ਕਪੂਰਥਲਾ ( ਓਬਰਾਏ)— 550ਵੇਂ ਪ੍ਰਕਾਸ਼ ਪੁਰਬ ਮੌਕੇ ਬੇਸ਼ੱਕ ਸਰਕਾਰ ਪਿੰਡਾਂ ਦੇ ਪੱਧਰ 'ਤੇ 550 ਬੂਟਾ ਲਗਾ ਕੇ ਮਨਾਉਣ ਦਾ ਦਾਅਵਾ ਕਰਦੀ ਹੋਵੇ ਪਰ ਪੰਜਾਬ ਸਰਕਾਰ ਦੀ ਬਣ ਰਹੀ ਸਟੇਜ ਦੇ ਚਲਦਿਆਂ ਕਾਲੀ ਵੇਈਂ 'ਤੇ ਲੱਗੇ ਦਰਖਤਾਂ ਦੀ ਬੇਰਹਿਮੀ ਨਾਲ ਕਟਾਈ ਕੀਤੀ ਜਾ ਰਹੀ ਹੈ। ਵੇਈਂ 'ਤੇ ਲੱਗੀ ਗ੍ਰੀਨ ਸਿਨਰੀ ਨੂੰ ਸੁਰੱਖਿਆ ਦੇ ਨਾਂ 'ਤੇ ਕੱਟਿਆ ਜਾ ਰਿਹਾ ਹੈ। ਲਗਾਤਾਰ ਹੋ ਰਹੀ ਦਰੱਖਤਾਂ ਦੀ ਕਟਾਈ ਦਾ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਗੰਭੀਰ ਨੋਟਿਸ ਲੈਂਦੇ ਹੋਏ ਇਸ ਦਾ ਵਿਰੋਧ ਕੀਤਾ।
ਉਨ੍ਹਾਂ ਕਿਹਾ ਕਿ ਜੇਕਰ ਸੁਰੱਖਿਆ ਦੇ ਲਿਹਾਜ਼ ਨਾਲ ਦਰੱਖਤਾਂ ਦੀ ਕੋਈ ਸਮੱਸਿਆ ਸਰਕਾਰ ਨੂੰ ਨਜ਼ਰ ਆਉਂਦੀ ਹੈ ਤਾਂ ਸੁਰੱਖਿਆ ਵਧਾਉਣੀ ਚਾਹੀਦੀ ਹੈ ਪਰ ਦਰੱਖਤਾਂ ਦਾ ਕਤਲੇਆਮ ਕਰਨਾ ਕੁ ਜਾਇਜ਼ ਹੈ। ਉਨ੍ਹਾਂ ਮੁਤਾਬਕ ਸੁਰੱਖਿਆ ਅਤੇ ਜੰਗਲਾਤ ਵਿਭਾਗ ਦੇ ਨਾਂ 'ਤੇ ਦਰੱਖਤ ਮਾਫੀਆ ਦਰੱਖਤਾਂ ਦੀ ਕਟਾਈ ਕਰ ਰਿਹਾ ਹੈ ਹਾਲਾਂਕਿ ਜਦੋਂ ਸੰਤ ਸੀਚੇਵਾਲ ਵਿਰੋਧ ਕਰ ਰਹੇ ਸਨ ਤਾਂ ਕੁਝ ਪ੍ਰਸ਼ਾਸਨਿਕ ਅਧਿਕਾਰੀ ਵੀ ਮੌਕੇ 'ਤੇ ਪਹੁੰਚੇ ਪਰ ਕੋਈ ਵੀ ਇਸ ਮੁੱਦੇ 'ਤੇ ਬੋਲਣਾ ਨਹੀਂ ਚਾਹੁੰਦਾ ਸੀ।
ਉਨ੍ਹਾਂ ਕਿਹਾ ਕਿ ਸੁਲਤਾਨਪੁਰ ਲੋਧੀ 'ਚ ਵੱਡੇ ਪੱਧਰ 'ਤੇ 550ਵਾਂ ਪ੍ਰਕਾਸ਼ ਪੁਰਬ ਮਨਾਇਆ ਜਾ ਰਿਹਾ ਹੈ, ਜਿਸ ਨੂੰ ਲੈ ਕੇ ਸਰਕਾਰ ਵੱਲੋਂ ਹਰ ਪ੍ਰਬੰਧ ਕੀਤੇ ਜਾ ਰਹੇ ਹਨ। ਇਸ ਸਮਾਗਮ 'ਚ ਲੱਖਾਂ ਦੀ ਗਿਣਤੀ 'ਚ ਸ਼ਰਧਾਲੂ ਆ ਰਹੇ ਹਨ। ਸਾਡੇ ਜਿਊਣ ਵਾਸਤੇ ਹਵਾ ਦੀ ਵੀ ਲੋੜ ਹੈ। ਹਵਾ ਲਈ ਕੀ ਪ੍ਰਬੰਧ ਹਨ? ਉਨਾਂ ਕਿਹਾ ਕਿ ਸਾਹ ਦੇ ਵਾਸਤੇ ਤਾਂ ਦਰੱਖਤ ਹੀ ਸਹਾਈ ਹੋ ਸਕਦੇ ਹਨ।
ਉਨ੍ਹਾਂ ਕਿਹਾ ਕਿ ਇਹ ਦਰੱਖਤ ਕਰੀਬ 15 ਸਾਲਾ ਦੇ ਲੱਗੇ ਹੋਏ ਹਨ। ਹਦਾਇਤਾਂ ਦੇ ਮੁਤਾਬਕ ਅਸੀਂ ਦਰੱਖਤ ਛਾਂਗ ਰਹੇ ਸੀ ਪਰ ਜੰਗਲਾਤ ਵਿਭਾਗ ਦੇ ਨਾਂ 'ਤੇ ਦਰੱਖਤ ਮਾਫੀਆ ਦਰੱਖਤਾਂ ਦੀ ਕਟਾਈ ਕਰ ਰਿਹਾ ਹੈ, ਜਿਸ ਨੂੰ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਵੇਈਂ ਦੇ ਕੰਢੇ ਤਾਂ ਸਿਰਫ ਦਰੱਖਤ ਹੀ ਲੱਗੇ ਹਨ, ਜੇਕਰ ਕੁਦਰਤ ਦੀ ਖੂਬਸੂਰਤੀ ਨੂੰ ਹੀ ਖਤਮ ਕਰ ਦਿੱਤਾ ਜਾਵੇਗਾ ਤਾਂ ਇਥੇ ਬਚੇਗਾ ਕੀ। ਉਨ੍ਹਾਂ ਕਿਹਾ ਕਿ ਇੰਝ ਦਰੱਖਤਾਂ ਦੀ ਕਟਾਈ ਨੂੰ ਅਸੀਂ ਕਦੇ ਵੀ ਬਰਦਾਸ਼ਤ ਨਹੀਂ ਕਰ ਸਕਦੇ।
ਪਾਕਿਸਤਾਨੀ ਸ਼ਰਧਾਲੂਆਂ ਨੂੰ ਉਡੀਕ ਰਿਹੈ ਸਰਹਿੰਦ ਸ਼ਰੀਫ
NEXT STORY