ਟਾਂਡਾ ਉੜਮੁੜ, (ਪੰਡਿਤ)- ਈਸ਼ਰ ਸਿੰਘ ਕਾਲੋਨੀ ਵਿਚ ਬੀਤੇ ਦਿਨੀਂ ਸਵੇਰ ਸਮੇਂ ਘਰ ਵਿਚ ਅੱਗ ਲਾਉਣ ਦੀ ਦੁਖਦਾਈ ਘਟਨਾ ਦਾ ਸੇਕ ਤਿੰਨ ਪਰਿਵਾਰਾਂ ਨੂੰ ਲੱਗਾ ਹੈ। ਉਕਤ ਘਟਨਾ ਵਿਚ ਇਕ ਪਰਿਵਾਰ ਦੇ ਦੋ ਮੈਂਬਰ ਮੌਤ ਦਾ ਸ਼ਿਕਾਰ ਹੋਏ ਹਨ ਅਤੇ ਤਿੰਨ ਹੋਰ ਜ਼ਿੰਦਗੀ ਤੇ ਮੌਤ ਨਾਲ ਜੂਝ ਰਹੇ ਹਨ। ਦੂਜੇ ਪਾਸੇ ਇਸ ਘਟਨਾ ਨੂੰ ਅੰਜਾਮ ਦੇਣ ਵਾਲੇ ਦੇ ਪਰਿਵਾਰ ਦੇ ਨਾਲ-ਨਾਲ ਧੁਰੀਆਂ ਨਿਵਾਸੀ ਇਕ ਔਰਤ ਦਾ ਨਾਂ ਇਸ ਮਾਮਲੇ ਵਿਚ ਆਉਣ 'ਤੇ ਉਸ ਦਾ ਪਰਿਵਾਰ ਵੀ ਇਸ ਘਟਨਾ ਦੀ ਲਪੇਟ ਵਿਚ ਆ ਗਿਆ ਹੈ। ਉਕਤ ਦੁਖਦਾਈ ਘਟਨਾ ਵਿਚ ਰਜਵੰਤ ਕੌਰ ਅਤੇ ਉਸ ਦੇ 11 ਮਹੀਨਿਆਂ ਦੇ ਪੁੱਤਰ ਹਰਮਨਪ੍ਰੀਤ ਸਿੰਘ ਦੀ ਮੌਤ ਤੋਂ ਬਾਅਦ ਬੀਤੀ ਦੇਰ ਸ਼ਾਮ ਟਾਂਡਾ ਪੁਲਸ ਨੇ ਬਜ਼ੁਰਗ ਲਛਮਣ ਸਿੰਘ ਪੁੱਤਰ ਨਿਰੰਜਣ ਸਿੰਘ ਦੇ ਬਿਆਨ ਦੇ ਆਧਾਰ 'ਤੇ ਜੋਗਿੰਦਰ ਸਿੰਘ ਜਿੰਦਾ ਤੇ ਉਸ ਦੀ ਮਾਂ ਨਿਵਾਸੀ ਈਸ਼ਰ ਸਿੰਘ ਕਾਲੋਨੀ ਉੜਮੁੜ ਅਤੇ ਗੁਰਮੀਤ ਕੌਰ ਪਤਨੀ ਦਵਿੰਦਰ ਸਿੰਘ ਨਿਵਾਸੀ ਧੁਰੀਆਂ ਖਿਲਾਫ਼ ਕਤਲ ਅਤੇ ਇਰਾਦਾ ਕਤਲ ਦੀਆਂ ਧਾਰਾਵਾਂ ਅਧੀਨ ਮਾਮਲਾ ਦਰਜ ਕੀਤਾ ਸੀ।
ਘਟਨਾ ਪਿਛਲੀ ਜੋ ਕਹਾਣੀ ਸਾਹਮਣੇ ਆ ਰਹੀ ਹੈ, ਉਹ ਪੁਲਸ ਦੀ ਜਾਂਚ ਦਾ ਵਿਸ਼ਾ ਹੈ। ਸਾਹਮਣੇ ਆਇਆ ਹੈ ਕਿ ਘਟਨਾ ਵਿਚ ਜਿਸ ਔਰਤ ਰਜਵੰਤ ਕੌਰ ਦੀ ਮੌਤ ਹੋਈ ਹੈ, ਉਹ ਮਾਮਲੇ ਵਿਚ ਦੋਸ਼ੀ ਔਰਤ ਗੁਰਮੀਤ ਕੌਰ ਪਤਨੀ ਦਵਿੰਦਰ ਸਿੰਘ ਨਿਵਾਸੀ ਧੁਰੀਆਂ ਦੀ ਨੂੰਹ ਦੱਸੀ ਜਾਂਦੀ ਹੈ ਅਤੇ ਅੱਗ ਲੱਗਣ ਨਾਲ ਬੁਰੀ ਤਰ੍ਹਾਂ ਝੁਲਸੇ ਨੌਜਵਾਨ ਬੱਚੇ ਪਰਮਿੰਦਰ ਕੌਰ ਅਤੇ ਜਸਕਰਨ ਸਿੰਘ ਪਰਿਵਾਰ ਦੇ ਮੁਖੀ ਕੁਲਦੀਪ ਸਿੰਘ ਦੀ ਪਹਿਲੀ ਪਤਨੀ ਦੇ ਹਨ। ਰਜਵੰਤ ਕੌਰ ਦੇ ਕਤਲ ਮਾਮਲੇ ਵਿਚ ਨਾਮਜ਼ਦ ਔਰਤ ਗੁਰਮੀਤ ਕੌਰ ਦੀ ਨੂੰਹ ਹੋਣ ਦੀ ਪੁਸ਼ਟੀ ਪਿੰਡ ਧੁਰੀਆਂ ਦੀ ਸਰਪੰਚ ਭੁਪਿੰਦਰਜੀਤ ਕੌਰ ਨੇ ਕਰਦਿਆਂ ਦੱਸਿਆ ਕਿ ਮ੍ਰਿਤਕਾ (ਰਜਵੰਤ ਕੌਰ) ਦਾ ਵਿਆਹ ਗੁਰਮੀਤ ਕੌਰ ਦੇ ਬੇਟੇ ਰਵੀ ਨਾਲ 2012 ਵਿਚ ਹੋਇਆ ਸੀ ਅਤੇ ਉਨ੍ਹਾਂ ਦਾ ਫਿਲਹਾਲ ਕੋਈ ਤਲਾਕ ਵੀ ਨਹੀਂ ਹੋਇਆ। ਕੁਲਦੀਪ ਸਿੰਘ ਦੇ ਝੁਲਸੇ ਬੱਚਿਆਂ ਦੇ ਸਕੂਲ ਰਿਕਾਰਡ ਮੁਤਾਬਕ ਉਨ੍ਹਾਂ ਦੀ ਮਾਂ ਦਾ ਨਾਂ ਗੁਰਜੀਤ ਕੌਰ ਹੈ।
ਘਟਨਾ ਵਿਚ ਜ਼ਖ਼ਮੀ ਹੋਏ ਬਜ਼ੁਰਗ ਲਛਮਣ ਸਿੰਘ ਨੇ ਪੁਲਸ ਨੂੰ ਦਿੱਤੇ ਆਪਣੇ ਬਿਆਨ ਵਿਚ ਕਿਹਾ ਹੈ ਕਿ ਦੋਸ਼ੀ ਜਿੰਦਾ ਦੀ ਪਤਨੀ ਦੀ ਕੁਝ ਮਹੀਨੇ ਪਹਿਲਾਂ ਮੌਤ ਹੋ ਗਈ ਸੀ, ਜਿਸ ਕਰ ਕੇ ਜਿੰਦਾ ਉਸ ਦੇ ਬੇਟੇ ਨਾਲ ਰੰਜਿਸ਼ ਕਾਰਨ ਲੜਾਈ-ਝਗੜਾ ਕਰਦਾ ਸੀ ਅਤੇ ਇਸੇ ਰੰਜਿਸ਼ ਕਰ ਕੇ ਉਸ ਨੇ ਉਕਤ ਘਟਨਾ ਨੂੰ ਅੰਜਾਮ ਦਿੱਤਾ। ਪੁਲਸ ਜੋਗਿੰਦਰ ਸਿੰਘ ਜਿੰਦਾ, ਉਸ ਦੀ ਮਾਂ ਅਤੇ ਧੁਰੀਆਂ ਨਿਵਾਸੀ ਔਰਤ ਗੁਰਮੀਤ ਕੌਰ ਖਿਲਾਫ ਮਾਮਲਾ ਦਰਜ ਕਰਨ ਉਪਰੰਤ ਕੇਸ ਦੀਆਂ ਪਰਤਾਂ ਖੋਲ੍ਹਣ ਵਿਚ ਲੱਗੀ ਹੋਈ ਹੈ। ਪੁਲਸ ਤਫਤੀਸ਼ ਕਰ ਰਹੀ ਹੈ ਕਿ ਕਿਹੜੇ ਹਾਲਾਤ ਵਿਚ ਘਟਨਾ ਨੂੰ ਅੰਜਾਮ ਦਿੱਤਾ ਗਿਆ ਅਤੇ ਇਸ ਪਿੱਛੇ ਗੁਰਮੀਤ ਕੌਰ ਦਾ ਕੀ ਰੋਲ ਹੈ। ਫਿਲਹਾਲ ਲੁਧਿਆਣਾ ਦੇ ਹਸਪਤਾਲ ਵਿਚ ਦਾਖਲ ਕੁਲਦੀਪ ਸਿੰਘ ਦੇ ਨੌਜਵਾਨ ਬੱਚਿਆਂ ਪਰਮਿੰਦਰ ਕੌਰ, ਜਸਕਰਨ ਸਿੰਘ ਅਤੇ ਗੁਰਦੇਵ ਕੌਰ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਮੁੱਖ ਦੋਸ਼ੀ ਜਿੰਦਾ ਹੁਸ਼ਿਆਰਪੁਰ ਦੇ ਹਸਪਤਾਲ ਵਿਚ ਭਰਤੀ ਹੈ।
ਤੇਲ ਕੰਪਨੀਆਂ ਦੀ ਧੱਕੇਸ਼ਾਹੀ ਵਿਰੁੱਧ ਪੈਟਰੋਲੀਅਮ ਐਸੋਸੀਏਸ਼ਨ ਵੱਲੋਂ ਪੈਟਰੋਲ ਪੰਪ ਬੰਦ ਰੱਖਣ ਦਾ ਐਲਾਨ
NEXT STORY