ਚੰਡੀਗੜ੍ਹ - ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਤੇ ਸਾਬਕਾ ਮੰਤਰੀ ਬਿਕਰਮ ਮਜੀਠੀਆ ਨੇ ਸਿੱਧੂ ਦੇ ਸ਼ਕਤੀ ਪ੍ਰਦਰਸ਼ਨ ਦੀ ਫੂਕ ਕੱਢਣ ਲਈ ਲੋਕਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਸਿੱਧੂ ਆਪਣੀਆਂ ਨਾਕਾਮੀਆਂ ਲੁਕਾਉਣ ਲਈ ਧਿਆਨ ਹਟਾਊ ਹੱਥਕੰਡੇ ਵਰਤ ਰਿਹਾ ਹੈ। ਮਜੀਠੀਆ ਨੇ ਅੱਜ ਮਜੀਠਾ ਵਿਖੇ ਕਾਮੇਡੀ ਕਲਾਕਾਰ ਅਤੇ ਸਿਆਸਤਦਾਨ ਨਵਜੋਤ ਸਿੱਧੂ ਦੇ ਸ਼ਕਤੀ ਪ੍ਰਦਰਸ਼ਨ ਨੂੰ ਇਕ ਫਲਾਪ ਸ਼ੋਅ ਵਿਚ ਤਬਦੀਲ ਕਰਨ ਲਈ ਮਾਝੇ ਦੇ ਲੋਕਾਂ ਨੂੰ ਵਧਾਈ ਦਿੱਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਦੋਸ਼ ਲਾਇਆ ਹੈ ਕਿ ਪੰਜਾਬ ਦੀ ਸ਼ਹਿਰੀ ਆਬਾਦੀ ਲਈ ਇਕ ਵੀ ਢੰਗ ਦਾ ਕੰਮ ਨਾ ਕਰਨ ਦੀ ਨਮੋਸ਼ੀ ਨੂੰ ਲੁਕਾਉਣ ਵਾਸਤੇ ਸਿੱਧੂ ਅਜਿਹੇ ਹੱਥਕੰਡਿਆਂ ਦਾ ਇਸਤੇਮਾਲ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਜ਼ੀਰੋ ਕਾਰਗੁਜ਼ਾਰੀ ਵਾਲੇ ਇਕ ਵਿਅਕਤੀ ਨੇ ਫੋਕੀਆਂ ਫੜ੍ਹਾਂ ਮਾਰਨ ਲਈ ਭੀੜ ਜੁਟਾਉਣ ਦੀ ਕੋਸ਼ਿਸ਼ ਕੀਤੀ ਸੀ ਪਰ ਉਹ ਨਾਕਾਮ ਹੋ ਗਿਆ ਕਿਉਂਕਿ ਉਸ ਦੀ ਮਦਦ ਸੁੱਖੀ ਰੰਧਾਵਾ ਵਰਗੇ ਕਾਂਗਰਸੀ ਆਗੂਆਂ ਨੇ ਕੀਤੀ ਸੀ, ਜਿਹੜੇ ਆਪਣੇ-ਆਪ ਵਿਚ ਸਭ ਤੋਂ ਵੱਡੇ ਜ਼ੀਰੋ ਹਨ। ਮਜੀਠੀਆ ਨੇ ਕਿਹਾ ਕਿ ਸਿੱਧੂ ਆਪਣਾ ਵਿਭਾਗ ਚਲਾਉਣ ਵਿਚ ਬੁਰੀ ਤਰ੍ਹਾਂ ਫੇਲ ਹੋ ਚੁੱਕਾ ਹੈ। ਉਸ ਦੀ ਹਰ ਕੰਮ ਵਿਚ ਸ਼ੋਹਰਤ ਲੈਣ ਦੀ ਕਾਹਲੀ ਨੇ ਹਰ ਮਾਮਲੇ ਨੂੰ ਵਿਗਾੜਿਆ ਹੈ। ਹੁਣ ਅਜਿਹੀ ਸਥਿਤੀ ਹੋ ਚੁੱਕੀ ਹੈ ਕਿ ਸਾਰੇ ਵਿਕਾਸ ਕਾਰਜ ਰੋਕੇ ਜਾਣ, ਮਿਊਂਸੀਪਲ ਹੱਦਾਂ ਅੰਦਰ ਬਿਜਲੀ ਉਤੇ ਨਵਾਂ ਸਰਚਾਰਜ ਲਾਉਣ, ਬਾਹਰੀ ਵਿਕਾਸ ਕਰਾਂ ਵਿਚ ਵਾਧਾ ਕਰਨ ਅਤੇ ਬਿਜਲੀ ਦਰਾਂ ਵਿਚ ਕੀਤੇ ਤਾਜ਼ਾ ਵਾਧੇ ਕਰਕੇ ਸ਼ਹਿਰੀ ਲੋਕ ਉਸ ਦੇ ਖੂਨ ਦੇ ਪਿਆਸੇ ਹਨ। ਇਸੇ ਕਰਕੇ ਉਹ ਅੱਜ ਮਜੀਠਾ ਆਇਆ ਸੀ ਤਾਂ ਕਿ ਡਰਾਮੇਬਾਜ਼ੀ ਕਰਕੇ ਸ਼ਹਿਰੀ ਲੋਕਾਂ ਦੀਆਂ ਸਮੱਸਿਆਵਾਂ ਤੋਂ ਲੋਕਾਂ ਦਾ ਧਿਆਨ ਲਾਂਭੇ ਕਰ ਸਕੇ। ਉਨ੍ਹਾਂ ਕਿਹਾ ਕਿ ਉਸ ਨੂੰ ਅਕਾਲੀ ਦਲ ਨਾਲ ਮੱਥਾ ਲਾਉਣ ਦੀ ਕੋਸ਼ਿਸ਼ ਕਰ ਲੈਣ ਦਿਓ, ਅਸੀਂ ਉਸ ਦਾ ਡਟ ਕੇ ਮੁਕਾਬਲਾ ਕਰਾਂਗੇ।
ਡੇਰਾ ਬਾਬਾ ਨਾਨਕ ਵਿਧਾਇਕ ਸੁੱਖੀ ਰੰਧਾਵਾ ਵੱਲੋਂ ਕੀਤੀ ਟਿੱਪਣੀ ਕਿ ਉਹ ਆਪਣੀ ਸੀਟ ਤੋਂ ਅਸਤੀਫਾ ਦੇ ਕੇ ਬਿਕਰਮ ਮਜੀਠੀਆ ਖ਼ਿਲਾਫ ਚੋਣ ਲੜਨਾ ਚਾਹੁੰਦਾ ਹੈ, ਬਾਰੇ ਉਨ੍ਹਾਂ ਕਿਹਾ ਕਿ ਮੈਂ ਸੁੱਖੀ ਰੰਧਾਵਾ ਨੂੰ ਮਸ਼ਵਰਾ ਦਿੰਦਾ ਹਾਂ ਕਿ ਉਹ ਸਵੇਰੇ ਹੀ ਅਸਤੀਫਾ ਦੇ ਦੇਵੇ। ਮੈਂ ਉਸ ਦਾ ਹੰਕਾਰ ਤੋੜਨ ਲਈ ਡੇਰਾ ਬਾਬਾ ਨਾਨਕ ਤੋਂ ਚੋਣ ਲੜਨ ਲਈ ਤਿਆਰ ਹਾਂ। ਮਜੀਠੀਆ ਨੇ ਕਿਹਾ ਕਿ ਉਹ ਇਸ ਚੁਣੌਤੀ ਨੂੰ ਇਸ ਲਈ ਸਵੀਕਾਰ ਕਰ ਰਿਹਾ ਹੈ ਕਿਉਂਕਿ ਉਹ ਚੰਗੀ ਤਰ੍ਹਾਂ ਜਾਣਦਾ ਹੈ ਕਿ ਸੁੱਖੀ ਰੰਧਾਵਾ ਸਰਕਾਰ ਵਿਚ ਹੋਣ ਕਰਕੇ ਫੜ੍ਹਾਂ ਮਾਰ ਰਿਹਾ ਹੈ ਅਤੇ ਉਸ ਨੂੰ ਲੱਗਦਾ ਹੈ ਕਿ ਉਹ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਨਾਲ ਆਸਾਨੀ ਨਾਲ ਦੁਬਾਰਾ ਜਿੱਤ ਸਕਦਾ ਹੈ। ਉਨ੍ਹਾਂ ਸੁੱਖੀ ਰੰਧਾਵਾ ਨੂੰ ਕਿਹਾ ਕਿ ਤੁਸੀਂ ਕਿਰਪਾ ਕਰਕੇ ਜਲਦੀ ਅਸਤੀਫਾ ਦਿਓ ਤਾਂ ਜੋ ਡੇਰਾ ਬਾਬਾ ਨਾਨਕ ਦੀ ਜ਼ਿਮਨੀ ਚੋਣ ਦਾ ਛੇਤੀ ਤੋਂ ਛੇਤੀ ਐਲਾਨ ਹੋ ਸਕੇ।
ਥਾਣਾ ਐੱਨ. ਆਰ. ਆਈ., ਨਾ ਬਿਜਲੀ, ਨਾ ਪਾਣੀ
NEXT STORY