ਜਲੰਧਰ (ਮਹੇਸ਼)— ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜਾ ਮਨਾਉਣ ਲਈ ਸਿਟੀ ਰੇਲਵੇ ਸਟੇਸ਼ਨ 'ਤੇ ਹਜ਼ਾਰਾਂ ਦੀ ਗਿਣਤੀ 'ਚ ਸੰਗਤ ਬੇਗਮਪੁਰਾ ਐਕਸਪ੍ਰੈੱਸ ਦੇ ਮੱਧ ਨਾਲ ਬਨਾਰਸ ਲਈ ਰਵਾਨਾ ਹੋਈ। ਇਸ ਮੌਕੇ ਸੰਗਤ ਨੇ ਵਿਸ਼ਵ ਪ੍ਰਸਿੱਧ ਡੇਰਾ ਸੰਤ ਸਰਵਣ ਦਾਸ ਜੀ ਸੱਚਖੰਡ ਬੱਲਾਂ ਦੇ ਮੌਜੂਦ ਗੱਦੀਨਸ਼ੀਨ ਮਹਾਰਾਜ ਸੰਤ ਨਿਰੰਜਨ ਦਾਸ ਜੀ ਦਾ ਆਸ਼ੀਰਵਾਦ ਵੀ ਲਿਆ। ਟਰੇਨ ਨੂੰ ਰਵਾਨਾ ਕਰਦੇ ਸਮੇਂ ਫੁੱਲਾਂ ਦੀ ਵਰਖਾ ਵੀ ਕੀਤੀ ਗਈ। ਟਰੇਨ 'ਚ ਸਵਾਰ ਸ਼ਰਧਾਲੂਆਂ ਦੀ ਅਗਵਾਈ ਵੀ ਮਹਾਰਾਜ ਸੰਤ ਨਿਰੰਜਣ ਦਾਸ ਨੇ ਕੀਤੀ। ਮਿਲੀ ਜਾਣਕਾਰੀ ਅਨੁਸਾਰ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬਹੁਤ ਵੱਡੀ ਗਿਣਤੀ 'ਚ ਬਨਾਰਸ ਗਏ ਸ਼ਰਧਾਲੂ ਸ੍ਰੀ ਗੁਰੂ ਰਵਿਦਾਸ ਜੀ ਦੇ ਜਨਮ ਅਸਥਾਨ ਸੀਰ ਗੋਵਰਧਨਪੁਰ ਵਿਚ 642ਵਾਂ ਪ੍ਰਕਾਸ਼ ਦਿਹਾੜਾ 19 ਫਰਵਰੀ ਨੂੰ ਬਹੁਤ ਸ਼ਰਧਾ ਨਾਲ ਮਨਾਉਣਗੇ।
20 ਬੋਗੀਆਂ, 2000 ਤੋਂ ਜ਼ਿਆਦਾ ਸ਼ਰਧਾਲੂ
ਬੇਗਮਪੁਰਾ ਐਕਸਪ੍ਰੈੱਸ ਟਰੇਨ ਦੀਆਂ ਕੁਲ 20 ਬੋਗੀਆਂ ਸਨ ਅਤੇ 2000 ਤੋਂ ਜ਼ਿਆਦਾ ਸ਼ਰਧਾਲੂ ਟਰੇਨ 'ਚ ਸਵਾਰ ਸਨ। ਹਰ ਸ਼ਰਧਾਲੂ ਕੋਲ ਪਹਿਲਾਂ ਤੋਂ ਹੀ ਬੁੱਕ ਕਰਵਾਈ ਹੋਈ ਆਪਣੀ ਟਿਕਟ ਸੀ। ਟਿਕਟ ਤੋਂ ਇਲਾਵਾ ਕੋਈ ਵੀ ਸ਼ਰਧਾਲੂ ਇਸ ਟਰੇਨ ਵਿਚ ਸਫਰ ਨਹੀਂ ਕਰ ਸਕਦਾ ਸੀ।
ਪੂਰੀ ਚੈਕਿੰਗ ਰਵਾਨਗੀ ਦੇ ਸਮੇਂ ਕੀਤੀ ਗਈ। ਟਰੇਨ 'ਚ ਕੀਤੇ ਗਏ ਪ੍ਰਬੰਧਾਂ ਨੂੰ ਲੈ ਕੇ ਸ਼ਰਧਾਲੂ ਬੇਹੱਦ ਖੁਸ਼ ਸਨ। ਮਿਨਰਲ ਵਾਟਰ, ਫਰੂਟ ਅਤੇ ਰਾਤ ਦੇ ਖਾਣੇ ਦਾ ਟਰੇਨ 'ਚ ਹੀ ਬਹੁਤ ਚੰਗਾ ਪ੍ਰਬੰਧ ਕੀਤਾ ਗਿਆ ਸੀ। ਹਰ ਕੋਚ 'ਚ ਸੁਰੱਖਿਆ ਦੇ ਮੱਦੇਨਜ਼ਰ ਪੁਲਸ ਕਰਮਚਾਰੀ ਤਾਇਨਾਤ ਸਨ। ਕੋਚ 13 'ਚ ਸਵਾਰ ਇਕ ਸ਼ਰਧਾਲੂ ਨੰਬਰਦਾਰ ਬਲਵਿੰਦਰ ਬੰਗਾ ਕੋਟ ਕਲਾਂ ਨੇ ਦੱਸਿਆ ਕਿ ਉਹ ਕਈ ਸਾਲਾਂ ਤੋਂ ਇਸ ਟਰੇਨ ਰਾਹੀਂ ਬਨਾਰਸ ਜਾ ਰਹੇ ਹਨ। ਅਜਿਹੇ ਪ੍ਰਬੰਧ ਉਨ੍ਹਾਂ ਨੇ ਅੱਜ ਤਕ ਕਿਸੇ ਹੋਰ ਟਰੇਨ ਵਿਚ ਨਹੀਂ ਦੇਖੇ ਹੋਣਗੇ। ਉਨ੍ਹਾਂ ਨੇ ਬਹੁਤ ਵਧੀਆ ਪ੍ਰਬੰਧਾਂ ਦਾ ਸਿਹਰਾ ਸੰਤ ਨਿਰੰਜਨ ਦਾਸ ਜੀ ਡੇਰਾ ਬੱਲਾਂ ਨੂੰ ਦਿੱਤਾ।
ਲੁਧਿਆਣਾ, ਅੰਬਾਲਾ, ਸਹਾਰਨਪੁਰ, ਰਾਏਬਰੇਲੀ ਅਤੇ ਕਾਨਪੁਰ 'ਚ ਸਵਾਗਤ
ਬੇਗਮਪੁਰਾ ਐਕਸਪ੍ਰੈੱਸ 'ਚ ਸਵਾਰ ਸ਼ਰਧਾਲੂਆਂ ਦੀ ਅਗਵਾਈ ਕਰ ਰਹੇ ਮਹਾਰਾਜ ਸੰਤ ਨਿਰੰਜਨ ਦਾਸ ਜੀ ਦਾ ਲੁਧਿਆਣਾ, ਅੰਬਾਲਾ, ਸਹਾਰਨਪੁਰ ਪਹੁੰਚਣ 'ਤੇ ਜ਼ੋਰਦਾਰ ਸਵਾਗਤ ਕੀਤਾ ਗਿਆ। ਲੁਧਿਆਣਾ 'ਚ ਦੁਪਹਿਰ ਦਾ ਖਾਣਾ, ਅੰਬਾਲਾ ਵਿਚ ਕੌਫੀ ਅਤੇ ਹੋਰ ਸਮੱਗਰੀ ਅਤੇ ਸਹਾਰਨਪੁਰ ਵਿਚ ਫਰੂਟ ਦਾ ਪ੍ਰਸਾਦ ਵੰਡਿਆ ਗਿਆ। ਰਾਤ 8 ਵਜੇ ਟਰੇਨ ਸਹਾਰਨਪੁਰ ਸਟੇਸ਼ਨ 'ਤੇ ਰੁਕੀ ਹੋਈ ਸੀ। ਇਸ ਤਰ੍ਹਾਂ ਰਾਏਬਰੇਲੀ ਅਤੇ ਕਾਨਪੁਰ 'ਚ ਵੀ ਸਵਾਗਤ ਸਮਾਗਮ ਰੱਖੇ ਗਏ ਸਨ।
ਸੁਰੱਖਿਆ ਦੇ ਮੱਦੇਨਜ਼ਰ ਭਾਰੀ ਪੁਲਸ ਫੋਰਸ ਰਹੀ ਤਾਇਨਾਤ
ਬੇਗਮਪੁਰਾ ਐਕਸਪ੍ਰੈੱਸ ਟਰੇਨ ਦੀ ਰਵਾਨਗੀ ਸਮੇਂ ਸ਼ਰਧਾਲੂਆਂ ਦੀ ਸੁਰੱਖਿਆ ਨੂੰ ਲੈ ਕੇ ਪੁਲਸ ਫੋਰਸ ਤਾਇਨਾਤ ਰਹੀ ਜਿਸ 'ਚ ਕਮਿਸ਼ਨਰੇਟ ਪੁਲਸ ਦੇ ਮੁਲਾਜ਼ਮਾਂ ਤੇ ਅਧਿਕਾਰੀਆਂ ਤੋਂ ਇਲਾਵਾ ਆਰ. ਪੀ. ਐੱਫ. ਅਤੇ ਜੀ. ਆਰ. ਪੀ. ਦੇ ਜਵਾਨ ਸ਼ਾਮਲ ਸਨ ਜੋ ਕਿ ਪੂਰੀ ਚੌਕਸੀ ਨਾਲ ਸਟੇਸ਼ਨ ਦੇ ਆਲੇ-ਦੁਆਲੇ ਗਸ਼ਤ ਕਰ ਰਹੇ ਸਨ। ਇਹ ਫੋਰਸ ਉਦੋਂ ਤਕ ਸਟੇਸ਼ਨ 'ਤੇ ਰਹੀ ਜਦੋਂ ਤਕ ਉਥੋਂ ਬੇਗਮਪੁਰਾ ਐਕਸਪ੍ਰੈੱਸ ਬਨਾਰਸ ਲਈ ਰਵਾਨਾ ਨਹੀਂ ਹੋਈ।
ਸੰਤ ਕ੍ਰਿਸ਼ਨ ਨਾਥ ਚਹੇੜੂ ਸਮੇਤ ਪਹੁੰਚੇ ਕਈ ਮਹਾਪੁਰਸ਼
ਬੇਗਮਪੁਰਾ ਐਕਸਪ੍ਰੈੱਸ ਨੂੰ ਰਵਾਨਾ ਕਰਨ ਲਈ ਡੇਰਾ ਸੰਤ ਬਾਬਾ ਫੂਲ ਨਾਥ ਅਤੇ ਬ੍ਰਹਮਨਾਥ ਚਹੇੜੂ ਦੇ ਮੌਜੂਦਾ ਪ੍ਰਮੁੱਖ ਸੰਤ ਕ੍ਰਿਸ਼ਨ ਨਾਥ ਤੇ ਹੋਰ ਪ੍ਰਮੁਖ ਡੇਰਿਆਂ ਤੋਂ ਕਈ ਸੰਤ ਮਹਾਪੁਰਸ਼ ਵੀ ਪਹੁੰਚੇ। ਉਨ੍ਹਾਂ ਨੇ ਮਹਾਰਾਜ ਸੰਤ ਨਿਰੰਜਨ ਦਾਸ ਨੂੰ ਮਿਲ ਕੇ ਉਨ੍ਹਾਂ ਨੂੰ ਸ਼ੁੱਭ ਕਾਮਨਾਵਾਂ ਦਿੱਤੀਆਂ। ਕਈ ਸੰਤ ਮਹਾਪੁਰਸ਼ ਟਰੇਨ 'ਚ ਸਵਾਰ ਹੋ ਕੇ ਮਹਾਰਾਜ ਸੰਤ ਨਿਰੰਜਨ ਦਾਸ ਜੀ ਦੇ ਨਾਲ ਬਨਾਰਸ ਲਈ ਰਵਾਨਾ ਹੋਏ।
ਬਨਾਰਸ ਜਾਣ ਲਈ ਵਿਦੇਸ਼ਾਂ ਤੋਂ ਆਏ ਸ਼ਰਧਾਲੂ
ਗੁਰੂ ਰਵਿਦਾਸ ਜੀ ਮਹਾਰਾਜ ਦਾ ਪ੍ਰਕਾਸ਼ ਦਿਹਾੜਾ ਮਨਾਉਣ ਲਈ ਵਿਸ਼ੇਸ਼ ਤੌਰ 'ਤੇ ਕੈਨੇਡਾ, ਅਮਰੀਕਾ ਤੇ ਇੰਗਲੈਂਡ ਤੋਂ ਆਏ ਐੱਨ. ਆਰ. ਆਈਜ਼ ਵੀ ਸਿਟੀ ਰੇਲਵੇ ਸਟੇਸ਼ਨ 'ਤੇ ਪਹੁੰਚੇ ਸਨ। ਉਨ੍ਹਾਂ ਨੇ ਪਹਿਲਾਂ ਤੋਂ ਹੀ ਬੇਗਮਪੁਰਾ ਐਕਸਪ੍ਰੈੱਸ ਟਰੇਨ ਲਈ ਆਪਣੀਆਂ ਟਿਕਟਾਂ ਬੁੱਕ ਕਰਵਾਈਆਂ ਸਨ। ਐੱਨ. ਆਰ. ਆਈ. ਨੇ ਦੱਸਿਆ ਕਿ ਉਹ ਹਰ ਸਾਲ ਇਸ ਟਰੇਨ ਰਾਹੀਂ ਬਨਾਰਸ ਜਾਂਦੇ ਹਨ ਅਤੇ ਇਸ ਦੌਰਾਨ ਉਨ੍ਹਾਂ ਨੂੰ ਖੁਸ਼ੀ ਵੀ ਮਿਲਦੀ ਹੈ।
ਸਿਆਸੀ ਆਗੂਆਂ ਨੇ ਲਿਆ ਆਸ਼ੀਰਵਾਦ
ਬਨਾਰਸ ਲਈ ਬੇਗਮਪੁਰਾ ਐਕਸਪ੍ਰੈੱਸ ਟਰੇਨ ਦੀ ਰਵਾਨਗੀ ਲਈ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂ ਸ਼ਾਮਲ ਹੋਏ ਜਿਨ੍ਹਾਂ 'ਚ ਕਾਂਗਰਸ, ਅਕਾਲੀ-ਭਾਜਪਾ ਤੇ ਬਸਪਾ ਦੇ ਆਗੂ ਅਤੇ ਵਰਕਰ ਮੁੱਖ ਤੌਰ 'ਤੇ ਸ਼ਾਮਲ ਸਨ। ਸਾਰਿਆਂ ਨੇ ਸ਼ਰਧਾਲੂਆਂ ਨੂੰ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਦਿਹਾੜੇ 'ਤੇ ਉਨ੍ਹਾਂ ਦੀ ਸਫਲ ਬਨਾਰਸ ਯਾਤਰਾ ਦੀ ਵਧਾਈ ਦਿੱਤੀ ਅਤੇ ਮਹਾਰਾਜ ਸੰਤ ਨਿਰੰਜਨ ਦਾਸ ਜੀ ਕੋਲ ਜਾ ਕੇ ਉਨ੍ਹਾਂ ਦਾ ਆਸ਼ੀਰਵਾਦ ਲਿਆ।
ਐਤਵਾਰ ਨੂੰ ਸ਼ਾਮ 6 ਵਜੇ ਬਨਾਰਸ ਪਹੁੰਚੇਗੀ ਟਰੇਨ
ਜਲੰਧਰ ਸ਼ਹਿਰ ਤੋਂ ਸ਼ਨੀਵਾਰ ਦੁਪਹਿਰ 2.30 ਵਜੇ ਟਰੇਨ ਰਵਾਨਾ ਹੋਈ ਸੀ ਅਤੇ ਉਹ ਸ਼ਾਮ 6 ਵਜੇ ਦੇ ਕਰੀਬ ਬਨਾਰਸ ਪਹੁੰਚੇਗੀ। 19 ਫਰਵਰੀ ਨੂੰ ਬਹੁਤ ਵੱਡੇ ਪੱਧਰ 'ਤੇ ਹੋਣ ਵਾਲੇ ਪ੍ਰਕਾਸ਼ ਦਿਹਾੜੇ ਸਮਾਗਮ 'ਚ ਸ਼ਰਧਾਲੂ ਹਿੱਸਾ ਲੈਣਗੇ। 20 ਫਰਵਰੀ ਨੂੰ ਦੁਪਹਿਰ 2 ਵਜੇ ਬਨਾਰਸ ਲਈ ਬੇਗਮਪੁਰਾ ਐਕਸਪ੍ਰੈੱਸ ਜਲੰਧਰ ਲਈ ਚੱਲੇਗੀ ਜੋ ਕਿ 21 ਫਰਵਰੀ ਨੂੰ ਦੇਰ ਸ਼ਾਮ ਸਿਟੀ ਰੇਲਵੇ ਸਟੇਸ਼ਨ 'ਤੇ ਪਹੁੰਚੇਗੀ।
ਵੱਖ-ਵੱਖ ਸੰਸਥਾਵਾਂ ਨੇ ਲਗਾਏ ਲੰਗਰ
ਸਿਟੀ ਰੇਲਵੇ ਸਟੇਸ਼ਨ ਦੇ ਸਟਾਫ ਤੋਂ ਇਲਾਵਾ ਹੋਰ ਸੰਸਥਾਵਾਂ ਨੇ ਸਟੇਸ਼ਨ 'ਤੇ ਵੱਖ-ਵੱਖ ਤਰ੍ਹਾਂ ਦੇ ਲੰਗਰ ਸ਼ਰਧਾਲੂਆਂ ਦੀ ਸਹੂਲਤ ਲਈ ਲਗਾਏ ਹੋਏ ਸਨ। ਇਸ ਤੋਂ ਇਲਾਵਾ ਫਰੂਟ ਦਾ ਪ੍ਰਸਾਦ ਵੀ ਵੰਡਿਆ ਜਾ ਰਿਹਾ ਸੀ।
ਮਿਸ਼ਨਰੀ ਗੀਤਾਂ ਦੀ ਹੋਈ ਵਰਖਾ
ਸਿਟੀ ਰੇਲਵੇ ਸਟੇਸ਼ਨ 'ਤੇ ਸਵੇਰ ਤੋਂ ਹੀ ਚਹਿਲ-ਪਹਿਲ ਸ਼ੁਰੂ ਹੋ ਗਈ ਸੀ ਅਤੇ ਸ਼ਰਧਾਲੂਆਂ 'ਚ ਕਾਫੀ ਉਤਸ਼ਾਹ ਸੀ ਅਤੇ ਉਹ ਪੂਰੀ ਤਰ੍ਹਾਂ ਸ੍ਰੀ ਗੁਰੂ ਰਵਿਦਾਸ ਜੀ ਦੇ ਰੰਗ ਵਿਚ ਰੰਗੇ ਹੋਏ ਸਨ ਅਤੇ ਜੈਕਾਰਿਆਂ ਦੀ ਗੂੰਜ 'ਚ ਨੱਚ-ਗਾ ਕੇ ਆਪਣੀ ਖੁਸ਼ੀ ਦਾ ਇਜ਼ਹਾਰ ਕਰ ਰਹੇ ਸਨ। ਪ੍ਰਸਿੱਧ ਮਿਸ਼ਨਰੀ ਗਾਇਕਾਂ ਨੇ ਵੀ ਇਸ ਮੌਕੇ ਸਜਾਏ ਸਵਾਗਤੀ ਮੰਚ 'ਤੇ ਸ੍ਰੀ ਗੁਰੂ ਰਵਿਦਾਸ ਜੀ ਦੀ ਮਹਿਮਾ ਗਾ ਕੇ ਆਪਣੀ ਹਾਜ਼ਰੀ ਦਰਜ ਕਰਵਾਈ। ਸੱਚਖੰਡ ਵਾਸੀ ਸ਼ਹੀਦ ਸੰਤ ਰਾਮਾਨੰਦ ਜੀ ਦਾ ਗਾਇਆ ਹੋਇਆ ਸ਼ਬਦ 'ਚਲੋ ਬਨਾਰਸ ਸਾਧ ਸੰਗਤ ਜੀ, ਇਕ ਇਤਿਹਾਸ ਰਚਾਉਣਾ ਹੈ' ਵੀ ਪੇਸ਼ ਕੀਤਾ ਗਿਆ। ਇਸ ਤੋਂ ਇਲਾਵਾ 'ਲੈ ਕੇ ਭੀਮ ਰਾਓ ਨੇ ਦਿੱਤੇ ਸਾਨੂੰ ਹੱਕ ਬਰਾਬਰ ਦੇ' ਗੀਤਾਂ ਨੇ ਵੀ ਵਿਸ਼ੇਸ਼ ਸ਼ਾਪ ਛੱਡੀ।
ਚੰਡੀਗੜ੍ਹ 'ਚ ਅਕਾਲੀ ਆਗੂ ਦੀ ਦਬੰਗਈ, ਵੀਡੀਓ ਵਾਇਰਲ
NEXT STORY