ਚੀਚਾ/ ਝਬਾਲ (ਬਖਤਾਵਰ, ਲਾਲੂਘੁੰਮਣ) - ਸਿੱਖਾਂ ਦੀ ਮਿੰਨੀ ਪਾਰਲੀਮੈਂਟ ਵੱਲੋਂ ਜਾਣੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹਰ ਸਾਲ ਕਰੋੜਾਂ ਰੁਪਏ ਦਾ ਬਜ਼ਟ ਸਿੱਖਿਆ 'ਤੇ ਖ਼ਰਚ ਕਰਨ ਲਈ ਰੱਖਿਆ ਜਾਂਦਾ ਹੈ 'ਤੇ ਲੱਖ ਦਾਅਵੇ ਕੀਤੇ ਜਾਂਦੇ ਹਨ ਕਿ ਸਿੱਖਿਆ ਦਾ ਮਿਆਰ ਉੱਚਾ ਚੁੱਕਿਆ ਜਾਵੇਗਾ ਪਰ ਧਰਾਤਲ ਤੇ ਸਚਾਈ ਇਹ ਹੈ ਕਿ ਵਿੱਦਿਅਕ ਅਦਾਰਿਆਂ 'ਚ ਸਿੱਧੇ ਰੂਪ 'ਚ ਸਿਆਸੀ ਦਖਲ ਅੰਦਾਜ਼ੀ ਤਾਂ ਇਕ ਪਾਸੇ ਰਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧਿਕਾਰੀਆਂ ਦੇ ਬੱਚਿਆਂ ਲਈ ਇਹ ਵਿੱਦਿਅਕ ਅਦਾਰੇ ਕਮਾਈ ਦਾ ਅੱਡਾ ਬਣ ਕੇ ਰਹਿ ਗਏ ਹਨ। ਜਾਣਕਾਰੀ ਮਿਲੀ ਹੈ ਕਿ ਸਾਲ 2017-2018 'ਚ ਸ਼੍ਰੋਮਣੀ ਕਮੇਟੀ ਨੇ 227 ਕਰੋੜ ਰੁਪਏ ਦਾ ਬਜਟ ਸਿੱਖਿਆ ਲਈ ਰੱਖਿਆ ਅਤੇ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਦਾਅਵਾ ਕੀਤਾ ਗਿਆ ਪਰ ਜੇਕਰ ਮਿਸਾਲ ਵੇਖਣੀ ਹੋਵੇ ਤਾਂ ਐੱਸ. ਜੀ. ਪੀ. ਸੀ. ਦੇ ਪ੍ਰਬੰਧ ਅਧੀਨ ਮੁੱਖ ਹੈਡਕੁਆਟਰ ਤੋਂ ਚੰਦ ਕੁ ਕਿਲੋਮੀਟਰ ਦੂਰੀ ਸਥਿਤ ਸ਼ਹੀਦ ਬਾਬਾ ਜੀਵਨ ਸਿੰਘ ਖਾਲਸਾ ਕਾਲਜ ਗੁਰੂਸਰ ਸਤਲਾਨੀ ਸਾਹਿਬ ਦੀ ਹਾਲਾਤ ਤੋਂ ਸਾਰੀ ਸਥਿਤੀ ਸਾਹਮਣੇ ਆ ਜਾਂਦੀ ਹੈ। ਇਸ ਵਕਤ ਇਸ ਕਾਲਜ 'ਚ 350 ਦੇ ਕਰੀਬ ਵਿਦਿਆਰਥੀ ਸਿੱਖਿਆ ਗ੍ਰਹਿਣ ਕਰ ਰਹੇ ਹਨ। ਰੈਗੂਲਰ, ਐਡਹਾਕ ਅਤੇ ਕੰਟਰੈਕਟਰ ਦੇ ਅਧਾਰ 'ਤੇ ਟੀਚਿੰਗ ਨਾਨ ਟੀਚਿੰਗ ਸਟਾਫ ਸਮੇਤ 17 ਦੇ ਕਰੀਬ ਪੋਸਟਾਂ ਕੰਮ ਕਰ ਰਹੀਆਂ ਹਨ। ਸੂਤਰਾਂ ਮੁਤਾਬਕ ਐਡਹਾਕ 'ਤੇ ਰੱਖੇ 3 ਅਧਿਆਪਕ ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਦੇ ਰਿਸ਼ਤੇਦਾਰ ਹਨ। ਕਾਲਜ ਵਿਚ ਅਜੇ ਤੱਕ ਬਾਇਓ ਮੀਟ੍ਰਿਕ (ਅਗੂੰਠਾ ਮਸੀਨ) ਰਾਹੀ ਹਾਜ਼ਰੀ ਲੱਗਣੀ ਸ਼ੂਰੂ ਨਾ ਹੋਣ ਕਾਰਨ ਉਕਤ ਲੈਕਚਰਾਰ ਕਾਲਜ ਮਨ ਮਰਜ਼ੀ ਨਾਲ ਆਂਉਦੇ ਹਨ ਅਤੇ ਆਪਣੀਆਂ ਹਾਜ਼ਰੀਆਂ ਕਾਲਜ ਦੇ ਪ੍ਰਿੰਸੀਪਲ ਨੂੰ ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਦੇ ਰਿਸ਼ਤੇਦਾਰ ਹੋਣ ਦੀ ਧੌਂਸ ਵਿਖਾਕੇ ਧੱਕੇ ਨਾਲ ਪੂਰੀਆਂ ਕਰ ਲੈਂਦੇ ਹਨ। ਕਾਲਜ ਕੈਂਪਸ 'ਚ ਸੀ. ਸੀ. ਟੀ. ਵੀ. ਦਾ ਪ੍ਰਬੰਧ ਵੀ ਨਹੀਂ ਕੀਤਾ ਗਿਆ। ਇਲਾਕਾ ਨਿਵਾਸੀ ਮੋਹਤਬਰਾਂ ਦਾ ਕਹਿਣਾ ਸੀ ਕਿ ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਦੀ ਲਾਪਰਵਾਹੀ ਦੇ ਢਿੱਲੇ ਪ੍ਰਬੰਧ ਕਾਰਨ ਸਰਹੱਦੀ ਖੇਤਰ ਦੀ ਇਹ ਸੰਸਥਾ ਜੋ ਦਿਹਾਤੀ ਖੇਤਰ ਦੇ ਨੌਜਵਾਨਾਂ ਲਈ ਵਰਦਾਨ ਸੀ ਅੱਗੇ ਵੱਧਣ ਦੀ ਬਜਾਏ ਨਿਘਾਰਤਾ ਵੱਲ ਵਧ ਰਹੀ ਹੈ।
ਕੀ ਕਹਿੰਦੇ ਨੇ ਕਾਲਜ ਸੁਪਰਡੈਂਟ
ਕਾਲਜ ਸੁਪਰਡੈਂਟ ਹਰਜਿੰਦਰ ਸਿੰਘ ਨੇ ਕਿਹਾ ਕਿ ਉਹ ਉਕਤ ਲੈਕਚਰਾਰਾਂ ਦੀ ਨਿਯੁਕਤੀ ਨੂੰ ਬੇਸ਼ੱਕ ਠੀਕ ਨਹੀਂ ਮੰਨਦੇ ਪਰ ਉਨ੍ਹਾਂ ਦਾ ਉਕਤ ਨਿਯੁਕਤੀਆਂ ਨਾਲ ਕੋਈ ਸਬੰਧ ਨਹੀਂ ਹੈ, ਕਿਉਂਕਿ ਉਹ ਕੁਝ ਮਹੀਨੇ ਪਹਿਲਾਂ ਹੀ ਕਾਲਜ 'ਚ ਆਪਣੇ ਆਹੁਦੇ 'ਤੇ ਬਿਰਾਜਮਾਨ ਹੋਏ ਹਨ ਅਤੇ ਇਹ ਨਿਯੁਕਤੀਆਂ ਉਨ੍ਹਾਂ ਤੋਂ ਪਹਿਲਾਂ ਹੋਈਆਂ ਹਨ।
ਕੀ ਕਹਿੰਦੇ ਨੇ ਕਾਲਜ ਦੇ ਪ੍ਰਿੰਸੀਪਲ
ਕਾਲਜ ਦੇ ਪ੍ਰਿੰਸੀਪਲ ਡਾ: ਫੁਲਵਿੰਦਰਪਾਲ ਸਿੰਘ ਨਾਲ ਸੰਪਰਕ ਕਰਨ 'ਤੇ ਉਨ੍ਹਾਂ ਨੇ ਸੀ. ਸੀ. ਟੀ. ਵੀ ਤੇ ਬਾਇਓ-ਮੈਟ੍ਰਿਕ ਪ੍ਰਣਾਲੀ ਦੀ ਕਮੀ ਹੋਣ ਲਈ ਫੰਡਾਂ ਦੀ ਘਾਟ ਦਾ ਹਵਾਲਾ ਦਿੰਦਿਆਂ ਦੱਸਦਿਆਂ ਲੈਕਚਰਾਰ ਮਾਮਲੇ 'ਚ ਸਿਆਸੀ ਪ੍ਰਭਾਵ ਵਰਤੇ ਜਾਣ ਦੀ ਗੱਲ 'ਤੇ ਬੋਲਣ ਤੋਂ ਪ੍ਰਹੇਜ਼ ਕਰ ਦਿੱਤਾ।
ਕੀ ਕਹਿੰਦੇ ਨੇ ਸਿੱਖਿਆ ਡਾਇਰੈਕਟਰ
ਸਿੱਖਿਆ ਡਾਇਰੈਕਟਰ ਐਸ. ਜੀ. ਪੀ. ਸੀ ਨਾਲ ਗੱਲਬਾਤ ਕਰਨ 'ਤੇ ਉਕਤ ਮਾਮਲੇ ਤੋਂ ਅਗਿਆਨਤਾ ਪ੍ਰਗਟ ਕਰਦਿਆਂ ਉਨ੍ਹਾਂ ਕਿਹਾ ਕਿ ਉਹ ਤੱਥਾਂ ਦੀ ਘੋਖ ਕਰਨਗੇ ਅਤੇ ਲੈਕਚਰਾਰਾਂ ਦੀ ਨਿਯੁਕਤੀ ਮੈਰਟ ਦੇ ਅਧਾਰ 'ਤੇ ਕੀਤੀ ਜਾਂਦੀ ਹੈ। ਇਸ ਲਈ ਇਹ ਸੰਭਵ ਨਹੀਂ ਹੈ ਕਿ ਕਿਸੇ ਵੀ ਲੈਕਚਰਾਰ ਦੀ ਨਿਯੁਕਤੀ ਕਿਸੇ ਦੇ ਪ੍ਰਭਾਵ ਜਾਂ ਦਬਾਅ ਹੇਠ ਬਿਨ੍ਹਾਂ ਮੈਰਟ ਤੋਂ ਕੀਤੀ ਗਈ ਹੋਵੇ, ਫਿਰ ਵੀ ਉਹ ਸਾਰੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਾਉਣਗੇ।
ਦਿਆਲ ਸਿੰਘ ਮਜੀਠੀਆ ਕਾਲਜ ਦਾ ਨਾਂਅ ਬਦਲਣ ਖਿਲਾਫ਼ ਅਕਾਲੀਆਂ ਨੇ ਕੀਤਾ ਰੋਸ ਪ੍ਰਦਰਸ਼ਨ
NEXT STORY