ਸੰਗਰੂਰ (ਵਿਕਾਸ/ਸੰਜੀਵ, ਕਾਂਸਲ)- ਮੁਨਸ਼ੀਵਾਲਾ ਪਿੰਡ ’ਚ ਸ਼ਰਾਬ ਦਾ ਠੇਕਾ ਖੋਲ੍ਹਣ ਦੇ ਵਿਰੋਧ ’ਚ ਇਕੱਠੇ ਹੋਏ ਵੱਡੀ ਗਿਣਤੀ ਵਿਚ ਪਿੰਡ ਵਾਸੀਆਂ ਵੱਲੋਂ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ। ਖੇਤਾਂ ਵਿਚ ਖੋਖਾ ਰੱਖ ਕੇ ਖੋਲ੍ਹੇ ਗਏ ਸ਼ਰਾਬ ਦੇ ਠੇਕੇ ਅੱਗੇ ਧਰਨਾ ਲਾ ਕੇ ਬੈਠੇ ਲੋਕਾਂ ਜਿਨ੍ਹਾਂ ’ਚ ਵੱਡੀ ਗਿਣਤੀ ਵਿਚ ਔਰਤਾਂ ਵੀ ਸ਼ਾਮਲ ਸਨ, ਨੇ ਕਿਹਾ ਕਿ ਜਦੋਂ ਤੱਕ ਇੱਥੋਂ ਸ਼ਰਾਬ ਦਾ ਠੇਕਾ ਨਹੀਂ ਹਟਾਇਆ ਜਾਵੇਗਾ ਉਹ ਇੱਥੇ ਹੀ ਦਿਨ-ਰਾਤ ਡਟੇ ਰਹਿਣਗੇ। ਇਸ ਮੌਕੇ ਨੌਜਵਾਨ ਭਾਰਤ ਸਭਾ (ਪੰਜਾਬ) ਦੇ ਆਗੂ ਪ੍ਰਗਟ ਸਿੰਘ ਕਾਲਾਝਾਡ਼ ਦੀ ਅਗਵਾਈ ਹੇਠ ਪ੍ਰਦਰਸ਼ਨ ਕਰ ਰਹੇ ਲੋਕਾਂ ਨੇ ਦੱਸਿਆ ਕਿ ਪਹਿਲਾਂ ਇਹ ਠੇਕਾ ਪਿੰਡ ’ਚ ਭੀਮਾਖੇਡ਼ੀ ਰੋਡ ’ਤੇ ਖੋਲ੍ਹਿਆ ਗਿਆ ਸੀ ਤੇ ਉੱਥੋਂ ਚੁੱਕ ਕੇ ਹੁਣ ਇਹ ਠੇਕਾ ਪਿੰਡ ਦੇ ਮੁੱਖ ਰਸਤੇ ’ਤੇ ਖੋਲ੍ਹ ਦਿੱਤਾ ਗਿਆ ਹੈ ਜਿਸ ਕਰਕੇ ਇਸ ਰਸਤੇ ਤੋਂ ਲੰਘਣ ਵਾਲੇ ਆਮ ਲੋਕਾਂ ਤੇ ਖ਼ਾਸ ਕਰਕੇ ਖੇਤਾਂ ਵਿਚ ਕੰਮ ਕਰਨ ਲਈ ਆਉਣ-ਜਾਣ ਵਾਲੀਆਂ ਔਰਤਾਂ ਨੂੰ ਵੱਡੀ ਪ੍ਰੇਸ਼ਾਨੀ ਝੱਲਣੀ ਪਵੇਗੀ। ਉਨ੍ਹਾਂ ਕਿਹਾ ਕਿ ਜੇਕਰ ਪ੍ਰਸ਼ਾਸਨ ਇੱਥੋਂ ਠੇਕਾ ਚੁਕਵਾਉਣ ’ਚ ਉਨ੍ਹਾਂ ਦਾ ਸਾਥ ਨਹੀਂ ਦਿੰਦਾ ਤਾਂ ਉਹ ਖੁਦ ਹੀ ਇਸ ਠੇਕੇ ਨੂੰ ਇਥੋਂ ਚੁੱਕ ਕੇ ਨੇਡ਼ਲੀ ਨਹਿਰ ਵਿਚ ਸੁੱਟ ਦੇਣਗੇ। ਔਰਤਾਂ ਨੇ ਆਖਿਆ ਕਿ ਜਦੋਂ ਉਹ ਆਪਣੇ ਖੇਤਾਂ ਵਿਚ ਕੰਮ ਕਰਨ ਲਈ ਜਾਣਗੀਆਂ ਤਾਂ ਸ਼ਰਾਬ ਪੀ ਕੇ ਲੋਕ ਇਥੇ ਹੁੱਲਡ਼ਬਾਜ਼ੀ ਕਰਨਗੇ, ਜਿਸ ਕਾਰਨ ਪਿੰਡ ਦਾ ਮਾਹੌਲ ਖਰਾਬ ਹੋਣ ਦਾ ਵੀ ਡਰ ਰਹੇਗਾ। ਦੂਜੇ ਪਾਸੇ ਮੌਕੇ ’ਤੇ ਪਹੁੰਚੇ ਕਾਲਾਝਾਡ਼/ਚੌਕੀ ਦੇ ਇੰਚਾਰਜ ਐੱਸ. ਆਈ. ਗੀਤਾ ਰਾਣੀ ਨੇ ਕਿਹਾ ਕਿ ਸ਼ਰਾਬ ਦਾ ਠੇਕਾ ਚੁਕਵਾਉਣਾ ਉਨ੍ਹਾਂ ਦੇ ਅਧਿਕਾਰ ਖੇਤਰ ’ਚ ਨਹੀਂ ਹੈ। ਇਸ ਸਬੰਧੀ ਉਨ੍ਹਾਂ ਨੇ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਨੂੰ ਸੂਚਿਤ ਕਰ ਦਿੱਤਾ ਹੈ। ਉਧਰ ਖਬਰ ਲਿਖੇ ਜਾਣ ਤੱਕ ਲੋਕ ਧਰਨੇ ’ਤੇ ਡਟੇ ਹੋਏ ਸਨ ਪ੍ਰਦਰਸ਼ਨਕਾਰੀਆਂ ’ਚ ਹੋਰਨਾਂ ਤੋਂ ਇਲਾਵਾ ਗੁਰਦੀਪ ਸਿੰਘ ਫੱਗੂਵਾਲਾ, ਹਰਭਜਨ ਹੈਪੀ, ਕੁਲਵੀਰ ਸਿੰਘ ਮੁਨਸ਼ੀਵਾਲਾ, ਦੀਪ ਸਿੰਘ, ਦੇਸ ਰਾਜ, ਸ਼ਿੰਦਰ ਕੌਰ, ਨਰਿੰਦਰ ਕੌਰ, ਚਰਨ ਕੌਰ, ਹਰਮੇਲ ਕੌਰ, ਮੂਰਤੀ ਕੌਰ, ਕਰਨੈਲ ਕੌਰ, ਦਿਲਾਵਰੀ ਕੌਰ, ਹਰਜਿੰਦਰ ਕੌਰ, ਸ਼ਿੰਦਰਪਾਲ ਕੌਰ, ਨਛੱਤਰ ਕੌਰ, ਪਾਲੋ ਕੌਰ ਆਦਿ।
ਲੋਕਾਂ ਦਾ ਕਾਂਗਰਸ ਅਤੇ ਅਕਾਲੀ-ਭਾਜਪਾ ਤੋਂ ਹੋਇਆ ਮੋਹ ਭੰਗ : ਭਗਵੰਤ ਮਾਨ
NEXT STORY