ਅੰਮ੍ਰਿਤਸਰ (ਅਵਦੇਸ਼) : ਡਰੱਗ ਤੇ ਫੂਡ ਕਮਿਸ਼ਨਰ ਕਾਹਨ ਸਿੰਘ ਪੰਨੂੰ ਦੇ ਦਿਸ਼ਾ-ਨਿਰਦੇਸ਼ਾਂ 'ਤੇ ਕਾਰਵਾਈ ਕਰਦੇ ਹੋਏ ਜ਼ਿਲਾ ਸਿਹਤ ਵਿਭਾਗ ਦੀ ਟੀਮ ਨੇ ਵਿਸ਼ਵ ਪ੍ਰਸਿੱਧ ਗਿਆਨੀ ਟੀ-ਸਟਾਲ 'ਤੇ ਛਾਪੇਮਾਰੀ ਕਰਦੇ ਹੋਏ ਛੇ ਖਾਦ ਪਦਾਰਥਾਂ ਦੇ ਸੈਂਪਲ ਸੀਲ ਕੀਤੇ ਹਨ। ਜ਼ਿਲਾ ਸਿਹਤ ਅਧਿਕਾਰੀ ਲਖਬੀਰ ਸਿੰਘ ਭਾਗੋਵਾਲੀਆ ਨੇ ਦੱਸਿਆ ਕਿ ਅੱਜ ਸਵੇਰੇ ਸਿਮਰਦੀਪ ਸਿੰਘ ਨਿਵਾਸੀ ਸੁਲਤਾਨਵਿੰਢ ਰੋਡ ਸੰਧੂ ਵੈਲਫੇਅਰ ਐਸੋਸੀਏਸ਼ਨ ਨੇ ਫੋਨ 'ਤੇ ਸ਼ਿਕਾਇਤ ਕੀਤੀ ਕਿ ਗਿਆਨੀ ਟੀ-ਸਟਾਲ 'ਤੇ ਉਨ੍ਹਾਂ ਨੇ ਕਚੋਰੀ ਖਾਧੀ ਜਿਸ ਵਿਚੋਂ ਬਦਬੂ ਆ ਰਹੀ ਸੀ, ਜਿਸ ਦੀ ਜਦੋਂ ਉਸ ਨੇ ਦੁਕਾਨਦਾਰ ਨੂੰ ਸ਼ਿਕਾਇਤ ਕੀਤੀ ਤਾਂ ਉਲਟਾ ਉਹ ਉਸ ਨੂੰ ਹੀ ਬੁਰਾ ਭਲਾ ਕਹਿਣ ਲੱਗ ਗਿਆ।ਭਾਗੋਵਾਲੀਆ ਨੇ ਇਸ 'ਤੇ ਸ਼ਿਕਾਇਤ ਕੀਤੀ ਅਤੇ ਆਪਣੇ ਨਾਲ ਫੂਡ ਸੇਫਟੀ ਐਕਟ ਅਧਿਕਾਰੀ ਸਿਮਰਜੀਤ ਸਿੰਘ ਨੂੰ ਨਾਲ ਲੈ ਕੇ ਉਕਤ ਟੀ-ਸਟਾਲ 'ਤੇ ਛਾਪਾਮਾਰੀ ਕਰਦੇ ਹੋਏ ਛੇ ਪ੍ਰਕਾਰ ਦੇ ਖਾਦ ਪਦਾਰਥਾਂ ਦੇ ਜਿਨ੍ਹਾਂ ਵਿਚ ਦੁੱਧ, ਖੋਇਆ, ਪਨੀਰ, ਲਾਲ ਮਿਰਚ, ਪੀਸਿਆ ਮਸਾਲਾ ਅਤੇ ਗੁਲਾਬ ਜਾਮੁਣ ਸ਼ਾਮਲ ਹਨ ਦੇ ਸੈਂਪਲ ਭਰੇ।
ਭਾਗੋਵਾਲੀਏ ਨੇ ਦੱਸਿਆ ਕਿ ਇਸ ਦੁਕਾਨ ਵਿਚ ਦੇਸ਼ ਵਿਦੇਸ਼ ਤੋਂ ਲੋਕ, ਕੇਂਦਰ ਅਤੇ ਪੰਜਾਬ ਦੇ ਮੰਤਰੀ ਅਤੇ ਸ਼ਹਿਰ ਦੀਆਂ ਮਸ਼ਹੂਰ ਹਸਤੀਆਂ ਆਉਂਦੀਆਂ ਹਨ, ਜਿਥੇ ਦੁਕਾਨ ਵਿਚ ਭਾਰੀ ਗੰਦਗੀ ਪਾਈ ਗਈ ਹੈ। ਉਨ੍ਹਾਂ ਦੱਸਿਆ ਕਿ ਉਕਤ ਦੁਕਾਨਦਾਰ ਕੋਲ ਫੂਡ ਸੇਫਟੀ ਐਕਟ ਲਾਇਸੈਂਸ ਵੀ ਨਹੀਂ ਹੈ ਅਤੇ ਨਾ ਹੀ ਕੰਮ ਕਰਨ ਵਾਲੇ ਕਾਰੀਗਰਾਂ ਦੀ ਡਾਕਟਰੀ ਜਾਂਚ ਹੋਈ ਹੈ ਅਤੇ ਨਾ ਹੀ ਉਨ੍ਹਾਂ ਕੰਮ ਕਰਨ ਸਮੇਂ ਪੂਰੇ ਕਪੜੇ ਪਹਿਨੇ ਹੋਏ ਸਨ। ਉਕਤ ਦੁਕਾਨਦਾਰ ਨੂੰ 15 ਦਿਨਾਂ ਦਾ ਸਫਾਈ ਦਾ ਨੋਟਿਸ ਜਾਰੀ ਕੀਤਾ ਜਾਵੇਗਾ ਜੇਕਰ ਦੁਕਾਨਦਾਰ ਉਕਤ ਸਮੇਂ ਵਿਚ ਸੁਧਾਰ ਨਹੀਂ ਕਰਦਾ ਤਾਂ ਦੁਕਾਨ ਨੂੰ ਸੀਲ ਕੀਤਾ ਜਾਵੇਗਾ ਅਤੇ ਫੂਡ ਸੇਫਟੀ ਐਕਟ ਅਨੁਸਾਰ ਕਾਰਵਾਈ ਕੀਤੀ ਜਾਵੇਗੀ।
ਉਧਰ ਦੁਕਾਨਦਾਰ ਗੁਰਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਮੇਰੇ 'ਤੇ ਰੰਜਿਸ਼ ਦੇ ਤਹਿਤ ਕਾਰਵਾਈ ਕੀਤੀ ਗਈ ਹੈ। ਉਕਤ ਸ਼ਿਕਾਇਤਕਰਤਾ ਤਿੰਨ ਦਿਨ ਪਹਿਲਾਂ ਮੇਰੀ ਦੁਕਾਨ 'ਤੇ ਆਇਆ ਸੀ। ਦੁਕਾਨ 'ਤੇ ਜ਼ਿਆਦਾ ਭੀੜ ਹੋਣ ਕਾਰਨ ਉਸ ਨੂੰ ਸਾਮਾਨ ਦੇਣ ਵਿਚ ਦੇਰੀ ਹੋਈ ਸੀ, ਜਿਸ 'ਤੇ ਇਹ ਦੇਖਣ ਦੀ ਅਤੇ ਕਾਰਵਾਈ ਕਰਵਾਉਣ ਦੀ ਧਮਕੀ ਦੇ ਕੇ ਗਿਆ ਸੀ।
ਸਿਹਤ ਵਿਭਾਗ ਵਲੋਂ ਛਾਪੇਮਾਰੀ, ਬ੍ਰੈੱਡ, ਬੰਦ ਤੇ ਕ੍ਰੀਮਰੋਲ ਬਣਾਉਣ ਵਾਲੀਆਂ 2 ਫੈਕਟਰੀਆਂ ਸੀਲ
NEXT STORY