ਗੁਰਦਾਸਪੁਰ (ਵਿਨੋਦ) - ਗੁਰਦਾਸਪੁਰ ਲੋਕ ਸਭਾ ਸੀਟ 'ਤੇ 11 ਅਕਤੂਬਰ ਨੂੰ ਉਪ ਚੋਣ ਹੋ ਰਹੀ ਹੈ। ਨਾਮਜ਼ਦਗੀ ਦੇ ਅੱਜ ਆਖਰੀ ਦਿਨ ਤੱਕ ਕੁਲ 14 ਉਮੀਦਵਾਰਾਂ ਨੇ ਆਪਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ। ਨਾਮਜ਼ਦਗੀ ਦਾਖਲ ਕਰਨ ਵਾਲੇ ਉਮੀਦਵਾਰਾਂ ਵਿਚ ਸਭ ਤੋਂ ਜ਼ਿਆਦਾ ਅਮੀਰ ਭਾਜਪਾ ਦੀ ਟਿਕਟ 'ਤੇ ਚੋਣ ਲੜ ਰਹੇ ਸਵਰਨ ਸਲਾਰੀਆ ਹਨ, ਜਦਕਿ ਉਮੀਦਵਾਰਾਂ ਦੀ ਸੂਚੀ ਵਿਚ ਦੂਜੇ ਨੰਬਰ 'ਤੇ ਕਾਂਗਰਸ ਦੀ ਟਿਕਟ 'ਤੇ ਚੋਣ ਲੜ ਰਹੇ ਸੁਨੀਲ ਜਾਖੜ ਹਨ। ਭਾਜਪਾ ਤੇ ਕਾਂਗਰਸ ਵੱਲੋਂ ਚੋਣ ਮੈਦਾਨ ਵਿਚ ਉਤਾਰੇ ਗਏ ਉਮੀਦਵਾਰਾਂ 'ਚੋਂ ਭਾਜਪਾ ਉਮੀਦਵਾਰ ਸਵਰਨ ਸਲਾਰੀਆ ਕੋਲ ਸੁਨੀਲ ਜਾਖੜ ਦੇ ਮੁਕਾਬਲੇ 50 ਗੁਣਾ ਜ਼ਿਆਦਾ ਜਾਇਦਾਦ ਹੈ।
ਸਵਰਨ ਸਲਾਰੀਆ ਨੇ ਨਾਮਜ਼ਦਗੀ ਪੱਤਰ ਭਰਿਆ
ਭਾਜਪਾ ਦੇ ਗੁਰਦਾਸਪੁਰ ਲੋਕ ਸਭਾ ਹਲਕੇ ਦੀ ਹੋ ਰਹੀ ਉਪ ਚੋਣ ਵਿਚ ਅੱਜ ਭਾਜਪਾ-ਅਕਾਲੀ ਗਠਜੋੜ ਦੇ ਉਮੀਦਵਾਰ ਸਵਰਨ ਸਲਾਰੀਆ ਨੇ ਅੱਜ ਆਪਣੇ ਨਾਮਜ਼ਦਗੀ ਕਾਗਜ਼ ਜ਼ਿਲਾ ਚੋਣ ਅਧਿਕਾਰੀ ਕਮ ਡਿਪਟੀ ਕਮਿਸ਼ਨਰ ਗੁਰਦਾਸਪੁਰ ਗੁਰਲਵਲੀਨ ਸਿੰਘ ਸਿੱਧੂ ਸਾਹਮਣੇ ਪੇਸ਼ ਹੋ ਕੇ ਜਮ੍ਹਾ ਕਰਵਾਏ। ਇਸ ਮੌਕੇ ਉਨ੍ਹਾਂ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵੀ ਮੌਜੂਦ ਸਨ।
ਗੁਰਦਾਸਪੁਰ ਲੋਕ ਸਭਾ ਹਲਕਾ ਮੇਰਾ ਜੱਦੀ ਹਲਕਾ : ਸਲਾਰੀਆ
ਆਪਣੇ ਨਾਮਜ਼ਦਗੀ ਕਾਗਜ਼ ਜਮ੍ਹਾ ਕਰਵਾਉਣ ਤੋਂ ਬਾਅਦ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦੇ ਹੋਏ ਸਵਰਨ ਸਲਾਰੀਆ ਨੇ ਕਿਹਾ ਕਿ ਲੋਕ ਸਭਾ ਹਲਕਾ ਮੇਰਾ ਜੱਦੀ ਹਲਕਾ ਹੈ ਅਤੇ ਮੇਰਾ ਜੀਣਾ ਮਰਨਾ ਇਸੇ ਜ਼ਿਲੇ ਨਾਲ ਹੈ। ਇਸ ਵਾਰ ਪਾਰਟੀ ਨੇ ਮੇਰੇ 'ਤੇ ਵਿਸ਼ਵਾਸ ਕਰਕੇ ਮੈਨੂੰ ਉਮੀਦਵਾਰ ਬਣਾਇਆ ਹੈ ਅਤੇ ਵਿਨੋਦ ਖੰਨਾ ਦੀ ਧਰਮ ਪਤਨੀ ਕਵਿਤਾ ਖੰਨਾ ਨੇ ਮੇਰੇ ਚੋਣ ਪ੍ਰਚਾਰ ਦੀ ਵਾਗਡੋਰ ਸੰਭਾਲੀ ਹੈ। ਉਨ੍ਹਾਂ ਕਿਹਾ ਕਿ ਅਕਾਲੀ-ਭਾਜਪਾ ਗਠਜੋੜ ਇਸ ਚੋਣ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਕੇਂਦਰ ਸਰਕਾਰ ਦੀਆਂ ਉਪਲੱਬਧੀਆਂ ਅਤੇ ਕਾਂਗਰਸ ਦੀਆਂ ਅਸਫ਼ਲਤਾਵਾਂ ਦੇ ਦਮ 'ਤੇ ਚੋਣ ਜਿੱਤੇਗਾ।
ਸੁਨੀਲ ਜਾਖੜ ਨੇ ਨਾਮਜ਼ਦਗੀ ਪੱਤਰ ਭਰਿਆ
ਗੁਰਦਾਸਪੁਰ ਸੀਟ ਲਈ ਕਾਂਗਰਸ ਪਾਰਟੀ ਦੇ ਉਮੀਦਵਾਰ ਸੁਨੀਲ ਜਾਖੜ ਨੇ ਆਪਣੇ ਨਾਮਜ਼ਦਗੀ ਕਾਗਜ਼ ਜ਼ਿਲਾ ਚੋਣ ਅਧਿਕਾਰੀ ਕਮ ਡਿਪਟੀ ਕਮਿਸ਼ਨਰ ਗੁਰਦਾਸਪੁਰ ਗੁਰਲਵਨੀਨ ਸਿੰਘ ਸਿੱਧੂ ਕੋਲ ਜਮ੍ਹਾ ਕਰਵਾ ਦਿੱਤੇ ਹਨ। ਇਸ ਮੌਕੇ ਉਨ੍ਹਾਂ ਨਾਲ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ, ਲੋਕਲਬਾਡੀ ਮੰਤਰੀ ਨਵਜੋਤ ਸਿੰਘ ਸਿੱਧੂ ਸਮੇਤ ਹੋਰ ਕਈ ਪ੍ਰਮੁੱਖ ਨੇਤਾ ਵੀ ਸਨ। ਚੋਣ ਜਾਬਤੇ ਦੇ ਚਲਦੇ ਡਿਪਟੀ ਕਮਿਸ਼ਨਰ ਅਦਾਲਤ ਦੇ ਕਮਰੇ ਵਿਚ ਸੁਨੀਲ ਜਾਖੜ ਦੇ ਨਾਲ ਕੈਪਟਨ ਅਮਰਿੰਦਰ ਸਿੰਘ, ਨਵਜੋਤ ਸਿੰਘ ਸਿੱਧੂ, ਆਸ਼ਾ ਕੁਮਾਰੀ ਹੀ ਜਾ ਸਕੇ।
ਭਾਜਪਾ ਬਿਜ਼ਨੈੱਸਮੈਨਾਂ ਦੀ ਪਾਰਟੀ : ਜਾਖੜ
ਸੁਨੀਲ ਜਾਖੜ ਨੇ ਕਿਹਾ ਕਿ ਭਾਜਪਾ ਸਰਕਾਰ ਨੇ ਸਾਬਿਤ ਕਰ ਦਿੱਤਾ ਹੈ ਕਿ ਉਸਦੀ ਸਰਕਾਰ ਬਿਜ਼ਨੈੱਸਮੈਨਾਂ ਦੀ ਹੈ ਅਤੇ ਹੁਣ ਇਕ ਬਿਜ਼ਨੈੱਸਮੈਨ ਸਵਰਨ ਸਲਾਰੀਆ ਨੂੰ ਟਿਕਟ ਦੇ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਮੈਂ ਵਾਅਦਾ ਕਰਦਾ ਹਾਂ ਕਿ ਲੋਕਾਂ ਦੀ ਆਵਾਜ਼, ਮੰਗਾਂ ਅਤੇ ਜ਼ਰੂਰਤਾਂ ਨੂੰ ਸੰਸਦ ਵਿਚ ਚੁੱਕ ਕੇ ਉਨ੍ਹਾਂ ਦਾ ਹੱਲ ਕਰਵਾਵਾਂਗਾ। ਇਥੇ ਕੈਬਨਿਟ ਮੰਤਰੀ ਅਰੁਣਾ ਚੌਧਰੀ, ਤ੍ਰਿਪਤ ਰਾਜਿੰਦਰ ਬਾਜਵਾ, ਆਸ਼ਾ ਕੁਮਾਰੀ, ਨਵਜੋਤ ਸਿੰਘ ਸਿੱਧੂ, ਸੁਖਜਿੰਦਰ ਸਿੰਘ ਰੰਧਾਵਾ, ਫਤਿਹਜੰਗ ਸਿੰਘ ਬਾਜਵਾ, ਬਰਿੰਦਰਮੀਤ ਸਿੰਘ ਪਾਹੜਾ, ਜ਼ਿਲਾ ਪ੍ਰਧਾਨ ਅਸ਼ੋਕ ਚੌਧਰੀ ਸਣੇ ਹੋਰ ਮੁੱਖ ਨੇਤਾ ਮੌਜੂਦ ਸਨ।
ਸਵਰਨ ਸਲਾਰੀਆ ਅਤੇ ਉਨ੍ਹਾਂ ਦੀ ਪਤਨੀ 1137.93 ਕਰੋੜ ਦੀ ਜਾਇਦਾਦ ਦੇ ਮਾਲਕ
ਭਾਜਪਾ-ਅਕਾਲੀ ਦਲ ਉਮੀਦਵਾਰ ਸਵਰਨ ਸਲਾਰੀਆ ਵੱਲੋਂ ਆਪਣੇ ਨਾਮਜ਼ਦਗੀ ਪੱਤਰ ਵਿਚ ਵਿਖਾਈ ਗਈ ਸੰਪਤੀ ਦਾ ਵੇਰਵਾ
* ਕੁਲ ਚਲ ਜਾਇਦਾਦ 192,51,78,136 ਰੁਪਏ।
* ਕੁੱਲ ਅਚੱਲ ਜਾਇਦਾਦ 945,41,22,490 ਰੁਪਏ।
(ਸਲਾਰੀਆ ਨੇ ਆਪਣੀ ਚੱਲ ਜਾਇਦਾਦ 130 ਕਰੋੜ 61 ਲੱਖ 24 ਹਜ਼ਾਰ 392 ਰੁਪਏ ਅਤੇ ਆਪਣੀ ਪਤਨੀ ਦੀ ਚੱਲ ਜਾਇਦਾਦ 61 ਕਰੋੜ 90 ਲੱਖ 53 ਹਜ਼ਾਰ 744 ਰੁਪਏ ਦਿਖਾਈ ਹੈ, ਜਦਕਿ ਅਚੱਲ ਜਾਇਦਾਦ ਸਲਾਰੀਆ ਨੇ 800 ਕਰੋੜ 52 ਲੱਖ 27 ਹਜ਼ਾਰ 500 ਰੁਪਏ ਅਤੇ ਆਪਣੀ ਪਤਨੀ ਦੀ 144 ਕਰੋੜ 90 ਲੱਖ 94 ਹਜ਼ਾਰ 990 ਰੁਪਏ ਦਿਖਾਈ ਹੈ। ਇਸੇ ਤਰ੍ਹਾਂ ਸਲਾਰੀਆ ਦੀ ਕੁਲ ਜਾਇਦਾਦ 1137 ਕਰੋੜ 93 ਲੱਖ 62 ਹਜ਼ਾਰ ਰੁਪਏ ਬਣਦੀ ਹੈ।)
ਸਾਡਾ ਮਕਸਦ ਪੰਜਾਬ ਦੀ ਤਰੱਕੀ : ਕੈਪਟਨ
ਕਾਂਗਰਸ ਉਮੀਦਵਾਰ ਸੁਨੀਲ ਜਾਖੜ ਦੇ ਪੱਖ 'ਚ ਸਥਾਨਕ ਤਿੱਬੜੀ ਰੋਡ 'ਤੇ ਸਥਿਤ ਪੁੱਡਾ ਕਾਲੋਨੀ 'ਚ ਸੰਬੋਧਨ ਕਰਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਲੋਕ ਸਭਾ ਹਲਕਾ ਗੁਰਦਾਸਪੁਰ ਲਈ 750 ਕਰੋੜ ਰੁਪਏ ਦੇ ਪ੍ਰਾਜੈਕਟ ਮਨਜ਼ੂਰ ਕੀਤੇ ਗਏ ਹਨ, ਜੋ ਹਲਕੇ ਦੇ ਵੱਖ-ਵੱਖ ਵਿਧਾਨ ਸਭਾ ਹਲਕਿਆਂ ਦੇ ਵਿਕਾਸ ਲਈ ਮਨਜ਼ੂਰ ਕੀਤੇ ਗਏ ਹਨ।ਉਨ੍ਹਾਂ ਕਿਹਾ ਕਿ ਸਾਡਾ ਮਕਸਦ ਪੰਜਾਬ ਦੀ ਤਰੱਕੀ ਕਰਨਾ ਹੈ। ਅਸੀਂ ਕਿਸਾਨਾਂ ਦਾ ਜੀਵਨ ਪੱਧਰ ਉੱਚਾ ਚੁੱਕਣਾ ਚਾਹੁੰਦੇ ਹਾਂ। ਪਿਛਲੇ 10 ਸਾਲਾਂ 'ਚ ਅਕਾਲੀ-ਭਾਜਪਾ ਸਰਕਾਰ ਨੇ ਕਿਸਾਨਾਂ ਦਾ ਕਚੂੰਮਰ ਕੱਢ ਦਿੱਤਾ ਹੈ। ਸਾਡੀ ਕੋਸ਼ਿਸ਼ ਸੂਬੇ ਨੂੰ ਆਪਣੇ ਪੈਰਾਂ 'ਤੇ ਦੁਬਾਰਾ ਖੜ੍ਹਾ ਕਰ ਨ ਦੀ ਹੈ। ਮੌਜੂਦਾ ਸਮੇਂ 'ਚ ਪੰਜਾਬ ਸਿਰ 2,80,000 ਕਰੋੜ ਦਾ ਕਰਜ਼ਾ ਅਕਾਲੀ-ਭਾਜਪਾ ਸਰਕਾਰ ਦੀ ਦੇਣ ਹੈ ਪਰ ਜੋ 2 ਲੱਖ ਰੁਪਏ ਕਿਸਾਨਾਂ ਦਾ ਕਰਜ਼ਾ ਮੁਆਫ ਕੀਤਾ ਗਿਆ ਹੈ, ਉਹ ਅਸੀਂ ਆਪਣੇ ਪੱਧਰ 'ਤੇ ਕੀਤਾ ਹੈ।
ਪੰਜਾਬ ਦੀ ਕਾਂਗਰਸ ਸਰਕਾਰ ਆਪਣੇ 6 ਮਹੀਨਿਆਂ ਦੇ ਕਾਰਜਕਾਲ ਵਿਚ ਹਰ ਫਰੰਟ 'ਤੇ ਫੇਲ ਹੋਈ : ਸੁਖਬੀਰ ਬਾਦਲ
ਨਾਮਜ਼ਦਗੀ ਕਾਗਜ਼ ਦਾਖਲ ਕਰਵਾਉਣ ਦੇ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪੰਜਾਬ ਵਿਚ ਕਾਂਗਰਸ ਸਰਕਾਰ 6 ਮਹੀਨੇ ਦੇ ਸ਼ਾਸਨਕਾਲ ਵਿਚ ਹੀ ਹਰ ਫਰੰਟ 'ਤੇ ਫੇਲ ਹੋ ਗਈ ਹੈ। ਉਨ੍ਹਾਂ ਕਿਹਾ ਕਿ ਭਾਜਪਾ ਤੇ ਅਕਾਲੀ ਦਲ ਨੇ ਇਸ ਸੀਟ 'ਤੇ ਉਮੀਦਵਾਰ ਚੋਣ ਲੜਨ ਲਈ ਨਹੀਂ, ਬਲਕਿ ਚੋਣ ਜਿੱਤਣ ਦੇ ਲਈ ਉਤਾਰਿਆ ਹੈ ਅਤੇ ਸਾਡਾ ਮੁਕਾਬਲਾ ਕਾਂਗਰਸ ਪਾਰਟੀ ਦੇ ਉਮੀਦਵਾਰ ਨਾਲ ਹੋਵੇਗਾ। ਉਨ੍ਹਾਂ ਕਿਹਾ ਕਿ ਕਾਂਗਰਸ ਕੋਲ ਸਥਾਨਕ ਪੱਧਰ 'ਤੇ ਅਜਿਹਾ ਕੋਈ ਨੇਤਾ ਨਹੀਂ ਸੀ, ਜਿਸ ਨੂੰ ਉਹ ਚੋਣ ਮੈਦਾਨ ਵਿਚ ਉਤਾਰ ਸਕਦੀ। ਇਸ ਲਈ ਕਾਂਗਰਸ ਨੇ ਵਿਧਾਨ ਸਭਾ ਚੋਣ ਹਾਰ ਚੁੱਕੇ ਸੁਨੀਲ ਜਾਖੜ, ਜਿਸ ਦਾ ਗੁਰਦਾਸਪੁਰ ਲੋਕ ਸਭਾ ਹਲਕੇ ਨਾਲ ਕੋਈ ਸੰਬੰਧ ਨਹੀਂ ਹੈ, ਨੂੰ ਚੋਣ ਮੈਦਾਨ ਵਿਚ ਉਤਾਰਿਆ ਹੈ।
ਮਜੀਠੀਆ ਕਿਸੇ ਭੁਲੇਖੇ 'ਚ ਨਾ ਰਹੇ : ਸਿੱਧੂ
ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਮਜੀਠੀਆ ਨੂੰ ਲੰਬੂ ਤੇ ਸੁਖਬੀਰ ਬਾਦਲ ਨੂੰ 'ਸੁੱਖਾ ਗੱਪੀ' ਕਹਿ ਕੇ ਸੰਬੋਧਨ ਕੀਤਾ। ਸਿੱਧੂ ਨੇ ਤਾਲ ਠੋਕਦੇ ਹੋਏ ਕਿਹਾ ਕਿ 60 ਵਿਧਾਇਕਾਂ ਨੇ ਜੋ ਲਿਖ਼ਤ ਵਿਚ ਕਿਹਾ ਹੈ ਕਿ ਮਜੀਠੀਆ ਨੂੰ ਸਜ਼ਾ ਹੋਣੀ ਚਾਹੀਦੀ ਹੈ, ਇਸ ਦਾ ਅਰਥ ਹੈ ਕਿ ਸੂਬੇ ਦੇ ਡੇਢ ਕਰੋੜ ਲੋਕ ਮਜੀਠੀਆ ਨੂੰ ਸਲਾਖਾਂ ਪਿੱਛੇ ਦੇਖਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਮਜੀਠੀਆ ਕਿਸੇ ਭੁਲੇਖੇ ਵਿਚ ਨਾ ਰਹਿਣ ਤੇ ਦੇਰ-ਸਬੇਰ ਇਨਸਾਫ਼ ਹੋਣਾ ਤਹਿ ਹੈ। ਸਿੱਧੂ ਨੇ ਕਿਹਾ ਕਿ ਸੁੱਖਾ ਗੱਪੀ ਕਿਸ ਮੂੰਹ ਨਾਲ ਕਾਂਗਰਸ ਸਰਕਾਰ ਤੋਂ ਹਿਸਾਬ ਮੰਗਦਾ ਹੈ, ਜਦਕਿ ਉਸ ਨੇ ਖੁਦ 10 ਸਾਲਾਂ ਤੱਕ ਪੰਜਾਬ ਅਤੇ ਲੋਕਾਂ ਨੂੰ ਦੋਵਾਂ ਹੱਥਾਂ ਨਾਲ ਲੁੱਟਿਆ ਹੈ।
ਨਾਜਾਇਜ਼ ਸ਼ਰਾਬ ਸਣੇ 3 ਕਾਬੂ
NEXT STORY