ਖੰਨਾ (ਸੁਨੀਲ)— ਸਰਕਾਰੀ ਮਿਡਲ ਸਕੂਲ ਰਤਨਹੇੜੀ 'ਚ ਛੁੱਟੀਆਂ ਦਾ ਕੰਮ ਅਧੂਰਾ ਕਰਨ 'ਤੇ ਅਧਿਆਪਕਾ ਨੇ 7ਵੀਂ ਜਮਾਤ ਦੇ ਵਿਦਿਆਰਥੀ ਨੂੰ ਨਾਦਰਸ਼ਾਹੀ ਫਰਮਾਨ ਸੁਣਾ ਦਿੱਤਾ। ਕਮੀਜ਼ ਉਤਾਰਨ ਤੋਂ ਬਾਅਦ ਜਮਾਤ ਵਿਚ ਬੈਠੇ ਬਾਕੀ ਵਿਦਿਆਰਥੀਆਂ ਨੂੰ ਉਸ ਦੀ ਪੈਂਟ ਖੋਲ੍ਹਣ ਨੂੰ ਕਿਹਾ ਤਾਂ ਡਰ ਦੇ ਮਾਰੇ ਉਹ ਸਕੂਲ ਤੋਂ ਭੱਜ ਗਿਆ ਅਤੇ ਬਨੈਣ ਪਹਿਨੇ ਹੀ ਰੇਲ ਗੱਡੀ ਫੜ ਕੇ ਲੁਧਿਆਣਾ ਪਹੁੰਚ ਗਿਆ।
ਇਸ ਸਬੰਧੀ ਵਿਦਿਆਰਥੀ ਸ਼ਸ਼ੀ ਨੇ ਦੱਸਿਆ ਕਿ ਉਹ 2 ਜੁਲਾਈ ਨੂੰ ਸਕੂਲ ਗਿਆ ਸੀ ਪਰ ਛੁੱਟੀਆਂ ਦਾ ਕੰਮ ਪੂਰਾ ਨਾ ਹੋਣ ਕਾਰਣ ਅਧਿਆਪਕਾ ਨੇ ਉਸ ਨਾਲ ਬਦਸਲੂਕੀ ਕੀਤੀ। ਉਸ ਨੇ ਵਿਦਿਆਰਥੀ ਨੂੰ ਕਿਹਾ ਕਿ ਉਹ ਪੜ੍ਹਨ ਦੇ ਲਾਇਕ ਨਹੀਂ ਹੈ ਅਤੇ ਸਕੂਲ ਤੋਂ ਉਸ ਦਾ ਨਾਂ ਕੱਟ ਦਿੱਤਾ ਜਾਵੇਗਾ। ਉਪਰੰਤ ਅਧਿਆਪਕਾ ਨੇ ਉਸ ਨੂੰ ਮੁਰਗਾ ਬਣਨ ਨੂੰ ਕਿਹਾ। ਸ਼ਸ਼ੀ ਵਲੋਂ ਮੁਰਗਾ ਬਣਨ ਤੋਂ ਮਨ੍ਹਾ ਕਰਨ 'ਤੇ ਨਾਂ ਕੱਟਣ ਦੀ ਹਾਮੀ ਭਰ ਦਿੱਤੀ ਗਈ। ਇਸ 'ਤੇ ਭੜਕੀ ਅਧਿਆਪਕਾ ਨੇ ਉਸ ਨੂੰ ਕਿਹਾ ਕਿ ਉਹ ਸਕੂਲ ਵਲੋਂ ਮਿਲੀਆਂ ਕਿਤਾਬਾਂ ਅਤੇ ਵਰਦੀ ਹੁਣੇ ਵਾਪਸ ਕਰ ਕੇ ਘਰ ਚਲਾ ਜਾਵੇ। ਉਥੇ ਹੀ ਵਿਦਿਆਰਥੀ ਨੇ ਕਿਹਾ ਕਿ ਉਹ ਕੱਲ ਕਿਤਾਬਾਂ ਅਤੇ ਵਰਦੀ ਦੇ ਦੇਵੇਗਾ ਪਰ ਅਧਿਆਪਕਾ ਨੇ ਉਸ ਨੂੰ ਗ਼ੁੱਸੇ 'ਚ ਉਕਤ ਮੌਕੇ 'ਤੇ ਦੇਣ ਦੀ ਗੱਲ ਕਹਿ ਦਿੱਤੀ। ਵਿਦਿਆਰਥੀ ਨੇ ਅਧਿਆਪਕਾ ਨੂੰ ਆਪਣੀ ਕਮੀਜ਼ ਉਤਾਰ ਕੇ ਦੇ ਦਿੱਤੀ ਅਤੇ ਪੈਂਟ ਖੋਲ੍ਹਣ ਵਲੋਂ ਮਨ੍ਹਾ ਕਰ ਦਿੱਤਾ।
ਉਥੇ ਹੀ ਅਧਿਆਪਕਾ ਨੇ ਜਮਾਤ ਵਿਚ ਬੈਠੇ ਬਾਕੀ ਵਿਦਿਆਰਥੀਆਂ ਨੂੰ ਕਿਹਾ ਕਿ ਉਸ ਦੀ ਪੈਂਟ ਖੋਲ੍ਹ ਦਿਓ। ਇਹ ਗੱਲ ਸੁਣ ਕੇ ਡਰਿਆ ਵਿਦਿਆਰਥੀ ਮੌਕੇ 'ਤੇ ਸਕੂਲ ਤੋਂ ਭੱਜ ਗਿਆ। ਅਧਿਆਪਕਾ ਨੇ 2 ਬੱਚਿਆਂ ਨੂੰ ਉਸ ਦੇ ਪਿੱਛੇ ਭੇਜਿਆ। ਉਹ ਡਰ ਦੇ ਮਾਰੇ ਰੇਲਵੇ ਸਟੇਸ਼ਨ ਤੋਂ ਗੱਡੀ ਫੜ ਕੇ ਲੁਧਿਆਣਾ ਪਹੁੰਚ ਗਿਆ। ਉੱਥੇ ਸਟੇਸ਼ਨ 'ਤੇ ਰੇਲਵੇ ਪੁਲਸ ਨੇ ਉਸ ਨੂੰ ਬਨੈਣ 'ਚ ਵੇਖ ਕੇ ਫੜ ਲਿਆ। ਉਸ ਨੇ ਰੇਲਵੇ ਪੁਲਸ ਨੂੰ ਸਾਰੀ ਕਹਾਣੀ ਦੱਸੀ ਤਾਂ ਪੁਲਸ ਨੇ ਉਸ ਨੂੰ ਵਾਪਸ ਭੇਜਿਆ। ਉਹ ਰਾਤ ਨੂੰ ਘਰ ਪਹੁੰਚਿਆ ਅਤੇ ਦਾਦੀ ਉਰਮਿਲਾ ਦੇਵੀ ਨੂੰ ਸਾਰੀ ਗੱਲ ਦੱਸੀ।
ਦਾਦੀ ਨੇ ਦੱਸਿਆ ਕਿ ਉਸ ਨੂੰ ਦਿਨ ਵਿਚ ਗੱਲ ਪਤਾ ਨਹੀਂ ਸੀ ਤਾਂ ਇਕ ਸਕੂਲ ਦਾ ਅਧਿਆਪਕ ਉਨ੍ਹਾਂ ਤੋਂ ਜ਼ਬਰਦਸਤੀ ਕਾਗਜ਼ਾਂ 'ਤੇ ਅੰਗੂਠਾ ਲਗਵਾ ਕੇ ਲੈ ਗਿਆ ਸੀ। ਬਾਅਦ 'ਚ ਘਰ ਆ ਕੇ ਉਨ੍ਹਾਂ ਨੂੰ ਸਕੂਲ ਛੱਡਣ ਦਾ ਸਰਟੀਫਿਕੇਟ ਥਮਾ ਦਿੱਤਾ ਗਿਆ। ਰਾਤ ਨੂੰ ਸ਼ਸ਼ੀ ਦੇ ਆਉਣ ਉੱਤੇ ਉਨ੍ਹਾਂ ਨੂੰ ਪੂਰੀ ਗੱਲ ਸਮਝ ਆਈ।
ਪਰਿਵਾਰ ਨੇ ਦੋਵਾਂ ਅਧਿਆਪਕਾਂ ਦੇ ਤਬਾਦਲੇ ਦੀ ਕੀਤੀ ਮੰਗ
ਇਸ ਸਬੰਧੀ ਪਰਿਵਾਰ ਵਾਲਿਆਂ ਨੇ ਸਕੂਲ ਮੁਖੀ ਮਨਦੀਪ ਕੌਰ ਅਤੇ ਟੀਚਰ ਬਲਜਿੰਦਰ ਸਿੰਘ ਦੇ ਤਬਾਦਲੇ ਦੀ ਮੰਗ ਕੀਤੀ ਹੈ। ਪਰਿਵਾਰ ਦਾ ਕਹਿਣਾ ਹੈ ਕਿ ਉਹ ਬੱਚੇ ਨੂੰ ਸਕੂਲ ਵਿਚ ਉਦੋਂ ਦਾਖਲ ਕਰਨਗੇ, ਜਦੋਂ ਉਕਤ ਅਧਿਆਪਕ ਇੱਥੋਂ ਬਦਲੇ ਜਾਣਗੇ, ਨਹੀਂ ਤਾਂ ਇਹ ਦੋਵੇਂ ਬੱਚੇ ਨਾਲ ਰੰਜਿਸ਼ ਰੱਖਣਗੇ ਅਤੇ ਸਕੂਲ ਦਾ ਮਾਹੌਲ ਵੀ ਠੀਕ ਨਹੀਂ ਰਹੇਗਾ।
ਕਿਸੇ ਨੇ ਨਹੀਂ ਕੀਤੀ ਬਦਸਲੂਕੀ : ਸਕੂਲ ਮੁਖੀ
ਸਕੂਲ ਮੁਖੀ ਮਨਦੀਪ ਕੌਰ ਨੇ ਸਾਰੇ ਦੋਸ਼ਾਂ ਨੂੰ ਝੂਠ ਅਤੇ ਬੇਬੁਨਿਆਦ ਕਰਾਰ ਦਿੰਦੇ ਹੋਏ ਕਿਹਾ ਕਿ ਵਿਦਿਆਰਥੀ ਸਾਰੀਆਂ ਗੱਲਾਂ ਝੂਠ ਬੋਲ ਰਿਹਾ ਹੈ। ਉਸ ਨੇ ਬਿਲਕੁੱਲ ਕੰਮ ਨਹੀਂ ਕੀਤਾ ਸੀ। ਉਹ ਆਪਣੇ ਆਪ ਹੀ ਸਕੂਲ ਤੋਂ ਭੱਜ ਨਿਕਲਿਆ ਸੀ। ਕਿਸੇ ਨੇ ਉਸ ਨਾਲ ਬਦਸਲੂਕੀ ਨਹੀਂ ਕੀਤੀ ।
ਦਾਦੀ ਨੇ ਆਪਣੇ ਆਪ ਨਾਂ ਕੱਟਣ ਦੀ ਦਿੱਤੀ ਸੀ ਸਹਿਮਤੀ : ਬਲਜਿੰਦਰ ਸਿੰਘ
ਸਕੂਲ ਅਧਿਆਪਕ ਬਲਜਿੰਦਰ ਸਿੰਘ ਨੇ ਕਿਹਾ ਕਿ ਉਹ ਉਕਤ ਵਿਦਿਆਰਥੀ ਵਲੋਂ ਭੱਜਣ ਦੀ ਸੂਚਨਾ ਦੇਣ ਘਰ ਗਏ ਸਨ, ਉੱਥੇ ਦਾਦੀ ਨੇ ਆਪਣੇ ਆਪ ਨਾਂ ਕੱਟਣ ਦੀ ਸਹਿਮਤੀ ਦਿੱਤੀ ਅਤੇ ਕਾਗਜ਼ਾਂ ਉੱਤੇ ਅੰਗੂਠਾ ਲਾਇਆ। ਉਨ੍ਹਾਂ ਕਿਹਾ ਕਿ ਕਿਸੇ ਨੇ ਕੋਈ ਜ਼ਬਰਦਸਤੀ ਨਹੀਂ ਕੀਤੀ ਹੈ।
ਦੋਸ਼ੀ ਖਿਲਾਫ ਹੋਵੇਗੀ ਸਖ਼ਤ ਕਾਰਵਾਈ : ਡੀ. ਈ. ਓ.
ਡੀ. ਈ. ਓ. ਸਵਰਣਜੀਤ ਕੌਰ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਮਾਮਲਾ ਗੰਭੀਰ ਹੈ। ਇਸ ਨੂੰ ਲੈ ਕੇ ਉਨ੍ਹਾਂ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਂਚ ਦੀ ਜ਼ਿੰਮੇਵਾਰੀ ਇਕੋਲਾਹਾ ਸਕੂਲ ਦੇ ਪ੍ਰਿੰਸੀਪਲ ਸੁਖਵਿੰਦਰ ਕੌਰ ਨੂੰ ਸੌਂਪੀ ਗਈ ਹੈ। ਰਿਪੋਰਟ ਆਉਣ ਤੋਂ ਬਾਅਦ ਜੋ ਵੀ ਦੋਸ਼ੀ ਪਾਇਆ ਗਿਆ ਉਸ ਦੇ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਰਾਈਟ-ਟੂ-ਐਜੂਕੇਸ਼ਨ ਐਕਟ ਤਹਿਤ ਅਸੀਂ ਕਿਸੇ ਦਾ ਨਾਂ ਨਹੀਂ ਕੱਟ ਸਕਦੇ। ਨਾਂ ਕੱਟੇ ਜਾਣ ਦੀ ਵੀ ਜਾਂਚ ਕੀਤੀ ਜਾਵੇਗੀ।
ਕਰਤਾਰਪੁਰ ਕਾਰੀਡੋਰ : ਪੰਜਾਬ ਸਰਕਾਰ ਨੇ ਸ਼ੁਰੂ ਕੀਤਾ ਸੜਕਾਂ ਚੌੜੀਆਂ ਕਰਨ ਦਾ ਕੰਮ
NEXT STORY