ਮਲੋਟ (ਜੁਨੇਜਾ, ਵਿਕਾਸ) - ਅੱਜ ਦੁਪਹਿਰ ਬਾਅਦ ਇਕ ਸਪੇਅਰ ਪਾਰਟਸ ਤੇ ਪੇਂਟ ਦੀ ਦੁਕਾਨ ਨੂੰ ਅੱਗ ਲੱਗ ਗਈ। ਇਸ ਅੱਗ 'ਤੇ ਕਾਬੂ ਪਾਉਣ ਲਈ ਮਲੋਟ ਫਾਇਰ ਸਟੇਸ਼ਨ ਤੋਂ ਪੁੱਜੀਆਂ ਗੱਡੀਆਂ ਨੂੰ ਕਾਫੀ ਮੁਸ਼ੱਕਤ ਕਰਨੀ ਪਈ ਪਰ ਆਲੇ-ਦੁਆਲੇ ਦੀਆਂ ਦੁਕਾਨਾਂ ਦੇ ਲਪੇਟ ਵਿਚ ਆਉਣ ਦੇ ਡਰੋਂ ਸ੍ਰੀ ਮੁਕਤਸਰ ਸਾਹਿਬ ਤੇ ਗਿੱਦੜਬਾਹਾ ਤੋਂ ਵੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੂੰ ਬੁਲਾਉਣਾ ਪਿਆ। ਜਾਣਕਾਰੀ ਅਨੁਸਾਰ ਕੌਮੀ ਸ਼ਾਹ ਮਾਰਗ 'ਤੇ ਐੱਚ. ਡੀ. ਐੱਫ. ਸੀ. ਬੈਂਕ ਨੇੜੇ ਛਾਬੜਾ ਬਾਡੀ ਪਾਰਟਸ ਤੇ ਪੇਂਟ ਦੀ ਦੁਕਾਨ ਨੂੰ ਅੱਗ ਲੱਗ ਗਈ। ਇਹ ਅੱਗ ਉਪਰਲੀ ਮੰਜ਼ਿਲ 'ਚੋਂ ਪੈਣ ਕਾਰਨ ਅੱਗ ਬੁਝਾਊ ਅਮਲੇ ਨੂੰ ਕਾਬੂ ਪਾਉਣ ਲਈ ਕਾਫ਼ੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਦੁਕਾਨ ਦੇ ਮਾਲਕ ਸੁਰੇਸ਼ ਕੁਮਾਰ ਛਾਬੜਾ ਨੇ ਦੱਸਿਆ ਕਿ 3 ਵਜ ਕੇ 50 ਮਿੰਟ 'ਤੇ ਉਨ੍ਹਾਂ ਦੁਕਾਨ 'ਚੋਂ ਧੂੰਆਂ ਨਿਕਲਦਾ ਵੇਖਿਆ ਪਰ ਜਲਦੀ ਅੱਗ ਫੈਲਣ ਤੋਂ ਬਾਅਦ ਉਨ੍ਹਾਂ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ, ਜਿਸ 'ਤੇ ਫਾਇਰ ਬ੍ਰਿਗੇਡ ਦੇ ਚਾਰ ਸਬ-ਫਾਇਰ ਅਫਸਰ ਪਿੱਪਲ ਸਿੰਘ, ਦਵਿੰਦਰ ਸਿੰਘ, ਬਲਦਵੇ ਸਿੰਘ ਤੇ ਗੁਰਸ਼ਰਲ ਸਿੰਘ ਬਿੱਟੂ ਦੀ ਅਗਵਾਈ ਵਿਚ ਫਾਇਰ ਬ੍ਰਿਗੇਡ ਅਮਲੇ ਨੇ ਮੌਕੇ 'ਤੇ ਪੁੱਜ ਕੇ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ। ਉਧਰ, ਸੂਚਨਾ ਮਿਲਦਿਆਂ ਹੀ ਮਲੋਟ ਦੇ ਏ. ਐੱਸ. ਪੀ. ਦੀਪਕ ਪਾਰੀਕ ਆਈ. ਪੀ. ਐੱਸ. ਤੇ ਐੱਸ. ਐੱਚ. ਓ. ਬੂਟਾ ਸਿੰਘ ਨੇ ਮੌਕੇ 'ਤੇ ਪੁੱਜ ਕੇ ਸਥਿਤੀ ਦਾ ਜਾਇਜ਼ਾ ਲਿਆ।
ਮੀਂਹ ਕਾਰਨ ਮੌਸਮ ਹੋਇਆ ਖੁਸ਼ਗਵਾਰ
NEXT STORY