ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ)-ਬਦਲ ਰਹੇ ਮੌਸਮ ਨੂੰ ਧਿਆਨ 'ਚ ਰੱਖਦਿਆਂ ਭਾਵੇਂ ਸਿਹਤ ਵਿਭਾਗ ਵੱਲੋਂ ਆਮ ਲੋਕਾਂ ਨੂੰ ਡੇਂਗੂ ਅਤੇ ਮਲੇਰੀਆ ਜਿਹੀ ਭਿਆਨਕ ਬਿਮਾਰੀਆਂ ਤੋਂ ਬਚਣ ਲਈ ਆਪਣੇ ਆਲੇ-ਦੁਆਲੇ ਪੂਰੀ ਸਫ਼ਾਈ ਰੱਖਣ ਤੋਂ ਇਲਾਵਾ ਪਾਣੀ ਇਕੱਠਾ ਹੋਣ ਦੀ ਸਲਾਹ ਦਿੱਤੀ ਜਾ ਰਹੀ ਹੈ। ਇਸ ਤੋਂ ਇਲਾਵਾ ਸਕੂਲਾਂ ਅਤੇ ਹੋਰ ਜਨਤਕ ਥਾਵਾਂ 'ਤੇ ਸੈਮੀਨਾਰ ਲਗਾ ਕੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਪਰ ਦੂਜੇ ਪਾਸੇ ਜੇਕਰ ਦੇਖਿਆ ਜਾਵੇ ਤਾਂ ਇੰਝ ਪ੍ਰਤੀਤ ਹੋ ਰਿਹਾ ਹੈ ਜਿਵੇਂ ਜਨ ਸਿਹਤ ਵਿਭਾਗ ਨੇ ਲੋਕਾਂ ਨੂੰ ਮੁਫ਼ਤ 'ਚ ਬਿਮਾਰੀਆਂ ਵੰਡਣ ਦਾ ਠੇਕਾ ਲੈ ਰੱਖਿਆ ਹੈ। ਜਿਸ ਦੀ ਮਿਸਾਲ ਸਥਾਨਕ ਬਾਵਾ ਸੰਤ ਸਿੰਘ ਰੋਡ, ਬਿਜਲੀ ਵਾਲਾ ਖੂਹ ਅਤੇ ਗੋਪਾਲ ਸਿੰਘ ਸਟਰੀਟ ਤੋਂ ਸਹਿਜੇ ਹੀ ਦੇਖਣ ਨੂੰ ਮਿਲਦੀ ਹੈ, ਜਿੱਥੇ ਪਿਛਲੇ ਲੰਮੇ ਸਮੇਂ ਤੋਂ ਖੜਦੇ ਸੀਵਰੇਜ ਦੇ ਗੰਦੇ ਪਾਣੀ ਨੇ ਦੁਕਾਨਦਾਰਾਂ ਅਤੇ ਰਾਹਗੀਰਾਂ ਦੇ ਨੱਕ ਵਿਚ ਦਮ ਕਰ ਰੱਖਿਆ ਹੈ, ਉਥੇ ਹੀ ਬਾਜ਼ਾਰ ਦੇ ਦੁਕਾਨਦਾਰਾਂ ਦਾ ਕਾਰੋਬਾਰ ਵੀ ਕਾਫ਼ੀ ਪ੍ਰਭਾਵਿਤ ਹੋ ਰਿਹਾ ਹੈ। ਸੜਕ 'ਤੇ ਸਵੇਰ ਸਮੇਂ ਤੋਂ ਹੀ ਸੀਵਰੇਜ ਦਾ ਗੰਦਾ ਪਾਣੀ ਖੜਾ ਰਹਿਣ ਕਾਰਨ ਦੁਕਾਨਦਾਰਾਂ ਨੂੰ ਆਪਣੀਆਂ ਦੁਕਾਨਾਂ 'ਤੇ ਬੈਠਣਾ ਵੀ ਮੁਸ਼ਕਿਲ ਹੋ ਰਿਹਾ ਹੈ।
ਬਿਮਾਰੀਆਂ ਫੈਲਣ ਦਾ ਡਰ
ਸਥਾਨਕ ਬਾਜਾਰ ਦੇ ਦੁਕਾਨਦਾਰਾਂ ਨੇ ਦੱਸਿਆ ਕਿ ਉਨ੍ਹਾਂ ਦੀਆਂ ਦੁਕਾਨਾਂ ਅੱਗੇ ਸਵੇਰ ਤੋਂ ਹੀ ਸੀਵਰੇਜ ਦਾ ਗੰਦਾ ਪਾਣੀ ਭਰਿਆ ਹੋਣ ਅਤੇ ਉਸ 'ਚੋਂ ਹਰ ਸਮੇਂ ਗੰਦੀ ਬਦਬੂ ਆਉਣ ਕਾਰਨ ਜਿੱਥੇ ਉਨ੍ਹਾਂ ਦਾ ਕੰਮ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ ਉਥੇ ਹੀ ਗੰਦੇ ਪਾਣੀ 'ਚ ਮਛੱਰਾਂ ਦੀ ਭਰਮਾਰ ਹੋਣ ਕਾਰਨ ਹਰ ਸਮੇਂ ਭਿਆਨਕ ਬਿਮਾਰੀਆਂ ਫੈਲਣ ਦਾ ਡਰ ਬਣਿਆ ਰਹਿੰਦਾ ਹੈ। ਜਿਸ ਕਾਰਨ ਦੁਕਾਨਦਾਰਾਂ ਨੂੰ ਆਪਣੀਆਂ ਦੁਕਾਨ 'ਤੇ ਬੈਠਨਾ ਵੀ ਮੁਸ਼ਕਿਲ ਹੋ ਗਿਆ ਹੈ
ਫਾਕੇ ਕੱਟਣ ਲਈ ਮਜ਼ਬੂਰ ਦੁਕਾਨਦਾਰ
ਪ੍ਰਭਾਵਿਤ ਦੁਕਾਨਦਾਰਾਂ ਨੇ ਦੁਖੀ ਮਨ ਨਾਲ ਦੱਸਿਆ ਕਿ ਉਨ੍ਹਾਂ ਦੀਆਂ ਦੁਕਾਨਾਂ ਅੱਗੇ ਹਰ ਵੇਲੇ ਸੀਵਰੇਜ ਦਾ ਗੰਦਾ ਪਾਣੀ ਖੜ੍ਹਾ ਹੋਣ ਕਾਰਨ ਗ੍ਰਾਹਕ ਬਾਹਰੋਂ ਹੀ ਮੁੜ ਜਾਂਦਾ ਹੈ, ਜਿਸ ਕਾਰਨ ਦੁਕਾਨਦਾਰ ਫਾਕੇ ਕੱਟਣ ਲਈ ਮਜ਼ਬੂਰ ਹਨ।
ਨਹੀਂ ਹੋ ਰਿਹਾ ਮੁਸ਼ਕਿਲ ਦਾ ਹੱਲ
ਦੁਕਾਨਦਾਰਾਂ ਨੇ ਦੱਸਿਆ ਕਿ ਉਹ ਆਪਣੀ ਇਸ ਗੰਭੀਰ ਸਮੱਸਿਆ ਨੂੰ ਲੈ ਕੇ ਅਨੇਕਾਂ ਵਾਰ ਸਬੰਧਤ ਵਿਭਾਗ ਦੇ ਉਚ ਅਧਿਕਾਰੀਆਂ ਨੂੰ ਮਿਲ ਚੁੱਕੇ ਹਨ ਪਰ ਸਮੱਸਿਆ ਜਿਉਂ ਦੀ ਤਿਉਂ ਬਣੀ ਹੋਈ ਹੈ। ਜਦਕਿ ਕਦੇ-ਕਦੇ ਸਫ਼ਾਈ ਕਰਮਚਾਰੀ ਸੀਵਰੇਜ ਦੀ ਸਫ਼ਾਈ ਕਰਕੇ ਇਕ ਵਾਰ ਤਾਂ ਇਸ ਨੂੰ ਚਲਾ ਦਿੰਦੇ ਹਨ ਪਰ ਅਗਲੇ ਹੀ ਦਿਨ ਇਹ ਸਮੱਸਿਆ ਫਿਰ ਦੁਬਾਰਾ ਸ਼ੁਰੂ ਹੋ ਜਾਂਦੀ ਹੈ।
ਦੁਕਾਨਾਂ ਅੱਗੋਂ ਬਾਜਾਰ ਦੇ ਫਰਸ਼ ਕੀਤੇ ਉੱਚੇ
ਹਰ ਰੋਜ਼ ਦੀ ਇਸ ਸਮੱਸਿਆ ਤੋਂ ਪ੍ਰੇਸ਼ਾਨ ਕੁਝ ਦੁਕਾਨਦਾਰਾਂ ਨੇ ਆਪਣੀਆਂ ਦੁਕਾਨਾਂ ਅੱਗੋਂ ਬਾਜਾਰ ਦੇ ਫਰਸ਼ ਨੂੰ ਉਚਾ ਕਰਵਾ ਲਿਆ ਹੈ ਤਾਂ ਜੋ ਸੀਵਰੇਜ ਦਾ ਗੰਦਾ ਪਾਣੀ ਉਨ੍ਹਾਂ ਦੀ ਦੁਕਾਨ ਤੋਂ ਦੂਰ ਹੋ ਸਕੇ। ਪਰ ਜੇਕਰ ਦੇਖਿਆ ਜਾਵੇ ਤਾਂ ਇਹ ਕੋਈ ਸਮੱਸਿਆ ਦਾ ਢੁੱਕਵਾ ਹੱਲ ਨਹੀਂ ਹੈ ਕਿਉਂਕਿ ਜੇਕਰ ਹਰ ਦੁਕਾਨਦਾਰ ਅਜਿਹਾ ਕਰਦਾ ਹੈ ਤਾਂ ਜਿੱਥੇ ਬਾਜਾਰ ਦੀ ਚੌੜਾਈ ਘੱਟ ਜਾਵੇਗੀ, ਉਥੇ ਸੀਵਰੇਜ ਦਾ ਸਾਰਾ ਪਾਣੀ ਸੜਕ ਦੇ ਵਿਚਕਾਰ ਖੜ੍ਹਾ ਹੋ ਜਾਵੇਗਾ।
ਕੀ ਕਹਿਣਾ ਹੈ ਸਬੰਧਤ ਵਿਭਾਗ ਦੇ ਐਕਸੀਅਨ ਦਾ
ਜਦ ਇਸ ਗੰਭੀਰ ਸਮੱਸਿਆ ਸਬੰਧੀ ਵਿਭਾਗ ਦੇ ਐਕਸੀਅਨ ਅਮਰੀਕ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਬਾਜਾਰ ਦੀ ਸੜਕ ਉਚੀ ਹੋਣ ਤੋਂ ਇਲਾਵਾ ਸੀਵਰੇਜ ਸਿਸਟਮ ਕਾਫ਼ੀ ਪੁਰਾਣਾ ਹੋਣ ਕਾਰਨ ਇਹ ਸਮੱਸਿਆ ਆ ਰਹੀ ਹੈ। ਉਨ੍ਹਾਂ ਦੱਸਿਆ ਕਿ ਸ਼ਹਿਰ ਦੀ ਸੀਵਰੇਜ ਸਮੱਸਿਆ ਦੇ ਹੱਲ ਲਈ ਪੰਜਾਬ ਸਰਕਾਰ ਨੂੰ 65 ਕਰੋੜ ਰੁਪਏ ਦਾ ਬਜਟ ਬਣਾ ਕੇ ਭੇਜਿਆ ਗਿਆ ਹੈ ਅਤੇ ਜਿਵੇਂ ਹੀ ਗ੍ਰਾਂਟ ਜਾਰੀ ਹੋਵੇਗੀ। ਇਸ ਸਮੱਸਿਆ ਦਾ ਪਹਿਲ ਦੇ ਅਧਾਰ 'ਤੇ ਹੱਲ ਕੀਤਾ ਜਾਵੇਗਾ।
2 ਔਰਤਾਂ ਤੋਂ 13500 ਐੱਮ. ਐੱਲ. ਨਾਜਾਇਜ਼ ਸ਼ਰਾਬ ਬਰਾਮਦ
NEXT STORY