਰੱਕਾਂ ਆਦਿ ਦੀ ਆਵਾਜਾਈ ਨਾਲ ਹਾਲਤ ਹੋਰ ਵੀ ਬਦਤਰ ਹੋ ਜਾਣ ਦੀ ਸੰਭਾਵਨਾਂ ਹੈ। ਇਸ ਸਬੰਧੀ ਪਿੰਡ ਵਾਸੀਆਂ ਸਤਨਾਮ ਸਿੰਘ, ਰਾਮ ਸਿੰਘ, ਜਗਸੀਰ ਸਿੰਘ, ਭੋਲਾ ਸਿੰਘ ਆਦਿ ਨੇ ਮੰਗ ਕੀਤੀ ਕਿ ਇਸ ਸਡ਼ਕ ਦਾ ਕੰਮ ਜਲਦੀ ਤੋਂ ਜਲਦੀ ਕਰਵਾਇਆ ਜਾਵੇ। ਭਗਵੰਤ ਮਾਨ ਨੂੰ ਮਿਲਿਆ ਸੀ ਵਫਦ ਇਸ ਸਬੰਧੀ ਦੋ ਮਹੀਨੇ ਪਹਿਲਾਂ ਆਮ ਆਦਮੀ ਪਾਰਟੀ ਦੇ ਵਲੰਟੀਅਰਾਂ ਵਲੋਂ ਇਹ ਮੁੱਦਾ ਭਗਵੰਤ ਮਾਨ ਕੋਲ ਉਠਾਇਆ ਗਿਆ ਸੀ ਅਤੇ ਉਨ੍ਹਾਂ ਵਲੋਂ ਸਬੰਧਤ ਠੇਕੇਦਾਰ ਨੂੰ ਫੋਨ ਕੀਤੇ ਜਾਣ ’ਤੇ ਇਕ ਟਰੱਕ ਪੱਥਰ ਦਾ ਵੀ ਲਾਹ ਦਿੱਤਾ ਗਿਆ ਸੀ, ਜਿਸ ਕਾਰਨ ਲੋਕਾਂ ਨੂੰ ਛੇਤੀ ਸਡ਼ਕ ਬਣਨ ਦੀ ਆਸ ਬੱਝੀ ਸੀ ਪਰ ਪੱਥਰ ਦਾ ਲਾਹਿਆ ਟਰੱਕ ਦੋ ਮਹੀਨਿਆਂ ਤੋਂ ਇਥੇ ਹੀ ਪਿਆ ਹੋਣ ਕਰਕੇ ਇਸ ਸਡ਼ਕ ਦਾ ਕੰਮ ਚਾਲੂ ਹੋਣ ਦੀ ਅਨਿਸ਼ਚਿਤਤਾ ਲੋਕ ਮਨਾਂ ’ਚ ਬਰਕਰਾਰ ਹੈ। ਕੀ ਕਹਿਣਾ ਹੈ ਅਧਿਕਾਰੀਆਂ ਦਾ ਇਸ ਸਬੰਧੀ ਜਦ ਲੋਕ ਨਿਰਮਾਣ ਵਿਭਾਗ ਦੇ ਜੂਨੀਅਰ ਇੰਜੀਨੀਅਰ ਸੰਦੀਪ ਕੁਮਾਰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਸ ਸਡ਼ਕ ਦੇ ਟੈਂਡਰ ਹੋ ਚੁੱਕੇ ਹਨ। ਇਸ ਸਡ਼ਕ ਦੇ ਨਾਲ ਹੋਰ ਵੀ ਦੋ ਤਿੰਨ ਸਡ਼ਕਾਂ ਦਾ ਕੰਮ ਚਾਲੂ ਕਰਨਾ ਹੈ ਜੋ ਇਕੱਠਾ ਹੀ ਨਿਬੇਡ਼ ਲਿਆ ਜਾਵੇਗਾ। ਲੇਬਰ ਦੀ ਘਾਟ ਕਾਰਨ ਠੇਕੇਦਾਰ ਨੂੰ ਕੁਝ ਦਿੱਕਤ ਆ ਰਹੀ ਹੈ, ਜਿਸ ਕਾਰਨ ਦੇਰੀ ਹੋ ਰਹੀ ਹੈ ਅਤੇ ਉਹ ਇਸ ਕੰਮ ਨੂੰ ਜਲਦੀ ਸ਼ੁਰੂ ਕਰਵਾ ਦੇਣਗੇ।
ਰਾਈਟ ਵੇ ਨੇ ਲਵਾਇਆ ਆਸਟਰੇਲੀਆ ਦਾ ਸਟੱਡੀ ਵੀਜ਼ਾ
NEXT STORY