ਅੰਮ੍ਰਿਤਸਰ, (ਸੰਜੀਵ)- ਪਿਛਲੇ 15 ਦਿਨਾਂ 'ਚ ਸ਼ਾਸਤਰੀ ਮਾਰਕੀਟ ਦੀਆਂ 5 ਦੁਕਾਨਾਂ ਦੇ ਤਾਲੇ ਤੋੜ ਕੇ ਲੱਖਾਂ ਰੁਪਏ ਦਾ ਕੱਪੜਾ ਤੇ ਨਕਦੀ ਚੋਰੀ ਕਰ ਕੇ ਲਿਜਾਣ ਦੇ ਮਾਮਲੇ 'ਚ ਥਾਣਾ ਕੋਤਵਾਲੀ ਦੀ ਪੁਲਸ ਵੱਲੋਂ ਕਿਸੇ ਵੀ ਮੁਲਜ਼ਮ ਨੂੰ ਗ੍ਰਿਫਤਾਰ ਨਾ ਕੀਤੇ ਜਾਣ ਨਾਲ ਰੋਹ ਵਿਚ ਆਏ ਕੱਪੜਾ ਵਪਾਰੀਆਂ ਨੇ ਅੱਜ ਮਾਰਕੀਟ 'ਚ ਤਾਲੇ ਮਾਰ ਕੇ ਪੁਲਸ ਦੀ ਨਾਲਾਇਕੀ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ। ਪਿਛਲੀ ਰਾਤ ਵੀ ਸ਼ਾਸਤਰੀ ਮਾਰਕੀਟ 'ਚ ਸਥਿਤ ਗਰੀਨ ਟਰੇਡਰ ਅਤੇ ਮਹਾਜਨ ਸ਼ਾਲ ਡਿਪੂ ਦੇ ਤਾਲੇ ਟੁੱਟੇ ਅਤੇ ਮਹਾਜਨ ਸ਼ਾਲ ਡਿਪੂ ਤੋਂ ਲੱਖਾਂ ਰੁਪਏ ਦਾ ਕੱਪੜਾ ਚੋਰੀ ਹੋਇਆ।
ਸ਼ਾਸਤਰੀ ਮਾਰਕੀਟ ਐਸੋਸੀਏਸ਼ਨ ਦਾ ਕਹਿਣਾ ਸੀ ਕਿ ਉਹ ਪਿਛਲੇ 8 ਮਹੀਨਿਆਂ ਤੋਂ ਲਗਾਤਾਰ ਥਾਣਾ ਕੋਤਵਾਲੀ ਅਤੇ ਉੱਚ ਅਧਿਕਾਰੀਆਂ ਤੋਂ ਮਾਰਕੀਟ ਦੀ ਸੁਰੱਖਿਆ ਸਬੰਧੀ ਮੰਗ ਕਰ ਰਹੇ ਹਨ, ਜਦੋਂ ਕਿ ਕੋਈ ਕਾਰਵਾਈ ਨਾ ਕੀਤੇ ਜਾਣ ਕਾਰਨ ਆਏ ਦਿਨ ਮਾਰਕੀਟ ਦੀਆਂ ਦੁਕਾਨਾਂ ਦੇ ਤਾਲੇ ਟੁੱਟ ਰਹੇ ਹਨ ਅਤੇ ਵਪਾਰੀਆਂ ਨੂੰ ਲੱਖਾਂ ਰੁਪਏ ਦਾ ਨੁਕਸਾਨ ਚੁੱਕਣਾ ਪੈ ਰਿਹਾ ਹੈ। ਐਸੋਸੀਏਸ਼ਨ ਦੇ ਜਨਰਲ ਸਕੱਤਰ ਦੀਪਕ ਰਾਏ ਮਹਿਰਾ ਨੇ ਕਿਹਾ ਕਿ ਪਿਛਲੇ 15 ਦਿਨਾਂ 'ਚ ਐਸੋਸੀਏਸ਼ਨ ਵੱਲੋਂ ਥਾਣਾ ਕੋਤਵਾਲੀ ਦੀ ਪੁਲਸ ਨੂੰ 5 ਸ਼ਿਕਾਇਤਾਂ ਦਿੱਤੀਆਂ ਜਾ ਚੁੱਕੀਆਂ ਹਨ ਪਰ ਪੁਲਸ ਦੇ ਕੰਨਾਂ 'ਤੇ ਜੂੰ ਤੱਕ ਨਹੀਂ ਸਰਕ ਰਹੀ।
ਚੋਰ ਆਏ ਦਿਨ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ ਅਤੇ ਪੁਲਸ ਵਪਾਰੀਆਂ ਵੱਲ ਅੱਖਾਂ ਬੰਦ ਕਰ ਕੇ ਬੈਠੀ ਹੈ। ਜਿਸ ਤਰ੍ਹਾਂ ਚੋਰ ਹਰ ਰਾਤ ਇਕ ਦੁਕਾਨ ਦਾ ਤਾਲਾ ਤੋੜ ਕੇ ਸਾਮਾਨ ਚੋਰੀ ਕਰ ਕੇ ਲਿਜਾ ਰਹੇ ਹਨ, ਇਸ ਨੂੰ ਦੇਖ ਕੇ ਕਈ ਵਾਰ ਤਾਂ ਅਜਿਹਾ ਮਹਿਸੂਸ ਹੁੰਦਾ ਹੈ ਕਿ ਕਿਤੇ ਇਹ ਵਾਰਦਾਤਾਂ ਪੁਲਸ ਦੀ ਮਿਲੀਭੁਗਤ ਨਾਲ ਤਾਂ ਨਹੀਂ ਹੋ ਰਹੀਆਂ। ਵਪਾਰੀਆਂ ਲਈ ਇਕ ਗੰਭੀਰ ਚਿੰਤਾ ਦਾ ਵਿਸ਼ਾ ਬਣ ਚੁੱਕੀਆਂ ਚੋਰੀਆਂ ਜਿਥੇ ਇਕ ਪਾਸੇ ਆਰਥਿਕ ਨੁਕਸਾਨ ਕਰ ਰਹੀਆਂ ਹਨ, ਉਥੇ ਹੀ ਮਾਰਕੀਟ ਵਿਚ ਡਰ ਦਾ ਮਾਹੌਲ ਵੀ ਪੈਦਾ ਕਰ ਰਹੀਆਂ ਹਨ। ਵਪਾਰੀਆਂ ਵੱਲੋਂ ਪੁਲਸ ਵਿਰੁੱਧ ਦਿੱਤੇ ਜਾ ਰਹੇ ਧਰਨੇ ਦੀ ਖਬਰ ਮਿਲਦੇ ਹੀ ਏ. ਡੀ. ਸੀ. ਪੀ.-1 ਜਗਜੀਤ ਸਿੰਘ ਵਾਲੀਆ ਅਤੇ ਥਾਣਾ ਕੋਤਵਾਲੀ ਦੇ ਇੰਚਾਰਜ ਪੁਲਸ ਬਲ ਨਾਲ ਮੌਕੇ 'ਤੇ ਪਹੁੰਚੇ ਤੇ ਸ਼ਾਸਤਰੀ ਮਾਰਕੀਟ 'ਚ ਪੁਖਤਾ ਸੁਰੱਖਿਆ ਪ੍ਰਬੰਧ ਕੀਤੇ ਜਾਣ ਦੇ ਭਰੋਸੇ 'ਤੇ ਧਰਨਾ ਚੁੱਕਿਆ ਗਿਆ।
ਇਸ ਮੌਕੇ ਏ. ਡੀ. ਸੀ. ਪੀ. ਵਾਲੀਆ ਨੇ ਵਪਾਰੀਆਂ ਨੂੰ ਅਪੀਲ ਕੀਤੀ ਕਿ ਉਹ ਦੁਕਾਨਾਂ ਦੇ ਬਾਹਰ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਨੂੰ ਰਾਤ 'ਚ ਵੀ ਚਲਾ ਕੇ ਜਾਇਆ ਕਰਨ ਤਾਂ ਕਿ ਬਾਜ਼ਾਰ ਵਿਚ ਹੋਣ ਵਾਲੀ ਹਰ ਹਰਕਤ 'ਤੇ ਨਜ਼ਰ ਰੱਖੀ ਜਾ ਸਕੇ। ਇਸ ਮੌਕੇ ਇਲਾਕਾ ਕੌਂਸਲਰ ਗੁਰਦੀਪ ਪਹਿਲਵਾਨ ਵੀ ਪੁੱਜੇ ਅਤੇ ਉਨ੍ਹਾਂ ਨੇ ਵੀ ਮਾਰਕੀਟ ਵਿਚ ਵੱਧ ਰਹੀਆਂ ਚੋਰੀਆਂ 'ਤੇ ਰੋਕ ਲਾਉਣ ਲਈ ਪੁਲਸ ਨੂੰ ਸਹਿਯੋਗ ਕਰਨ ਨੂੰ ਕਿਹਾ।
ਇਸ ਮੌਕੇ ਰਾਜ ਕੁਮਾਰ ਮਹਾਜਨ, ਜਵਾਹਰ ਲਾਲ ਮਹਾਜਨ, ਬੂਆ ਸਿੰਘ, ਹਰਬੰਸ ਸਿੰਘ, ਜੀਵਨ ਤਲਵਾੜ, ਸਮੀਰ ਅਰੋੜਾ, ਦੀਪਕ, ਕਮਲ ਸੇਠੀ, ਸੁਰਿੰਦਰ ਖੋਸਲਾ, ਬੋਧਰਾਜ ਤੇ ਅਸ਼ੋਕ ਅਗਰਵਾਲ ਤੋਂ ਇਲਾਵਾ ਮਾਰਕੀਟ ਦੇ ਹੋਰ ਮੈਂਬਰ ਮੌਜੂਦ ਸਨ।
ਨਰੇਸ਼ ਨੇ ਕਬੂਲਿਆ: ਰਿੰਦਾ ਸੰਧੂ ਨਾਲ ਮਿਲ ਕੇ ਕੀਤਾ ਸੀ ਮਿੰਦੀ ਗਾਂਧੀ ਦਾ ਕਤਲ
NEXT STORY