ਬੱਸੀ ਪਠਾਣਾਂ(ਰਾਜਕਮਲ) : ਪਿਛਲੇ ਇਕ ਦੋ ਦਿਨ ਤੋਂ ਸੋਸ਼ਲ ਮੀਡੀਆ 'ਤੇ ਰਾਜਸਥਾਨ ਵਿਚ ਆਏ ਤੇਜ਼ ਤੂਫ਼ਾਨ ਦੀ ਵੀਡੀਓ ਵਾਇਰਲ ਹੋ ਰਹੀ ਹੈ ਅਤੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਇਹ ਤੂਫ਼ਾਨ ਬੜੀ ਤੇਜ਼ੀ ਨਾਲ ਪੰਜਾਬ ਵੱਲ ਵਧ ਰਿਹਾ ਹੈ। ਵਾਇਰਲ ਵੀਡਿਓ ਵਿਚ ਵਿਅਕਤੀ ਕਹਿ ਰਹੇ ਹਨ ਕਿ ਇਹ ਤਾਂ ਬਹੁਤ ਤੇਜ਼ ਤੁਫ਼ਾਨ ਆ ਰਿਹਾ ਹੈ ਤੇ ਸਾਰਿਆਂ ਨੂੰ ਅੰਦਰ ਆਉਣ ਲਈ ਕਹਿ ਰਹੇ ਹਨ ਕਿ ਤੂਫ਼ਾਨ ਬਹੁਤ ਭਿਆਨਕ ਹੈ ਅਤੇ ਹਨੇਰਾ ਹੋ ਚੁੱਕਾ ਹੈ। ਇਸ ਤੋਂ ਸੋਸ਼ਲ ਮੀਡੀਆ ਰਾਹੀਂ ਲੋਕਾਂ ਨੂੰ ਘਰਾਂ 'ਚੋਂ ਬਾਹਰ ਨਾ ਨਿਕਲਣ, ਕੋਠੇ 'ਤੇ ਪਏ ਸਾਮਾਨ ਚੁੱਕਣ, ਬੱਚਿਆਂ ਨੂੰ ਸਕੂਲ ਨਾ ਭੇਜਣ, ਮੋਬਾਇਲ ਫੋਨ ਚਾਰਜ ਰੱਖਣ, ਮੋਮਬੱਤੀ ਤੇ ਬੈਟਰੀ ਨਜ਼ਦੀਕ ਰੱਖਣ, ਫੋਨ ਨਾ ਕਰਨ, ਦੋ ਤਿੰਨ ਦਿਨ ਦਾ ਖਾਣਾ ਸਟਾਕ ਕਰਨ ਆਦਿ ਤਰ੍ਹਾਂ-ਤਰ੍ਹਾਂ ਦੇ ਮੈਸੇਜ ਆਉਣ ਲੱਗ ਪਏ ਜਿਸ ਕਾਰਨ ਲੋਕਾਂ ਵਿਚ ਘਬਰਾਹਟ ਦੀ ਸਥਿਤੀ ਪੈਦਾ ਹੋ ਗਈ ਤੇ ਲੋਕ ਸੁਚੇਤ ਹੋ ਗਏ। ਇਹ ਤੂਫ਼ਾਨ ਅੱਜ ਜਾਂ ਕੱਲ ਪੰਜਾਬ ਵਿਚ ਆਉਣ ਦੀ ਸੰਭਾਵਨਾ ਜਤਾਈ ਜਾ ਰਹੀ ਸੀ, ਪਰ ਅੱਜ ਸੋਮਵਾਰ ਨੂੰ ਮੌਸਮ ਪੂਰੀ ਤਰ੍ਹਾਂ ਸਾਫ਼ ਰਿਹਾ ਤੇ ਕਿਸੇ ਤਰ੍ਹਾਂ ਦੀ ਕੋਈ ਬਰਸਾਤ ਜਾਂ ਹਨੇਰੀ ਨਹੀਂ ਆਈ। ਇਸ ਅਫ਼ਵਾਹ ਕਾਰਨ ਇਕ ਦੋ ਸਕੂਲਾਂ ਵਿਚ ਛੁੱਟੀ ਵੀ ਕਰ ਦਿੱਤੀ ਗਈ ਤੇ ਬੱਚੇ ਵੀ ਆਪਣੇ ਮਾਪਿਆਂ ਨਾਲ ਗੱਲਾਂ ਕਰਦੇ ਦਿਖਾਈ ਦਿੱਤੇ ਕਿ ਕੀ ਕੱਲ ਉਨ੍ਹਾਂ ਦਾ ਸਕੂਲ ਬੰਦ ਰਹੇਗਾ, ਕਿਉਂਕਿ ਤੇਜ਼ ਤੂਫ਼ਾਨ ਆਉਣ ਬਾਰੇ ਦੱਸਿਆ ਜਾ ਰਿਹਾ ਹੈ। ਇਸ ਵਾਇਰਲ ਵੀਡੀਓ ਨੇ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ ਹੈ।
ਲੋਕਾਂ ਨੂੰ ਘਬਰਾਉਣ ਦੀ ਲੋੜ ਨਹੀਂ : ਸ਼ਵਿੰਦਰ : ਜਦੋਂ ਇਸ ਸਬੰਧ ਵਿਚ ਮੌਸਮ ਵਿਭਾਗ ਚੰਡੀਗੜ੍ਹ ਦੇ ਵਿਗਿਆਨੀ ਸ਼ਵਿੰਦਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਵਾਇਰਲ ਹੋਈ ਵੀਡੀਓ ਮਹਿਜ ਅਫ਼ਵਾਹ ਹੈ ਜਿਸ ਵੱਲ ਧਿਆਨ ਨਾ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਅਗਲੇ ਦੋ ਦਿਨਾਂ ਵਿਚ ਹਲਕੀ ਬਰਸਾਤ ਤੇ ਤੇਜ਼ ਹਵਾ ਚੱਲ ਸਕਦੀ ਹੈ ਪਰ ਇਸ ਨਾਲ ਲੋਕਾਂ ਨੂੰ ਘਬਰਾਉਣ ਦੀ ਕੋਈ ਲੋੜ ਨਹੀਂ ਹੈ ਤੇ ਉਹ ਰੋਜ਼ਾਨਾ ਦੀ ਤਰ੍ਹਾਂ ਆਪਣਾ ਕੰਮ ਕਾਰ ਕਰ ਸਕਦੇ ਹਨ।
ਰਾਜਸਥਾਨ ਵਿਚ ਨਹੀਂ ਆਇਆ ਕੋਈ ਤੂਫ਼ਾਨ : ਅਸ਼ੋਕ ਮੀਨਾ : ਜਦੋਂ ਇਸ ਸਬੰਧ ਵਿਚ ਰਾਜਸਥਾਨ ਦੇ ਜੈਪੁਰ ਸਥਿਤ ਮੌਸਮ ਵਿਭਾਗ ਦੇ ਡਿਊਟੀ ਅਫ਼ਸਰ ਅਸ਼ੋਕ ਮੀਨਾ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਜੋ ਵੀਡਿਓ ਰਾਜਸਥਾਨ ਦਾ ਨਾਂ ਦੱਸ ਕੇ ਵਾਇਰਲ ਕੀਤੀ ਗਈ ਹੈ, ਉਹ ਝੂਠੀ ਹੈ ਤੇ ਰਾਜਸਥਾਨ ਵਿਚ ਅਜਿਹਾ ਕੋਈ ਤੁਫ਼ਾਨ ਨਹੀਂ ਆਇਆ ਹੈ। ਹਾਂ ਅਗਲੇ ਇਕ ਦੋ ਦਿਨਾਂ ਵਿਚ ਹਲਕੀ ਬਰਸਾਤ ਤੇ ਤੇਜ਼ ਹਵਾ ਚੱਲ ਸਕਦੀ ਹੈ ਜਿਸ ਤੋਂ ਘਬਰਾਉਣ ਦੀ ਲੋੜ ਨਹੀਂ ਹੈ। ਇਹ ਵੀਡਿਓ ਸਿਰਫ਼ ਲੋਕਾਂ ਅੰਦਰ ਦਹਿਸ਼ਤ ਪੈਦਾ ਕਰਨ ਲਈ ਕੁਝ ਸਮਾਜ ਵਿਰੋਧੀ ਅਨਸਰਾਂ ਵਲੋਂ ਪਾਈ ਗਈ ਹੈ।
ਜ਼ਿੰਦਗੀ-ਮੌਤ ਨਾਲ ਜੂਝ ਰਹੇ ਹਨ ਪਰਿਵਾਰ ਦੇ 3 ਮੈਂਬਰ
NEXT STORY