ਤਰਨਤਾਰਨ (ਰਮਨ) : ਜ਼ਿਲੇ ਦੇ ਸਰਹੱਦੀ ਪਿੰਡ ਨੌਸ਼ਹਿਰਾ ਵਿਖੇ ਸੋਮਵਾਰ ਦੀ ਰਾਤ ਪ੍ਰੇਮ ਵਿਆਹ ਨੂੰ ਲੈ ਕੇ ਲੜਕੀ ਦੇ ਪਰਿਵਾਰਕ ਮੈਂਬਰਾਂ ਵੱਲੋਂ ਲੜਕੇ ਦੇ ਪਿਤਾ, ਭੈਣ ਅਤੇ ਭਰਾ ਨੂੰ ਬੜੀ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਸੀ, ਜਿਸ ਸਬੰਧੀ ਪੁਲਸ ਨੇ ਕੁੱਲ਼ 14 ਮੁਲਜ਼ਮਾਂ ਖਿਲਾਫ ਮਾਮਲਾ ਦਰਜ ਕੀਤਾ ਹੈ ਪਰ ਅੱਜ ਦੂਸਰੇ ਦਿਨ ਵੀ ਕੋਈ ਗ੍ਰਿਫਤਾਰ ਨਾ ਹੋਣ ਕਾਰਣ ਪੁਲਸ ਦੇ ਹੱਥ ਖਾਲੀ ਰਹੇ। ਜ਼ਿਕਰਯੋਗ ਹੈ ਕਿ ਕੋਰਟ ਮੈਰਿਜ ਕਰਵਾਉਣ ਤੋਂ ਬਾਅਦ ਪੁਲਸ ਵੱਲੋਂ ਨਵੇਂ ਜੋੜੇ ਨੂੰ ਸੁਰੱਖਿਆ ਨਾ ਮੁਹੱਈਆ ਕਰਵਾਉਣ ਦੇ ਦੋਸ਼ ਮੁਦਈ ਵੱਲੋਂ ਲਾਏ ਜਾਣ ਨਾਲ ਮਾਮਲਾ ਜਵਾਬ ਤਲਬੀ ਵਾਲਾ ਬਣਦਾ ਜਾ ਰਿਹਾ ਹੈ।
ਘਟਨਾ ਤੋਂ ਤਿੰਨ ਦਿਨ ਪਹਿਲਾਂ ਹੀ ਮਿਲਣ ਲੱਗੀਆਂ ਸਨ ਧਮਕੀਆਂ
ਜਾਣਕਾਰੀ ਦਿੰਦੇ ਹੋਏ ਹਰਮਨ ਸਿੰਘ ਪੁੱਤਰ ਜੋਗਿੰਦਰ ਸਿੰਘ ਜੱਟ ਵਾਸੀ ਪਿੰਡ ਨੌਸ਼ਹਿਰਾ ਨੇ ਦੱਸਿਆ ਕਿ ਉਸ ਨੇ ਆਪਣੀ ਮਰਜ਼ੀ ਨਾਲ ਪਿੰਡ ਢਾਲਾ ਦੀ ਬੇਬੀ ਪੁੱਤਰੀ ਬੀਰਾ ਸਿੰਘ (ਦੂਸਰੀ ਜਾਤੀ) ਨਾਲ ਮਿਤੀ 4 ਜੂਨ 2019 ਨੂੰ ਮਾਣਯੋਗ ਅਦਾਲਤ 'ਚ ਕੋਰਟ ਮੈਰਿਜ ਕਰਵਾਈ ਸੀ, ਜਿਸ ਦੌਰਾਨ ਉਨ੍ਹਾਂ ਦੋਵਾਂ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜ਼ਰੀ ਵਿਚ ਲਈਆਂ ਲਾਵਾਂ ਦੇ ਸਬੂਤ ਵੀ ਮਾਣਯੋਗ ਆਦਾਲਤ ਵਿਚ ਪੇਸ਼ ਕੀਤੇ ਗਏ ਸਨ।
ਮੈਨੂੰ ਸੁਰੱਖਿਆ ਨਾ ਦੇਣ ਕਾਰਣ ਹੋਈ ਪਰਿਵਾਰ ਦੀ ਹੱਤਿਆ
ਹਰਮਨ ਨੇ ਦੱਸਿਆ ਕਿ ਵਿਆਹ ਤੋਂ ਕੁਝ ਸਮੇਂ ਬਾਅਦ ਹੀ ਸਾਨੂੰ ਦੋਵਾਂ ਨੂੰ ਮਾਰ ਦੇਣ ਦੀ ਨੀਅਤ ਨਾਲ ਉਸ ਦੇ ਸਾਲੇ ਪਿੱਛਾ ਕਰਦੇ ਨਜ਼ਰ ਆਉਣ ਲੱਗੇ, ਜਿਸ ਤੋਂ ਬਾਅਦ ਉਹ ਚੌਕਸ ਹੋ ਗਏ ਅਤੇ ਆਪਣੇ ਰਿਸ਼ਤੇਦਾਰਾਂ ਕੋਲ ਜ਼ਿਆਦਾ ਰਹਿਣ ਲਈ ਚਲੇ ਜਾਂਦੇ ਰਹੇ। ਹਰਮਨ ਨੇ ਦੱਸਿਆ ਕਿ ਉਹ ਹੱਸਦਾ ਖੇਡਦਾ ਆਪਣੇ ਪਿਤਾ ਜੋਗਿੰਦਰ ਸਿੰਘ, ਭਰਾ ਪਵਨਦੀਪ ਸਿੰਘ (16) ਅਤੇ ਭੈਣ ਪ੍ਰਭਜੀਤ ਕੌਰ ਨਾਲ ਸਮਾਂ ਬਤੀਤ ਕਰ ਰਿਹਾ ਸੀ। ਹਰਮਨ ਨੇ ਦੱਸਿਆ ਕਿ ਮਾਣਯੋਗ ਅਦਾਲਤ ਦੇ ਹੁਕਮਾਂ ਤਹਿਤ ਉਸ ਨੇ ਥਾਣਾ ਸਰਾਏ ਅਮਾਨਤ ਖਾਂ ਦੀ ਪੁਲਸ ਨੂੰ ਸੂਚਨਾ ਦਿੱਤੀ ਕਿ ਉਨ੍ਹਾਂ ਦੀ ਜਾਨ ਨੂੰ ਖਤਰਾ ਹੈ ਅਤੇ ਸਾਨੂੰ ਪੁਲਸ ਸੁਰੱਖਿਆ ਦਿੱਤੀ ਜਾਵੇ ਪਰ ਪੁਲਸ ਨੇ ਉਨ੍ਹਾਂ ਦੀ ਕੋਈ ਗੱਲ ਨਹੀਂ ਸੁਣੀ। ਹਰਮਨ ਨੇ ਦੱਸਿਆ ਕਿ ਉਸ ਦੀ ਪਰਿਵਾਰ ਦੀ ਮੌਤ ਤੋਂ ਤਿੰਨ ਦਿਨ ਪਹਿਲਾਂ ਉਸ ਦੇ ਸਾਲਿਆਂ ਵੱਲੋ ਪਿੱਛਾ ਕਰਨ ਅਤੇ ਧਮਕੀਆਂ ਦੇਣ ਦੀ ਜਾਣਕਾਰੀ ਪੁਲਸ ਨੂੰ ਫੋਨ ਕਰ ਕੇ ਦਿੱਤੀ ਗਈ ਪਰ ਪੁਲਸ ਨੇ ਉਨ੍ਹਾਂ ਦੀ ਗੱਲ 'ਤੇ ਗੌਰ ਨਹੀਂ ਕੀਤਾ। ਹਰਮਨ ਨੇ ਦੱਸਿਆ ਕਿ ਜੇ ਪੁਲਸ ਨੇ ਉਨ੍ਹਾਂ ਨੂੰ ਸੁਰੱਖਿਆ ਦਿੱਤੀ ਹੁੰਦੀ ਤਾਂ ਉਸ ਦੇ ਪਿਤਾ, ਭਰਾ ਅਤੇ ਭੈਣ ਦੀ ਜਾਨ ਬਚ ਸਕਦੀ ਸੀ।
ਹਰਮਨ ਵਲੋਂ ਕੀਤਾ ਗਿਆ ਸੁਰੱਖਿਆ ਲੈਣ ਤੋਂ ਇਨਕਾਰ
ਐੱਸ. ਪੀ. (ਆਈ.) ਹਰਜੀਤ ਸਿੰਘ ਨੇ ਦੱਸਿਆ ਕਿ ਮਾਣਯੋਗ ਅਦਾਲਤ ਦੇ ਹੁਕਮਾਂ ਤਹਿਤ ਪੁਲਸ ਸੁਰੱਖਿਆ ਦੇਣ ਦੀ ਪੇਸ਼ਕਸ਼ ਕੀਤੀ ਗਈ ਸੀ, ਜਦ ਕਿ ਹਰਮਨ ਵੱਲੋਂ ਇਸ ਸਬੰਧੀ ਇਨਕਾਰ ਕਰ ਦਿੱਤਾ ਗਿਆ, ਜਿਸ ਸਬੰਧੀ ਬਿਆਨਾਂ 'ਤੇ ਹਸਤਾਖਰ ਵੀ ਕੀਤੇ ਹਨ। ਉਨ੍ਹਾਂ ਦੱਸਿਆ ਕਿ ਇਸ ਕਤਲ ਮਾਮਲੇ ਵਿਚ ਦੋਸ਼ੀ ਬੀਰ ਸਿੰਘ ਪੁੱਤਰ ਗੁਰਮੇਜ ਸਿੰਘ, ਸੁੱਖ ਪੁੱਤਰ ਬੀਰ ਸਿੰਘ, ਵਰਦੀਪ ਸਿੰਘ ਪੁੱਤਰ ਬੀਰ ਸਿੰਘ, ਅਰਸ਼ਦੀਪ ਸਿੰਘ ਪੁੱਤਰ ਬੀਰ ਸਿੰਘ, ਹੈਪੀ, ਗੋਬਿੰਦਾ, ਮਨੀ, ਬਿਕਰਮ ਸਿੰਘ, ਜੋਬਨ ਸਿੰਘ, ਜੱਗਾ ਸਿੰਘ, ਬਚਿੱਤਰ ਸਿੰਘ ਤੋਂ ਇਲਾਵਾ 3 ਅਣਪਛਾਤਿਆਂ ਦੀ ਗ੍ਰਿਫਤਾਰੀ ਲਈ ਛਾਪੇਮਾਰੀਆਂ ਕੀਤੀਆਂ ਜਾ ਰਹੀਆਂ ਹਨ।
ਪਾਕਿ 'ਚ ਛਪੇਗੀ ਸ਼ਹੀਦ ਊਧਮ ਸਿੰਘ ਜੀ ਦੀ ਜ਼ਿੰਦਗੀ 'ਤੇ ਕਿਤਾਬ
NEXT STORY