ਕੋਟਕਪੂਰਾ (ਨਰਿੰਦਰ) - ਬੀਤੇ ਕੁਝ ਦਿਨਾਂ ਤੋਂ ਕਿਸਾਨਾਂ ਵੱਲੋਂ ਝੋਨੇ ਦੀ ਪਰਾਲੀ ਨੂੰ ਅੱਗ ਲਾਉਣ ਵਿਚ ਆਈ ਤੇਜ਼ੀ ਤੋਂ ਬਾਅਦ ਪੂਰੇ ਇਲਾਕੇ ਵਿਚ ਪ੍ਰਦੂਸ਼ਣ ਦਾ ਪੱਧਰ ਸਾਰੀਆਂ ਹੱਦਾਂ ਟੱਪ ਕਰ ਗਿਆ ਹੈ ਤੇ ਹੁਣ ਇਸ ਵੇਲੇ ਹਾਲਾਤ ਇਹ ਬਣ ਗਏ ਹਨ ਕਿ ਖੁੱਲ੍ਹੇ ਆਸਮਾਨ ਹੇਠ ਸਾਹ ਲੈਣਾ ਵੀ ਔਖਾ ਹੋ ਗਿਆ ਹੈ।
ਨੈਸ਼ਨਲ ਗਰੀਨ ਟ੍ਰਿਬਿਊਨਲ (ਐੱਨ. ਜੀ. ਟੀ.) ਦੀਆਂ ਸਖਤ ਹਦਾਇਤਾਂ ਤੇ ਚਿਤਾਵਨੀ ਕਾਰਨ ਪੰਜਾਬ ਸਰਕਾਰ ਵੱਲੋਂ ਸ਼ੁਰੂ-ਸ਼ੁਰੂ ਵਿਚ ਕਾਫ਼ੀ ਸਖਤੀ ਵਿਖਾਈ ਗਈ ਤੇ ਪਰਾਲੀ ਸਾੜਨ ਵਾਲਿਆਂ ਖਿਲਾਫ਼ ਸਖਤ ਕਾਰਵਾਈ ਕਰਨ ਦੇ ਹੁਕਮਾਂ ਦੇ ਡਰ ਕਾਰਨ ਪਰਾਲੀ ਸਾੜਨ ਦੀਆਂ ਘਟਨਾਵਾਂ ਲਗਭਗ ਨਾ ਦੇ ਬਰਾਬਰ ਹੀ ਸਨ। ਇਸ ਦੌਰਾਨ ਪੂਰੇ ਪੰਜਾਬ 'ਚ ਕੁਝ ਕੁ ਥਾਵਾਂ 'ਤੇ ਵੱਖ-ਵੱਖ ਕਿਸਾਨ ਜਥੇਬੰਦੀਆਂ ਦੀ ਅਗਵਾਈ ਹੇਠ ਕਿਸਾਨਾਂ ਵੱਲੋਂ ਇਕੱਠੇ ਹੋ ਕੇ ਝੋਨੇ ਦੀ ਪਰਾਲੀ ਨੂੰ ਅੱਗ ਲਾਈ ਗਈ। ਅਜਿਹਾ ਕਰ ਕੇ ਕਿਸਾਨ ਜਥੇਬੰਦੀਆਂ ਵੱਲੋਂ ਸਰਕਾਰੀ ਹੁਕਮਾਂ ਵਿਰੁੱਧ ਆਪਣਾ ਰੋਸ ਜਤਾਇਆ ਗਿਆ ਪਰ 8-10 ਦਿਨ ਪਹਿਲਾਂ ਪਰਾਲੀ ਨੂੰ ਅੱਗ ਲਾਉਣ ਦੇ ਕੰਮ ਵਿਚ ਆਈ ਤੇਜ਼ੀ ਲਗਾਤਾਰ ਜਾਰੀ ਹੈ ਤੇ ਕਿਸਾਨਾਂ ਵੱਲੋਂ ਧੜਾਧੜ ਪਰਾਲੀ ਨੂੰ ਅੱਗ ਲਾਈ ਜਾ ਰਹੀ ਹੈ।
ਨੈਸ਼ਨਲ ਗਰੀਨ ਟ੍ਰਿਬਿਊਨਲ, ਸਰਕਾਰਾਂ, ਖੇਤਬਾੜੀ ਵਿਭਾਗ, ਪ੍ਰਦੂਸ਼ਣ ਕੰਟਰੋਲ ਬੋਰਡ ਤੇ ਹੋਰ ਬੁੱਧੀਜੀਵੀਆਂ ਵੱਲੋਂ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਾਉਣ ਦੀਆਂ ਸਭ ਅਪੀਲਾਂ-ਦਲੀਲਾਂ ਬੇਅਸਰ ਹੋ ਕੇ ਰਹਿ ਗਈਆਂ ਹਨ। ਵਾਤਾਵਰਣ ਦੀ ਸੰਭਾਲ ਅਤੇ ਪ੍ਰਦੂਸ਼ਣ ਘਟਾਉਣ ਦੇ ਉਦੇਸ਼ ਨੂੰ ਲੈ ਕੇ ਐੱਨ. ਜੀ. ਟੀ. ਵੱਲੋਂ ਪਰਾਲੀ ਸਾੜਨ ਵਾਲੇ ਕਿਸਾਨਾਂ ਖਿਲਾਫ਼ 2000 ਤੋਂ ਲੈ ਕੇ 15000 ਰੁਪਏ ਤੱਕ ਜੁਰਮਾਨਾ ਲੈਣ ਦੀ ਵਿਵਸਥਾ ਰੱਖੀ ਗਈ ਹੈ। ਇਸ ਦੇ ਨਾਲ ਹੀ ਨਾੜ ਜਾਂ ਪਰਾਲੀ ਨੂੰ ਅੱਗ ਲਾ ਕੇ ਵਾਤਾਵਰਣ ਨੂੰ ਪ੍ਰਦੂਸ਼ਿਤ ਕਰਨ ਵਾਲੇ ਕਿਸਾਨਾਂ ਦੀ ਸਹਿਕਾਰੀ ਸਭਾਵਾਂ ਵੱਲੋਂ ਦਿੱਤੇ ਜਾਣ ਵਾਲੇ ਕਰਜ਼ੇ, ਖੇਤੀ ਸੰਦ ਤੇ ਖੇਤੀ ਸਮੱਗਰੀ ਦੇਣ ਦੀ ਸਹੂਲਤ ਵੀ ਬੰਦ ਕਰਨ ਦੀ ਚਿਤਾਵਨੀ ਦਿੱਤੀ ਗਈ ਹੈ।
ਇਸ ਤੋਂ ਇਲਾਵਾ ਵਾਰ-ਵਾਰ ਰੋਕਣ ਦੇ ਬਾਵਜੂਦ ਨਾੜ ਜਾਂ ਪਰਾਲੀ ਸਾੜਨ ਤੋਂ ਨਾ ਰੁਕਣ ਵਾਲੇ ਕਿਸਾਨਾਂ ਨੂੰ ਜੁਰਮਾਨੇ ਦੇ ਨਾਲ-ਨਾਲ ਫ਼ੌਜਦਾਰੀ ਕੇਸ ਦਾ ਵੀ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਸਭ ਦੇ ਬਾਵਜੂਦ ਇਹ ਸਿਲਸਿਲਾ ਜਿਉਂ ਦਾ ਤਿਉਂ ਜਾਰੀ ਹੈ।
ਹਾਦਸਿਆਂ 'ਚ ਹੋ ਰਿਹੈ ਵਾਧਾ
ਪਰਾਲੀ ਦੇ ਧੂੰਏਂ ਤੋਂ ਪੈਦਾ ਹੋ ਰਹੇ ਸਮੋਗ ਕਾਰਨ ਇਲਾਕੇ ਅੰਦਰ ਹਾਦਸਿਆਂ ਵਿਚ ਵੀ ਭਾਰੀ ਵਾਧਾ ਹੋਇਆ ਹੈ। ਇਸ ਦੌਰਾਨ ਕੋਟਕਪੂਰਾ ਕੋਲੋਂ ਲੰਘਦੇ ਨੈਸ਼ਨਲ ਹਾਈਵੇ 'ਤੇ ਵਾਹਨਾਂ ਦੀ ਤੇਜ਼ਗਤੀ ਅਤੇ ਧੂੰਏਂ ਕਾਰਨ ਵਿਜ਼ੀਬਿਲਟੀ ਘੱਟ ਹੋਣ ਕਾਰਨ ਹਰ ਰੋਜ਼ ਹਾਦਸੇ ਵਾਪਰ ਰਹੇ ਹਨ। ਬੀਤੇ ਤਿੰਨ-ਚਾਰ ਦਿਨਾਂ ਵਿਚ ਇਸ ਸੜਕ 'ਤੇ ਦਰਜਨ ਭਰ ਦੇ ਕਰੀਬ ਹਾਦਸੇ ਵਾਪਰੇ, ਜਿਨ੍ਹਾਂ ਵਿਚ ਭਾਵੇਂ ਕਿਸੇ ਜਾਨੀ ਨੁਕਸਾਨ ਤੋਂ ਤਾਂ ਬਚਾਅ ਰਿਹਾ ਪਰ ਵਾਹਨਾਂ ਨੂੰ ਭਾਰੀ ਨੁਕਸਾਨ ਪੁੱਜਾ।
ਪੰਜਾਬ ਦੀਆਂ ਹਵਾਵਾਂ 'ਚ ਘੁਲਿਆ ਜ਼ਹਿਰ, ਗਰਭਵਤੀ ਮਹਿਲਾਵਾਂ ਲਈ ਸਭ ਤੋਂ ਵੱਧ ਹਾਨੀਕਾਰਕ
NEXT STORY