ਸੁਲਤਾਨਪੁਰ ਲੋਧੀ (ਧੀਰ)— ਪਹਿਲੀ ਪਾਤਸ਼ਾਹੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸ਼ਤਾਬਦੀ ਸਮਾਗਮ ਨੂੰ ਇਤਿਹਾਸਕ ਅਤੇ ਸੁੰਦਰ ਬਣਾਉਣ ਲਈ ਪੰਜਾਬ ਸਰਕਾਰ ਸਮੇਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਈ ਵੀ ਕਸਰ ਨਹੀਂ ਛੱਡ ਰਹੀ ਹੈ। ਇਕ ਪਾਸੇ ਜਿੱਥੇ ਸ਼ਤਾਬਦੀ ਸਮਾਗਮ ਨੂੰ ਸਮਰਪਿਤ ਸੰਤਾਂ ਮਹਾਪੁਰਖਾਂ ਵੱਲੋਂ ਕਾਰ ਸੇਵਾ ਜਾਰੀ ਹੈ, ਉੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਆਪਣੇ ਤੌਰ 'ਤੇ ਪ੍ਰਬੰਧ ਕਰ ਰਹੀ ਹੈ। ਸੰਤ ਜਗਤਾਰ ਸਿੰਘ ਤਰਨਤਾਰਨ ਵਾਲਿਆਂ ਵੱਲੋਂ ਗੁਰਦੁਆਰਾ ਸ੍ਰੀ ਬੇਰ ਸਾਹਿਬ ਦੇ ਨਜ਼ਦੀਕ ਬੇਬੇ ਨਾਨਕੀ ਨਿਵਾਸ, ਕਾਰ ਪਾਰਕਿੰਗ ਅਤੇ ਸੰਗਤਾਂ ਵਾਸਤੇ ਲੰਗਰ ਹਾਲ ਦਾ ਨਿਰਮਾਣ ਕਾਰਜ ਜੰਗੀ ਪੱਧਰ 'ਤੇ ਜਾਰੀ ਹੈ।
ਸੰਤ ਜਗਤਾਰ ਸਿੰਘ ਜੀ ਵੱਲੋਂ ਚਾਰ ਮੁੱਖ ਦਵਾਰਾਂ 'ਤੇ ਸਵਾਗਤੀ ਗੇਟ ਦੀ ਵੀ ਕਾਰ ਸੇਵਾ ਕਰਕੇ ਸੰਗਤਾਂ ਲਈ ਸਮਰਪਿਤ ਕਰ ਦਿੱਤੇ ਗਏ ਹਨ। ਇਸ ਤੋਂ ਇਲਾਵਾ ਸੰਤ ਕਸ਼ਮੀਰ ਸਿੰਘ ਜੀ ਭੂਰੀ ਵਾਲਿਆਂ ਵੱਲੋਂ ਗੁਰਦੁਆਰਾ ਸ੍ਰੀ ਹੱਟ ਸਾਹਿਬ 'ਤੇ ਪੁਰਾਤਨ ਖੂਹੀ ਅਤੇ ਯਾਤਰੀ ਨਿਵਾਸ ਦੀ ਕਾਰ ਸੇਵਾ ਵੀ ਚੱਲ ਰਹੀ ਹੈ। ਦੂਜੇ ਪਾਸੇ ਪੰਜਾਬ ਸਰਕਾਰ ਵੱਲੋਂ ਸ਼ਤਾਬਦੀ ਸਮਾਗਮ ਨੂੰ ਦੇਖਦਿਆਂ ਸਭ ਤੋਂ ਪਹਿਲਾਂ ਪੇਂਡੂ ਲਿੰਕ ਸੜਕਾਂ ਨੂੰ ਚੌੜਾ ਕਰਨ ਦਾ ਕਾਰਜ ਬਹੁਤ ਤੇਜ਼ੀ ਨਾਲ ਚੱਲ ਰਿਹਾ ਹੈ।
ਸਰਕਾਰ ਮਨਾ ਰਹੀ 549ਵੇਂ ਗੁਰਪੁਰਬ ਨੂੰ ਰਾਜ ਪੱਧਰੀ ਸਮਾਗਮ–ਸ਼ਤਾਬਦੀ ਸਮਾਗਮ ਨੂੰ ਦੇਖਦਿਆਂ ਪੰਜਾਬ ਸਰਕਾਰ ਇਸ ਸਾਲ 549ਵੇਂ ਗੁਰਪੁਰਬ ਨੂੰ ਰਾਜ ਪੱਧਰੀ ਮਨਾਉਣ ਲਈ ਤਿਆਰੀਆਂ ਬਹੁਤ ਤੇਜ਼ੀ ਨਾਲ ਕਰ ਰਹੀ ਹੈ। ਜਿਸ ਦੀ ਸ਼ੁਰੂਆਤ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 23 ਨਵੰਬਰ ਨੂੰ ਕਰ ਰਹੇ ਹਨ। ਪੇਂਡੂ ਲਿੰਕ ਸੜਕਾਂ ਨੂੰ ਚੌੜਾ ਕਰਨ ਦਾ ਕੰਮ ਪਹਿਲਾਂ ਹੀ ਤੇਜ਼ੀ ਨਾਲ ਚੱਲ ਰਿਹਾ ਹੈ। ਸ਼ਹਿਰ ਵਾਸਤੇ ਸੀਵਰੇਜ ਦੀ ਸਮੱਸਿਆ, ਸੜਕਾਂ ਅਤੇ ਹੋਰ ਵਿਕਾਸ ਕਾਰਜਾਂ ਵਾਸਤੇ ਹੀ 17 ਕਰੋੜ ਮਨਜ਼ੂਰ ਹੋ ਚੁੱਕੇ ਹਨ। ਬੱਸ ਸਟੈਂਡ ਨੂੰ ਵੀ ਅਤੀ ਆਧੁਨਿਕ ਬਣਾਇਆ ਜਾਵੇਗਾ। ਇਸ ਤੋਂ ਇਲਾਵਾ ਕੈਪਟਨ ਸਾਹਿਬ 23 ਨਵੰਬਰ ਨੂੰ ਵੱਡੇ ਪ੍ਰੋਜੈਕਟਾਂ ਜਿਵੇਂ ਨਵੇਂ ਪੁਲਾਂ ਦੀ ਉਸਾਰੀ, ਬੇਬੇ ਨਾਨਕੀ ਡਿਗਰੀ ਕਾਲਜ, ਮੁਹੱਬਲੀਪੁਰ ਲੜਕੀਆਂ ਵਾਸਤੇ, ਬਾਬੇ ਨਾਨਕ ਜੀ ਦੇ ਨਾਂ 'ਤੇ ਬਣਾਏ ਜਾ ਰਹੇ ਪਿੰਡ 'ਚ ਆਧੁਨਿਕ ਸਹੂਲਤਾਂ, ਮੁੱਖ ਸੜਕ ਮਾਰਗਾਂ ਦੀ ਕਾਇਆ ਕਲਪ ਆਦਿ ਹੋਰ ਕਈ ਵਿਕਾਸ ਕਾਰਜ ਸ਼ੁਰੂ ਹੋ ਜਾਣਗੇ। ਜਿਨ੍ਹਾਂ ਵਾਸਤੇ 200 ਕਰੋੜ ਰੁਪਏ ਮਨਜ਼ੂਰ ਹੋ ਚੁੱਕੇ ਹਨ ਅਤੇ ਇਹ ਸਾਰੇ ਕਾਰਜ 6 ਮਹੀਨਿਆਂ 'ਚ ਪੂਰੇ ਕੀਤੇ ਜਾਣਗੇ ਤਾਂ ਜੋ ਸ਼ਤਾਬਦੀ ਸਮਾਗਮ 'ਤੇ ਦੇਸ਼ ਵਿਦੇਸ਼ ਤੋਂ ਆਉਣ ਵਾਲੀਆਂ ਸੰਗਤਾਂ ਵਾਸਤੇ ਕੋਈ ਮੁਸ਼ਕਿਲ ਨਾ ਹੋਵੇ।
ਇਸ ਸਬੰਧੀ ਵਿਧਾਇਕ ਨਵਤੇਜ ਸਿੰਘ ਚੀਮਾ ਨੇ ਦੱਸਿਆ ਕਿ ਪਿੰਡ ਜੱਬੋਵਾਲ ਵਿਖੇ ਜੋ ਅਕਾਲੀ ਸਰਕਾਰ ਦੇ ਸਮੇਂ ਟੈਕਨੀਕਲ ਕਾਲਜ ਬਣ ਕੇ ਬੰਦ ਹੋ ਚੁੱਕਾ ਸੀ, ਉਸ ਨੂੰ ਦੁਬਾਰਾ ਸ਼ੁਰੂ ਕਰਨ ਵਾਸਤੇ ਇਥੇ ਟ੍ਰਿਪਲ ਆਈ. ਟੀ. ਕੋਰਸ ਲਈ ਟਾਟਾ ਨਾਲ ਸਮਝੌਤਾ ਹੋ ਗਿਆ ਹੈ ਅਤੇ 106 ਕਰੋੜ ਰੁਪਏ ਦੀ ਰਾਸ਼ੀ ਵੀ ਮਨਜ਼ੂਰ ਹੋ ਚੁੱਕੀ ਹੈ। ਹਲਕਾ ਵਾਸੀਆਂ ਦੀ ਪੁਰਜ਼ੋਰ ਮੰਗ 'ਤੇ 100 ਬਿਸਤਰਿਆਂ ਵਾਲਾ ਇਕ ਅਤੀ ਆਧੁਨਿਕ ਮਲਟੀਸਪੈਸ਼ਲਿਟੀ ਹਸਪਤਾਲ ਵੀ ਖੋਲ੍ਹਿਆ ਜਾਵੇਗਾ। ਉਨ੍ਹਾਂ ਕਿਹਾ ਕਿ ਇਨ੍ਹਾਂ ਸਾਰੇ ਕੰਮਾਂ ਵਾਸਤੇ ਹਰੇਕ ਦੀ ਜ਼ੁਬਾਨ 'ਤੇ ਇਹ ਗੱਲ ਆ ਰਹੀ ਹੈ ਕਿ ਇਹ ਸਾਰੇ ਕਾਰਜ ਸ਼ਤਾਬਦੀ ਸਮਾਗਮ ਤੋਂ ਪਹਿਲਾ ਪੂਰੇ ਹੋ ਜਾਣਗੇ। ਜਿਸ ਲਈ ਕੰਮ ਪੂਰੇ ਜੰਗੀ ਪੱਧਰ 'ਤੇ ਸ਼ੁਰੂ ਹੋ ਚੁੱਕਾ ਹੈ। ਉਨ੍ਹਾਂ ਕਿਹਾ ਕਿ ਜਦੋਂ ਸਰਕਾਰ ਚਾਹੇ ਤਾਂ ਸਭ ਕੁਝ ਹੋ ਸਕਦਾ ਹੈ।
ਐੱਸ. ਜੀ. ਪੀ. ਸੀ. ਵੀ ਕੋਈ ਕਸਰ ਨਹੀਂ ਛੱਡਣਾ ਚਾਹੁੰਦੀ
ਪੰਜਾਬ ਸਰਕਾਰ ਤੋਂ ਇਲਾਵਾ ਐੱਸ. ਜੀ. ਪੀ. ਸੀ. ਵੀ ਸ਼ਤਾਬਦੀ ਸਮਾਗਮ ਸਬੰਧੀ ਕੋਈ ਕਸਰ ਨਹੀਂ ਛੱਡਣਾ ਚਾਹੁੰਦੀ। ਐੱਸ. ਜੀ. ਪੀ. ਸੀ. ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਦੱਸਿਆ ਕਿ ਸਾਰੇ ਪ੍ਰੋਗਰਾਮ ਦੀ ਰੂਪਰੇਖਾ ਤਿਆਰ ਹੋ ਚੁੱਕੀ ਹੈ ਅਤੇ ਸਾਰੇ ਕਾਰਜ ਬਹੁਤ ਤੇਜ਼ੀ ਨਾਲ ਚੱਲ ਰਹੇ ਹਨ। ਇਸ ਤੋਂ ਇਲਾਵਾ 549ਵੇਂ ਗੁਰਪੁਰਬ ਮੌਕੇ 21 ਤੋਂ 23 ਨਵੰਬਰ ਤਕ ਤਿੰਨ ਰੋਜ਼ਾ ਸਮਾਗਮ ਅਤੇ ਸ਼ਤਾਬਦੀ ਸਮਾਗਮਾਂ ਦੀ ਵਿਧੀਗਤ ਸ਼ੁਰੂਆਤ ਹੋਣ ਜਾ ਰਹੀ ਹੈ ਜੋ ਸਾਰਾ ਸਾਲ ਚੱਲਣਗੇ।
ਵਾਤਾਵਰਣ ਪ੍ਰੇਮੀ ਸੰਤ ਸੀਚੇਵਾਲ ਵੀ ਪਾ ਰਹੇ ਹਨ ਵੱਡਮੁੱਲਾ ਯੋਗਦਾਨ
ਵਾਤਾਵਰਣ ਅਤੇ ਪਾਣੀਆਂ ਦੇ ਰਾਖੇ ਸੰਤ ਬਲਬੀਰ ਸਿੰਘ ਸੀਚੇਵਾਲ ਵੀ ਸ਼ਤਾਬਦੀ ਸਮਾਗਮ ਨੂੰ ਯਾਦਗਾਰੀ ਬਣਾਉਣ 'ਚ ਆਪਣਾ ਵੱਡਮੁੱਲਾ ਯੋਗਦਾਨ ਪਾ ਰਹੇ ਹਨ। ਸੰਤ ਸੀਚੇਵਾਲ ਮੁਤਾਬਕ ਇਹ ਸਾਡੇ ਲਈ ਸੁਭਾਗਾ ਮੌਕਾ ਹੈ ਜਦੋਂ ਸਾਨੂੰ ਸਿੱਖ ਧਰਮ ਦੇ ਬਾਨੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਸ਼ਤਾਬਦੀ ਸਮਾਗਮ ਮਨਾਉਣ ਦਾ ਮੌਕਾ ਮਿਲਿਆ ਹੈ। ਉਨ੍ਹਾਂ ਦੱਸਿਆ ਕਿ ਦੇਸ਼ ਵਿਦੇਸ਼ ਤੋਂ ਆਉਣ ਵਾਲੀਆਂ ਸੰਗਤਾਂ ਦੇ ਲਈ ਨਿਰਮਲ ਕੁਟੀਆ ਵੱਲੋਂ ਕਰੀਬ ਇਕ ਲੱਖ ਸੰਗਤ ਦੇ ਠਹਿਰਣ ਵਾਸਤੇ ਵੱਖ-ਵੱਖ ਪਿੰਡਾਂ 'ਚ ਬੰਦੋਬਸਤ ਕੀਤੇ ਜਾ ਰਹੇ ਹਨ, ਜਿਸ ਲਈ ਬਕਾਇਦਾ ਵੈੱਬਸਾਈਟ ਵੀ ਬਣਾਈ ਜਾ ਰਹੀ ਹੈ, ਜਿਸ ਤੋਂ ਸਾਰੀ ਜਾਣਕਾਰੀ ਮਿਲ ਜਾਵੇਗੀ।
ਵੱਖ-ਵੱਖ ਸ਼ਖਸੀਅਤਾਂ ਦੇ ਪਹੁੰਚਣ ਦੀ ਆਸ
ਸ਼ਤਾਬਦੀ ਸਮਾਗਮ ਦੀ ਮੌਕੇ 23 ਨਵੰਬਰ ਨੂੰ ਹੋਣ ਵਾਲੇ ਗੁਰਪੁਰਬ ਮੌਕੇ ਜਿੱਥੇ ਪੰਜਾਬ ਸਰਕਾਰ ਵੱਲੋਂ ਕਰਵਾਏ ਸਮਾਗਮ 'ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪਹੁੰਚ ਰਹੇ ਹਨ, ਉੱਥੇ ਹੀ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਅਤੇ ਹੋਰ ਕਈ ਕੈਬਨਿਟ ਮੰਤਰੀ ਵੀ ਪੁੱਜਣਗੇ ਅਤੇ ਐੱਸ. ਜੀ. ਪੀ. ਸੀ ਵੱਲੋਂ ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ, ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਪੰਜਾਬ ਦੇ ਰਾਜਪਾਲ ਵੀ. ਪੀ. ਬਦਨੌਰ, ਕੇਂਦਰੀ ਰਾਜ ਮੰਤਰੀ ਰਾਜਨਾਥ ਅਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਵੀ ਪਹੁੰਚਣ ਦੀ ਪੂਰੀ ਆਸ ਹੈ।
ਸੁਖਬੀਰ ਬਾਦਲ ਤੇ ਰਵਨੀਤ ਬਿੱਟੂ ਨੂੰ ਚੌਧਰੀ ਦੀ ਹਿਦਾਇਤ
NEXT STORY