ਦਿੜ੍ਹਬਾ ਮੰਡੀ (ਅਜੈ)-ਸੇਵਾ ਕੇਂਦਰਾਂ 'ਚ ਕੰਮ ਕਰਦੇ ਮੁਲਾਜ਼ਮਾਂ ਨੂੰ ਪਿਛਲੇ ਪੰਜ ਮਹੀਨਿਆਂ ਤੋਂ ਤਨਖਾਹ ਨਾ ਮਿਲਣ ਕਰਕੇ ਤਹਿਸੀਲ ਦਿੜ੍ਹਬਾ ਦੇ ਸਾਰੇ ਸੇਵਾ ਕੇਂਦਰਾਂ ਦੇ ਮੁਲਾਜ਼ਮਾਂ ਨੇ ਸੇਵਾ ਕੇਂਦਰਾਂ ਨੂੰ ਪੂਰਨ ਤੌਰ 'ਤੇ ਬੰਦ ਕਰ ਕੇ ਅੱਜ ਤੀਸਰੇ ਦਿਨ ਵੀ ਆਪਣੀ ਹੜਤਾਲ ਨੂੰ ਜਾਰੀ ਰੱਖਿਆ। ਮੁਲਾਜ਼ਮਾਂ ਨੇ ਪੰਜਾਬ ਸਰਕਾਰ ਅਤੇ ਕੰਪਨੀ ਦਾ ਪੁਤਲਾ ਫੂਕ ਕੇ ਰੋਸ ਪ੍ਰਦਰਸ਼ਨ ਅਤੇ ਪਿੱਟ-ਸਿਆਪਾ ਵੀ ਕੀਤਾ। ਹੜਤਾਲ 'ਚ ਰੋਗਲਾ, ਲਾਡਬੰਜਾਰਾ ਕਲਾਂ, ਖਨਾਲ ਕਲਾਂ, ਗੁੱਜਰਾਂ, ਸਫੀਪੁਰ ਕਲਾਂ ਅਤੇ ਕਮਾਲਪੁਰ ਦੇ ਸੇਵਾ ਕੇਂਦਰਾਂ ਦੇ ਮੁਲਾਜ਼ਮ ਵੀ ਸ਼ਾਮਲ ਹੋਏ। ਧਰਨੇ ਨੂੰ ਸੰਬੋਧਨ ਕਰਦੇ ਹੋਏ ਸੇਵਾ ਕੇਂਦਰ ਮੁਲਾਜ਼ਮ ਪ੍ਰਵੀਨ ਗੋਇਲ, ਜਗਦੀਪ ਸਿੰਘ ਅਤੇ ਹਰਮਨਜੋਤ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਪਿਛਲੇ ਪੰਜ ਮਹੀਨਿਆਂ ਤੋਂ ਤਨਖਾਹ ਨਹੀਂ ਮਿਲ ਰਹੀ ਅਤੇ ਕੰਪਨੀ ਬਿਨਾਂ ਤਨਖਾਹ ਤੋਂ ਹੀ ਕੰਮ ਕਰਨ ਲਈ ਕਹਿ ਰਹੀ ਹੈ। ਕੋਈ ਵੀ ਉੱਚ ਅਧਿਕਾਰੀ ਸਾਡੀ ਗੱਲ ਸੁਣਨ ਲਈ ਤਿਆਰ ਨਹੀਂ ਹੈ।
ਜਦੋਂ ਕੰਪਨੀ ਦੇ ਅਧਿਕਾਰੀਆਂ ਨਾਲ ਤਨਖਾਹ ਬਾਰੇ ਗੱਲ ਕੀਤੀ ਜਾਂਦੀ ਹੈ ਤਾਂ ਉਹ ਸਰਕਾਰਾਂ 'ਤੇ ਗੱਲ ਛੱਡ ਦਿੰਦੇ ਹਨ ਪਰ ਜਦੋਂ ਸਰਕਾਰੀ ਅਧਿਕਾਰੀਆਂ ਨਾਲ ਰਾਬਤਾ ਕਾਇਮ ਕੀਤਾ ਜਾਂਦਾ ਹੈ ਤਾਂ ਉਹ ਤਨਖਾਹ ਦੇਣ ਲਈ ਕੰਪਨੀ ਨੂੰ ਜ਼ਿੰਮੇਵਾਰ ਠਹਿਰਾਅ ਦਿੰਦੇ ਹਨ। ਕੰਪਨੀ ਦੇ ਲੁਧਿਆਣਾ ਜ਼ੋਨ ਦੇ ਮੁਖੀ ਅਮਿਤਾਭ ਗੋਸ ਨੇ ਵੀ ਮੁਲਾਜ਼ਮਾਂ ਨੂੰ ਹੜਤਾਲ ਖਤਮ ਕਰਨ ਲਈ ਕਿਹਾ ਪਰ ਮੁਲਾਜ਼ਮਾਂ ਨੇ ਕਿਹਾ ਕਿ ਜਦੋਂ ਤੱਕ ਤਨਖਾਹ ਨਹੀਂ ਮਿਲ ਜਾਂਦੀ, ਉਹ ਉਦੋਂ ਤੱਕ ਆਪਣਾ ਕੰਮ ਸ਼ੁਰੂ ਨਹੀਂ ਕਰਨਗੇ। ਸੇਵਾ ਕੇਂਦਰਾਂ ਦੇ ਮੁਲਾਜ਼ਮਾਂ ਵੱਲੋਂ ਤਿੰਨ ਦਿਨਾਂ ਤੋਂ ਹੜਤਾਲ ਕੀਤੇ ਜਾਣ ਕਾਰਨ ਤਹਿਸੀਲ ਦਫਤਰ ਦਿੜ੍ਹਬਾ ਤੇ ਬਾਕੀ ਸੇਵਾ ਕੇਂਦਰਾਂ 'ਤੇ ਵੀ ਲੋਕਾਂ ਨੂੰ ਆਪਣੇ ਕੰਮ ਨਾ ਹੋਣ ਕਰਕੇ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਵਿਦਿਆਰਥੀਆਂ ਤੇ ਮੁਲਾਜ਼ਮਾਂ ਘੇਰਿਆ ਮੁੱਖ ਮੰਤਰੀ ਦਾ ਸ਼ਹਿਰ
NEXT STORY