ਨਵਾਂਸ਼ਹਿਰ(ਤ੍ਰਿਪਾਠੀ)— ਹਰਿਆਣਾ ਦੇ ਗੁੜਗਾਓਂ ਵਿਖੇ ਰਿਆਨ ਸਕੂਲ 'ਚ 7 ਸਾਲ ਦੇ ਲੜਕੇ ਦਾ ਸਕੂਲ ਦੇ ਬਾਥਰੂਮ 'ਚ ਕਤਲ ਅਤੇ ਦਿੱਲੀ ਦੇ ਇਕ ਹੋਰ ਨਿੱਜੀ ਸਕੂਲ 'ਚ ਦਰਜਾ ਚਾਰ ਕਰਮਚਾਰੀ ਵੱਲੋਂ 5 ਸਾਲ ਦੇ ਬੱਚੇ ਨਾਲ ਕੀਤੇ ਗਏ ਰੇਪ ਵਰਗੀਆਂ ਘਟਨਾਵਾਂ ਨੇ ਬੱਚਿਆਂ ਦੇ ਮਾਪਿਆਂ ਦੇ ਮੱਥੇ 'ਤੇ ਚਿੰਤਾ ਦੀਆਂ ਲਕੀਰਾਂ ਖਿੱਚ ਦਿੱਤੀਆਂ ਹਨ। ਜਦੋਂ ਬੱਚਾ ਸਕੂਲ ਵਰਗੀ ਥਾਂ 'ਤੇ ਸੁਰੱਖਿਅਤ ਨਹੀਂ ਤਾਂ ਉਹ ਹੋਰ ਕਿੱਥੇ ਸੁਰੱਖਿਅਤ ਹੋ ਸਕਦਾ ਹੈ? ਮੀਡੀਆ ਦੀਆਂ ਸੁਰਖੀਆਂ ਬਣ ਰਹੀਆਂ ਇਸ ਤਰ੍ਹਾਂ ਦੀਆਂ ਘਟਨਾਵਾਂ ਕਾਰਨ ਕੇਂਦਰ ਅਤੇ ਸੂਬਾ ਸਰਕਾਰਾਂ ਵੱਲੋਂ ਸਕੂਲਾਂ ਲਈ ਨਵੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ।
ਸਕੂਲਾਂ ਨੂੰ ਜਾਰੀ ਕੀਤੀ ਗਈ ਹੈ ਮੁੱਖ ਐਡਵਾਈਜ਼ਰੀ
ਨਵੀਂ ਐਡਵਾਈਜ਼ਰੀ ਤਹਿਤ ਕਿਸੇ ਵੀ ਸਕੂਲ-ਕਾਲਜ ਦਾ ਸਟਾਫ ਬਿਨਾਂ ਪੁਲਸ ਵੈਰੀਫਿਕੇਸ਼ਨ ਨਾ ਰੱਖਿਆ ਜਾਵੇ, ਸਕੂਲਾਂ ਦੇ ਪ੍ਰਿੰਸੀਪਲ ਅਤੇ ਮੁੱਖ ਅਧਿਆਪਕ ਬੱਸਾਂ 'ਚ ਬੱਚਿਆਂ ਦੀ ਸੁਰੱਖਿਆ ਪ੍ਰਤੀ ਪੂਰਨ ਤੌਰ 'ਤੇ ਜ਼ਿੰਮੇਵਾਰ ਹੋਣਗੇ, ਬੱਚਿਆਂ ਦੇ ਬਾਥਰੂਮ 'ਚ ਕੋਈ ਵੀ ਸਕੂਲ ਅਧਿਆਪਕ ਜਾਂ ਸਟਾਫ਼ ਮੈਂਬਰ ਨਹੀਂ ਜਾਵੇਗਾ, ਸਕੂਲ ਦੇ ਸਾਰੇ ਮਹੱਤਵਪੂਰਨ ਸਪੌਟਸ 'ਤੇ ਸੀ. ਸੀ. ਟੀ. ਵੀ. ਕੈਮਰੇ ਲਾਉਣੇ ਜ਼ਰੂਰੀ ਹਨ। ਕਿਸੇ ਵੀ ਅਣ-ਅਧਿਕਾਰਤ ਵਿਅਕਤੀ ਦਾ ਸਕੂਲ 'ਚ ਜਾਣਾ ਬੈਨ ਹੋਵੇਗਾ। ਸਕੂਲ ਵਿਚ ਆਉਣ ਵਾਲੇ ਵਿਜ਼ਿਟਰ ਦਾ ਸੰਪਰਕ ਨੰਬਰ ਮੇਨਟੇਨ ਕਰਨਾ ਜ਼ਰੂਰੀ ਹੋਵੇਗਾ, ਸਕੂਲ 'ਚ ਬੱਸ ਡਰਾਈਵਰ-ਕੰਡਕਟਰ ਅਤੇ ਹੋਰ ਸਟਾਫ ਮੈਂਬਰਾਂ ਲਈ ਤੈਅਸ਼ੁਦਾ ਸਥਾਨ ਹੋਣਾ ਜ਼ਰੂਰੀ ਹੋਵੇਗਾ, ਕੇਵਲ ਮਹਿਲਾ ਸਫਾਈ ਕਰਮਚਾਰੀ ਅਤੇ ਅਟੈਂਡੈਂਟ ਹੀ ਪ੍ਰਾਇਮਰੀ ਵਿੰਗ 'ਚ ਡਿਊਟੀ ਕਰ ਸਕਣਗੇ ਅਤੇ ਸਾਰੀਆਂ ਸਕੂਲ ਬੱਸਾਂ, ਜਿਨ੍ਹਾਂ 'ਚ ਲੜਕੀਆਂ ਵੀ ਸਫਰ ਕਰਦੀਆਂ ਹਨ, 'ਚ ਮਹਿਲਾ ਅਟੈਂਡੈਂਟ ਦਾ ਹੋਣਾ ਜ਼ਰੂਰੀ ਹੋਵੇਗਾ। ਸਕੂਲ ਦੇ ਸੂਚਨਾ ਬੋਰਡ 'ਤੇ ਚਾਈਲਡ ਹੈਲਪਲਾਈਨ ਨੰਬਰ 1098, ਜ਼ਿਲਾ ਬਾਲ ਸੁਰੱਖਿਆ ਹੈਲਪਲਾਈਨ ਨੰਬਰ 01823-222323 ਅਤੇ ਐੱਸ. ਐੱਸ. ਪੀ. ਦਫਤਰ ਦਾ ਫੋਨ ਨੰਬਰ 01823-226039 ਲਿਖਿਆ ਜਾਣਾ ਜ਼ਰੂਰੀ ਹੈ।
ਸਕੂਲਾਂ 'ਚ ਨਹੀਂ ਹਨ ਸੀ. ਸੀ. ਟੀ. ਵੀ. ਕੈਮਰੇ
ਜ਼ਿਲਾ ਪ੍ਰਸ਼ਾਸਨ ਵੱਲੋਂ ਸਕੂਲ ਦੇ ਅਹਿਮ ਸਥਾਨਾਂ 'ਤੇ ਸੀ. ਸੀ. ਟੀ. ਵੀ. ਕੈਮਰੇ ਲਾਉਣ ਦੀ ਹਦਾਇਤ ਕੀਤੀ ਗਈ ਹੈ ਪਰ ਕੁਝ ਕੁ ਸਕੂਲਾਂ ਨੂੰ ਛੱਡ ਕੇ ਬਾਕੀਆਂ 'ਚ ਸੀ. ਸੀ. ਟੀ. ਵੀ. ਕੈਮਰੇ ਨਹੀਂ ਲਾਏ ਗਏ। ਇਸੇ ਤਰ੍ਹਾਂ ਦੇ ਹਾਲਾਤ ਬੱਸਾਂ 'ਚ ਜਾਣ ਵਾਲੇ ਬੱਚਿਆਂ ਲਈ ਮਹਿਲਾ ਅਟੈਂਡੈਂਟਸ ਨੂੰ ਲੈ ਕੇ ਵੀ ਹਨ। ਕਈ ਸਕੂਲਾਂ 'ਚ ਤਾਂ ਵਿਦਿਆਰਥੀਆਂ ਦੀ ਸੁਰੱਖਿਆ ਰਾਮ ਭਰੋਸੇ ਹੈ। ਕੁਝ ਸਕੂਲਾਂ ਦੇ ਵਿਦਿਆਰਥੀ ਟੈਂਪੂਆਂ 'ਚ ਵੀ ਹਰ ਦਿਨ ਸਫਰ ਕਰ ਰਹੇ ਹਨ, ਜਿਨ੍ਹਾਂ 'ਚ ਮਹਿਲਾ ਅਟੈਂਡੈਂਟ ਤਾਂ ਦੂਰ ਦੀ ਗੱਲ, ਚਾਲਕ ਹੀ ਕੰਡਕਟਰ ਦਾ ਕੰਮ ਕਰਨ ਨੂੰ ਮਜਬੂਰ ਹਨ ਅਤੇ ਇਹ ਵਾਹਨ ਸੇਫ ਸਕੂਲ ਵਾਹਨ ਪਾਲਿਸੀ ਦੀ ਉਲੰਘਣਾ ਕਰ ਰਹੇ ਹਨ। ਜ਼ਿਲੇ ਦੇ ਸਰਕਾਰੀ ਸਕੂਲਾਂ 'ਚ ਤਾਂ ਇਸ ਤਰ੍ਹਾਂ ਦੀ ਕੋਈ ਸੁਵਿਧਾ ਨਹੀਂ ਹੈ। ਇਸ ਸੰਬੰਧ 'ਚ ਜ਼ਿਲਾ ਸਿੱਖਿਆ ਅਧਿਕਾਰੀ ਨੇ ਕਿਹਾ ਕਿ ਉਨ੍ਹਾਂ ਨੂੰ ਸਿੱਖਿਆ ਵਿਭਾਗ ਵੱਲੋਂ ਇਸ ਤਰ੍ਹਾਂ ਦਾ ਕੋਈ ਆਦੇਸ਼ ਹਾਲੇ ਤੱਕ ਪ੍ਰਾਪਤ ਨਹੀਂ ਹੋਇਆ। ਜੇਕਰ ਇਸ ਤਰ੍ਹਾਂ ਦਾ ਆਦੇਸ਼ ਆਉਂਦਾ ਹੈ ਤਾਂ ਪੰਜਾਬ ਸਰਕਾਰ ਵੱਲੋਂ ਫੰਡ ਜਾਰੀ ਕਰਨ 'ਤੇ ਹੀ ਉਕਤ ਸੁਰੱਖਿਆ ਪ੍ਰਬੰਧਾਂ ਨੂੰ ਅਮਲੀਜਾਮਾ ਪਹਿਨਾਇਆ ਜਾ ਸਕਦਾ ਹੈ।
ਕੀ ਕਹਿੰਦੇ ਹਨ ਐੱਸ.ਐੱਸ.ਪੀ. ਸਤਿੰਦਰ ਸਿੰਘ
ਜਦੋਂ ਜ਼ਿਲੇ 'ਚ ਚੱਲ ਰਹੇ ਸਕੂਲਾਂ 'ਚ ਕੰਮ ਕਰ ਰਹੇ ਅਧਿਆਪਕਾਂ ਅਤੇ ਹੋਰ ਸਟਾਫ ਦੀ ਵੈਰੀਫਿਕੇਸ਼ਨ ਸੰਬੰਧੀ ਐੱਸ.ਐੱਸ.ਪੀ. ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਰਿਕਾਰਡ 'ਚ ਇਸ ਤਰ੍ਹਾਂ ਦੇ ਸਕੂਲ ਨਹੀਂ ਹਨ, ਜਿਨ੍ਹਾਂ 'ਚ ਕੰਮ ਕਰ ਰਹੇ ਅਧਿਆਪਕਾਂ ਦੀ ਵੈਰੀਫਿਕੇਸ਼ਨ ਹੋਈ ਹੋਵੇ। ਜ਼ਿਲਾ ਪ੍ਰਸ਼ਾਸਨ ਵੱਲੋਂ ਸਕੂਲਾਂ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ, ਜਿਸ ਉਪਰੰਤ ਜੋ ਵੀ ਸਕੂਲ ਆਪਣੇ ਕਰਮਚਾਰੀਆਂ ਦੀ ਵੈਰੀਫਿਕੇਸ਼ਨ ਲਿਸਟ ਭੇਜੇਗਾ, ਉਸ ਦੀ ਸੰਬੰਧਤ ਥਾਣਿਆਂ ਰਾਹੀਂ ਵੈਰੀਫਿਕੇਸ਼ਨ ਕਰਵਾਈ ਜਾਵੇਗੀ।
ਕੀ ਕਹਿੰਦੇ ਹਨ ਡਿਪਟੀ ਕਮਿਸ਼ਨਰ ਸੋਨਾਲੀ ਗਿਰੀ
ਇਸ ਸੰਬੰਧ 'ਚ ਡਿਪਟੀ ਕਮਿਸ਼ਨਰ ਸੋਨਾਲੀ ਗਿਰੀ ਨੇ ਦੱਸਿਆ ਕਿ ਉਪ ਮੰਡਲ ਪੱਧਰ 'ਤੇ ਐੱਸ.ਡੀ.ਐੱਮਜ਼ ਨੇ ਨਿੱਜੀ ਸਕੂਲਾਂ ਦੇ ਪ੍ਰਬੰਧਕਾਂ ਨਾਲ ਮੀਟਿੰਗ ਕਰ ਕੇ ਉਨ੍ਹਾਂ ਨੂੰ ਸਰਕਾਰ ਵੱਲੋਂ ਜਾਰੀ ਹਦਾਇਤਾਂ ਦੀ ਜਾਣਕਾਰੀ ਦਿੰਦੇ ਹੋਏ ਇਸ 'ਤੇ ਅਮਲ ਕਰਨ ਦੇ ਆਦੇਸ਼ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਇਸ ਮਹੀਨੇ ਦੇ ਅੰਤ 'ਚ ਨਿੱਜੀ ਸਕੂਲਾਂ ਦੇ ਪ੍ਰਬੰਧਕਾਂ ਨਾਲ ਜ਼ਿਲਾ ਪੱਧਰ 'ਤੇ ਮੀਟਿੰਗ ਰੱਖੀ ਗਈ ਹੈ, ਜਿਸ ਵਿਚ ਉਨ੍ਹਾਂ ਨੂੰ ਪੁਲਸ ਵੈਰੀਫਿਕੇਸ਼ਨ ਅਤੇ ਹੋਰ ਨਾਰਮਸ ਨੂੰ ਲਾਗੂ ਕਰਨ ਲਈ ਸਖਤ ਹਦਾਇਤਾਂ ਜਾਰੀ ਕੀਤੀਆਂ ਜਾਣਗੀਆਂ।
ਅੰਧਵਿਸ਼ਵਾਸ : 'ਕਾਲ' ਦੀਆਂ ਟੁੱਟੀਆਂ ਜੰਜੀਰਾਂ ਨੇ ਗੁਰਮੀਤ ਰਾਮ ਰਹੀਮ ਨੂੰ ਪਹੁੰਚਾਇਆ ਜੇਲ (ਤਸਵੀਰਾਂ)
NEXT STORY