ਲੁਧਿਆਣਾ(ਮੁਕੇਸ਼)-ਚੰਡੀਗੜ੍ਹ ਰੋਡ 'ਤੇ ਨੌਕਰੀ ਲਈ ਇੰਟਰਵਿਊ ਦੇਣ ਆਏ ਨੌਜਵਾਨ ਤੋਂ ਆਟੋ ਗੈਂਗ ਲੁਟੇਰੇ ਹਜ਼ਾਰਾਂ ਦੀ ਨਕਦੀ ਲੁੱਟ ਕੇ ਫਰਾਰ ਹੋ ਗਏ। ਲੁੱਟ ਦਾ ਸ਼ਿਕਾਰ ਹਿਮਾਚਲ ਵਾਸੀ ਬਿੱਟਨ ਕੁਮਾਰ ਨੇ ਕਿਹਾ ਕਿ ਉਹ ਹੁਸ਼ਿਆਰਪੁਰ ਤੋਂ ਲੁਧਿਆਣਾ ਮੁੰਡੀਆਂ ਚੰਡੀਗੜ੍ਹ ਰੋਡ ਨੇੜੇ ਇੰਟਰਵਿਊ ਦੇਣ ਮਰਗੋਂ ਢਾਬੇ 'ਤੇ ਰੋਟੀ ਖਾ ਕੇ ਉਹ ਆਟੋ 'ਚ ਸਮਰਾਲਾ ਚੌਕ ਵੱਲ ਰਵਾਨਾ ਹੋ ਗਿਆ। ਜਮਾਲਪੁਰ ਚੌਕ ਨੇੜਿਓਂ 4 ਲੁਟੇਰੇ ਆਟੋ ਵਿਚ ਸਵਾਰ ਹੋਏ। ਇਕ ਦੋਸ਼ੀ ਨੇ ਪਹਿਲਾਂ ਦੂਸਰੇ ਨੂੰ ਉਸ ਦੀ ਜੇਬ ਤੋਂ ਬਾਹਰ ਡਿੱਗ ਰਹੇ ਦੋ ਹਜ਼ਾਰ ਦੇ ਨੋਟ ਬਾਰੇ ਗੱਲ ਕਹੀ। ਇਸ ਦੌਰਾਨ ਉਹ ਲੋਕ ਚਲਦੇ ਆਟੋ ਅੰਦਰ ਜੂਆ ਖੇਡਣ ਲੱਗ ਪਏ ਤੇ ਉਸ ਨੂੰ ਵੀ ਖੇਡਣ ਲਈ ਜ਼ਬਰਦਸਤੀ ਕਹਿਣ ਲੱਗ ਪਏ। ਉਸ ਨੇ ਉਨ੍ਹਾਂ ਨੂੰ ਸਾਫ ਮਨ੍ਹਾ ਕੀਤਾ ਕਿ ਨਾ ਉਹ ਜੂਆ ਖੇਡਣਾ ਜਾਣਦਾ ਹੈ, ਨਾ ਹੀ ਉਸ ਨੇ ਖੇਡਣਾ ਹੈ। ਉਨ੍ਹਾਂ ਜ਼ਬਰਦਸਤੀ ਉਸ ਦੀ ਜੇਬ ਵਿਚੋਂ ਪਰਸ ਕੱਢ ਕੇ 4500 ਨਕਦੀ ਖੋਹ ਲਈ ਤੇ ਏ. ਟੀ. ਐੱਮ. ਕਾਰਡ ਦੇਖ ਏ. ਟੀ. ਐੱਮ. ਵਿਚੋਂ ਪੈਸੇ ਕੱਢਣ ਲਈ ਧਮਕੀਆਂ ਦਿੱਤੀਆਂ। ਮੌਕਾ ਦੇਖ ਉਸ ਨੇ ਆਟੋ ਤੋਂ ਛਾਲ ਮਾਰ ਦਿੱਤੀ ਤੇ ਪੀ. ਸੀ. ਆਰ. ਮੁਲਾਜ਼ਮਾਂ ਨੂੰ ਵਾਰਦਾਤ ਦੀ ਜਾਣਕਾਰੀ ਦੇ ਕੇ ਮਦਦ ਕਰਨ ਲਈ ਕਿਹਾ ਪਰ ਉਨ੍ਹਾਂ ਉਸ ਦੀ ਇਕ ਨਾ ਸੁਣੀ ਤੇ ਉਥੋਂ ਖਿਸਕ ਗਏ। ਆਟੋ ਸਵਾਰ ਲੁਟੇਰੇ ਵੀ ਮੌਕੇ 'ਤੋਂ ਫਰਾਰ ਹੋ ਗਏ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਮਾਪਿਆਂ ਅਤੇ ਭਾਬੀ ਦੀ ਕੀਤੀ ਕੁੱਟਮਾਰ
NEXT STORY