ਬੱਧਨੀ ਕਲਾਂ (ਬੱਲ) - ਪ੍ਰਾਇਮਰੀ ਸਕੂਲਾਂ ਦੇ ਨਵੇਂ ਸੈਸ਼ਨ ਸ਼ੁਰੂ ਹੋਇਆਂ ਨੂੰ ਅੱਧਾ ਸਾਲ ਦੇ ਕਰੀਬ ਸਮਾਂ ਹੋਣ ਵਾਲਾ ਹੈ ਪਰ ਵਿਦਿਆਰਥੀਆਂ ਨੂੰ ਕਿਤਾਬਾਂ ਨਾ ਮਿਲਣ ਕਾਰਨ ਉਹ ਆਪਣੀ ਪੜ੍ਹਾਈ ਸ਼ੁਰੂ ਨਹੀਂ ਕਰ ਪਾਏ ਹਨ, ਜਿਸ ਕਰ ਕੇ ਉਨ੍ਹਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਦੇ ਨਾਲ ਹੀ ਬੱਚਿਆਂ ਦੇ ਮਾਪੇ ਪੜ੍ਹਾਈ ਨਾ ਸ਼ੁਰੂ ਹੋਣ ਕਾਰਨ ਫਿਕਰਾਂ ਵਿਚ ਡੁੱਬੇ ਹੋਏ ਹਨ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਸਰਕਾਰੀ ਸਕੂਲਾਂ 'ਚ ਪਹਿਲੀ ਤੋਂ ਪੰਜਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੂੰ 21 ਕਿਤਾਬਾਂ ਪੜ੍ਹਾਈਆਂ ਜਾਂਦੀਆਂ ਹਨ ਪਰ ਇਸ ਸਾਲ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਕਥਿਤ ਅਣਗਹਿਲੀ ਕਾਰਨ ਕਰੀਬ 6 ਮਹੀਨੇ ਬੀਤਣ ਦੇ ਬਾਅਦ ਵੀ ਉਨ੍ਹਾਂ ਨੂੰ 21 ਕਿਤਾਬਾਂ 'ਚੋਂ 10 ਕਿਤਾਬਾਂ ਨਸੀਬ ਨਹੀਂ ਹੋਈਆਂ। ਕਿਤਾਬਾਂ ਦੀ ਘਾਟ ਕਾਰਨ ਵਿਦਿਆਰਥੀਆਂ ਦੀ ਪੜ੍ਹਾਈ ਵੱਡੇ ਪੱਧਰ 'ਤੇ ਪ੍ਰਭਾਵਿਤ ਹੋ ਰਹੀ ਹੈ। ਜ਼ਿਲਾ ਮੋਗਾ 'ਚ 361 ਸਰਕਾਰੀ ਪ੍ਰਾਇਮਰੀ ਸਕੂਲ ਹਨ, ਜਿਨ੍ਹਾਂ ਵਿਚ 36 ਹਜ਼ਾਰ ਤੋਂ ਵੱਧ ਵਿਦਿਆਰਥੀ ਪੜ੍ਹਦੇ ਹਨ। ਸਕੂਲਾਂ 'ਚ ਅਧਿਆਪਕਾਂ ਦੀ ਘਾਟ ਪਹਿਲਾਂ ਹੀ ਵੱਡੇ ਪੱਧਰ 'ਤੇ ਪਾਈ ਜਾ ਰਹੀ ਹੈ ਅਤੇ ਦੂਜੇ ਪਾਸੇ ਵਿਦਿਅਕ ਸੈਸ਼ਨ ਦੇ ਕਰੀਬ 6 ਮਹੀਨੇ ਬੀਤਣ ਵਾਲੇ ਹਨ ਪਰ ਸੂਬਾ ਸਰਕਾਰ ਵਿਦਿਆਰਥੀਆਂ ਨੂੰ ਅਜੇ ਤੱਕ ਕਿਤਾਬਾਂ ਮੁਹੱਈਆ ਨਹੀਂ ਕਰਵਾ ਸਕੀ।
ਅਜੇ ਤੱਕ ਜੋ ਕਿਤਾਬਾਂ ਨਹੀਂ ਮਿਲੀਆਂ
ਪਹਿਲੀ ਜਮਾਤ ਦੀ ਗਣਿਤ ਤੇ ਅੰਗਰੇਜ਼ੀ ਦੀਆਂ ਕਿਤਾਬਾਂ, ਦੂਜੀ ਜਮਾਤ ਦੀ ਗਣਿਤ ਤੇ ਪੰਜਾਬੀ, ਤੀਜੀ ਜਮਾਤ ਦੀ ਵਾਤਾਵਰਣ, ਚੌਥੀ ਜਮਾਤ ਦੀ ਗਣਿਤ ਤੇ ਪੰਜਾਬੀ, ਪੰਜਵੀਂ ਜਮਾਤ ਦੀ ਗਣਿਤ, ਹਿੰਦੀ ਤੇ ਵਾਤਾਵਰਣ ਦੀਆਂ ਕਿਤਾਬਾਂ ਅਜੇ ਤੱਕ ਵਿਦਿਆਰਥੀਆਂ ਨੂੰ ਨਹੀਂ ਮਿਲੀਆਂ।
ਕੀ ਕਹਿਣਾ ਹੈ ਜ਼ਿਲਾ ਸਿੱਖਿਆ ਅਫਸਰ ਦਾ
ਇਸ ਸਬੰਧੀ ਜ਼ਿਲਾ ਸਿੱਖਿਆ ਅਫਸਰ ਮੋਗਾ ਨੇ ਸੰਪਰਕ ਕਰਨ 'ਤੇ ਦੱਸਿਆ ਕਿ ਸਿੱਖਿਆ ਬੋਰਡ ਵੱਲੋਂ ਕਿਤਾਬਾਂ ਛਾਪਣ ਵਿਚ ਹੋਈ ਦੇਰੀ ਕਾਰਨ ਹੀ ਵਿਦਿਆਰਥੀਆਂ ਨੂੰ ਕਿਤਾਬਾਂ ਨਹੀਂ ਮਿਲੀਆਂ। ਇਸ ਸਾਲ ਵਿਦਿਆਰਥੀਆਂ ਨੂੰ ਦੇਣ ਲਈ ਜੋ ਬੋਰਡ ਵੱਲੋਂ ਕਿਤਾਬਾਂ ਭੇਜੀਆਂ ਗਈਆਂ ਹਨ। ਉਹ ਸਕੂਲਾਂ 'ਚ ਭਿਜਵਾ ਦਿੱਤੀਆਂ ਗਈਆਂ ਹਨ ਅਤੇ ਬਾਕੀ ਰਹਿੰਦੀਆਂ ਕਿਤਾਬਾਂ ਸਿੱਖਿਆ ਬੋਰਡ ਵੱਲੋਂ ਆਉਣ 'ਤੇ ਜਲਦ ਹੀ ਸਕੂਲਾਂ ਨੂੰ ਭੇਜ ਕੇ ਵਿਦਿਆਰਥੀਆਂ ਨੂੰ ਵੰਡ ਦਿੱਤੀਆਂ ਜਾਣਗੀਆਂ।
ਕੀ ਕਹਿੰਦੇ ਨੇ ਹਲਕਾ ਵਿਧਾਇਕ
ਜਦੋਂ ਇਸ ਸਬੰਧੀ ਹਲਕਾ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਸਰਕਾਰੀ ਸਕੂਲਾਂ 'ਚ ਵਿਦਿਆਰਥੀਆਂ ਨੂੰ ਕਿਤਾਬਾਂ ਨਾ ਮਿਲਣਾ ਬਹੁਤ ਹੀ ਮੰਦਭਾਗਾ ਹੈ ਕਿਉਂਕਿ ਸਰਕਾਰੀ ਸਕੂਲਾਂ 'ਚ ਜ਼ਿਆਦਾਤਰ ਗਰੀਬ ਕਿਸਾਨਾਂ ਤੇ ਦਲਿਤ ਪਰਿਵਾਰਾਂ ਨਾਲ ਸਬੰਧਿਤ ਬੱਚੇ ਹੀ ਪੜ੍ਹਦੇ ਹਨ। ਇਨ੍ਹਾਂ ਵਿਦਿਆਰਥੀਆਂ ਦੀ ਪੜ੍ਹਾਈ ਵੱਲ ਨਾ ਧਿਆਨ ਦੇਣਾ ਸੂਬਾ ਸਰਕਾਰ ਦੀ ਬਹੁਤ ਹੀ ਵੱਡੀ ਨਾਲਾਇਕੀ ਹੈ।
ਸਰਕਾਰ ਨੂੰ ਚਾਹੀਦਾ ਹੈ ਕਿ ਉਹ ਗਰੀਬ ਪਰਿਵਾਰਾਂ ਦੇ ਬੱਚਿਆਂ ਦੀ ਜ਼ਿੰਦਗੀ ਨਾਲ ਖਿਲਵਾੜ ਕਰਨ ਦੀ ਬਜਾਏ ਜਲਦ ਤੋਂ ਜਲਦ ਸਰਕਾਰੀ ਸਕੂਲਾਂ 'ਚ ਕਿਤਾਬਾਂ ਭੇਜੇ ਅਤੇ ਪੜ੍ਹਾਈ ਦੇ ਹੋਏ ਨੁਕਸਾਨ ਨੂੰ ਪੂਰਾ ਕਰਨ ਲਈ ਵਿਸ਼ੇਸ਼ ਤੌਰ 'ਤੇ ਅਧਿਆਪਕਾਂ ਦੀਆਂ ਡਿਊਟੀਆਂ ਲਾ ਕੇ ਰਹਿੰਦਾ ਸਿਲੇਬਸ ਪੂਰਾ ਕਰਵਾਏ।
ਪੀ. ਆਈ. ਟੀ. ਨੰਦਗੜ੍ਹ ਕਾਲਜ ਦੇ ਵਿਦਿਆਰਥੀਆਂ ਅਤੇ ਸਟਾਫ ਨੇ ਰੈਲੀ ਕੱਢੀ
NEXT STORY