ਜੈਂਤੀਪੁਰ, (ਹਰਬੰਸ ਰੰਧਾਵਾ)- ਜੰਮੂ-ਅੰਮ੍ਰਿਤਸਰ ਰੋਡ 'ਤੇ ਸਿੱਖਪੁਰਾ 'ਚ ਪ੍ਰਵੇਸ਼ ਕਰਨ ਲਈ ਰਸਤਾ ਨਾ ਹੋਣ ਕਾਰਨ ਜੈਂਤੀਪੁਰ ਪੈਟਰੋਲ ਪੰਪ ਤੋਂ ਵਾਹਨ ਚਾਲਕ ਦੇ ਉਲਟ ਪਾਸੇ ਵਾਹਨ ਚਲਾਉਣ ਕਾਰਨ ਕਈ ਵਾਰ ਹਾਦਸੇ ਹੋ ਚੁੱਕੇ ਹਨ ਤੇ ਹੁਣ ਸ. ਸ. ਸ. ਸਕੂਲ ਦੇ ਸਾਹਮਣੇ ਪਿੰਡ ਵਾਲੇ ਪਾਸੇ ਸੜਕ ਦਾ ਕਿਨਾਰਾ ਹੇਠਾਂ ਬਹਿਣ ਤੇ ਟੁੱਟਣ ਕਾਰਨ ਖਤਰੇ ਦੀ ਘੰਟੀ ਬਣਿਆ ਹੋਇਆ ਹੈ, ਜੋ ਕਿ ਇਕ ਵੱਡੇ ਹਾਦਸੇ ਦਾ ਕਾਰਨ ਬਣ ਸਕਦਾ ਹੈ ਪਰ ਨੈਸ਼ਨਲ ਹਾਈਵੇ ਅਥਾਰਟੀ ਵਿਭਾਗ ਕੁੰਭਕਰਨੀ ਸੁੱਤਾ ਪਿਆ ਲੱਗਦਾ ਹੈ।
ਇਥੇ ਹੀ ਬਸ ਨਹੀਂ, ਸੜਕ ਚਾਰ ਮਾਰਗੀ ਬਣਨ ਮੌਕੇ ਵਿਭਾਗ ਦੀ ਅਣਗਹਿਲੀ ਕਾਰਨ ਘਟੀਆ ਮਟੀਰੀਅਲ ਅਤੇ ਪ੍ਰੀਮਿਕਸ ਪਾਉਣ ਕਾਰਨ ਸੜਕ 'ਚ ਪਾੜ ਪੈ ਰਿਹਾ ਹੈ, ਭਾਵੇਂ ਸਬੰਧਤ ਵਿਭਾਗ ਵੱਲੋਂ ਪਹਿਲਾਂ ਸੜਕ ਦੀਆਂ ਕੁਝ ਥਾਵਾਂ 'ਤੇ ਟੋਏ ਪੂਰੇ ਸਨ ਤੇ ਪ੍ਰੀਮਿਕਸ ਵੀ ਪਾਈ ਪਰ ਪਰਨਾਲਾ ਉਥੇ ਦਾ ਉਥੇ ਹੀ ਖੜ੍ਹਾ ਹੈ। ਜੇਕਰ ਸੜਕ ਦੇ ਦੋਵੇਂ ਪਾਸੇ ਦੇਖਿਆ ਜਾਵੇ ਤਾਂ ਕੁਝ ਥਾਵਾਂ 'ਤੇ ਪਿੰਡਾਂ 'ਚ ਸੜਕ ਦੇ ਕਿਨਾਰਿਆਂ 'ਤੇ ਨਾਜਾਇਜ਼ ਕਬਜ਼ੇ ਵੀ ਕੀਤੇ ਹੋਏ ਹਨ ਅਤੇ ਕਿਨਾਰਿਆਂ 'ਤੇ ਰੂੜੀ-ਗੰਦਮੰਦ ਸੁੱਟਿਆ ਹੋਇਆ ਹੈ, ਜੋ ਨਰਕ ਦਾ ਰੂਪ ਧਾਰਨ ਕਰ ਚੁੱਕਾ ਹੈ।
ਇਸ ਸਬੰਧੀ ਬੁੱਧੀਜੀਵੀ ਅਤੇ ਸਮਾਜ ਸੇਵੀ ਪ੍ਰਧਾਨ ਗੁਰਮੀਤ ਸਿੰਘ ਬੱਲਪੁਰੀਆ, ਜੋਧ ਸਿੰਘ ਤਲਵੰਡੀ, ਕੁਲਦੀਪ ਸਿੰਘ ਕਾਹਲੋਂ, ਨਾਨਕ ਸਿੰਘ ਬਟਾਲਾ, ਜਥੇ. ਕਰਨੈਲ ਸਿੰਘ ਪਾਖਰਪੁਰਾ, ਚੈਂਚਲ ਸਿੰਘ ਆਦਿ ਨੇ ਕਿਹਾ ਕਿ ਨੈਸ਼ਨਲ ਹਾਈਵੇ ਅਥਾਰਟੀ ਨੂੰ ਚਾਹੀਦਾ ਹੈ ਕਿ ਸੜਕ 'ਤੇ ਕੀਤੇ ਨਾਜਾਇਜ਼ ਕਬਜ਼ਿਆਂ ਨੂੰ ਹਟਾਇਆ ਜਾਵੇ, ਜਿਨ੍ਹਾਂ ਪਿੰਡਾਂ ਨੂੰ ਸੜਕ ਤੇ ਰਸਤੇ ਨਹੀਂ ਬਣਾਏ, ਉਹ ਬਣਾਏ ਜਾਣ। ਉਨ੍ਹਾਂ ਕਿਹਾ ਕਿ ਚਾਰ ਮਾਰਗੀ ਸੜਕ 'ਤੇ ਜਿਨ੍ਹਾਂ ਪਿੰਡਾਂ ਨੂੰ ਢੁੱਕਵੀਂ ਥਾਂ 'ਤੇ ਆਉਣ-ਜਾਣ ਲਈ ਰਸਤੇ ਨਹੀਂ ਛੱਡੇ ਗਏ, ਉਥੇ ਰਸਤੇ ਬਣਾਏ ਜਾਣ ਤਾਂ ਜੋ ਰਾਹਗੀਰਾਂ ਤੇ ਵਾਹਨ ਚਾਲਕਾਂ ਦੀਆਂ ਜ਼ਿੰਦਗੀਆਂ ਬਚ ਸਕਣ ਤੇ ਹਾਦਸੇ ਟਲ ਸਕਣ। ਇਹ ਤਾਂ ਸਮਾਂ ਹੀ ਦੱਸੇਗਾ ਕਿ ਨੈਸ਼ਨਲ ਹਾਈਵੇ ਅਥਾਰਟੀ ਉਪਰੋਕਤ ਮਸਲਿਆਂ ਸਬੰਧੀ ਕਿੰਨਾ ਕੁ ਗੰਭੀਰਤਾ ਨਾਲ ਸੋਚਦੀ ਹੈ।
ਮਿਹਨਤੀ ਰੇਹੜੀ ਵਾਲਿਆਂ ਦੀ ਖੋਹੀ ਜਾ ਰਹੀ ਹੈ ਰੋਜ਼ੀ-ਰੋਟੀ : ਮਹੇਸ਼ ਗੁਪਤਾ
NEXT STORY