ਫਤਿਆਬਾਦ, (ਹਰਜਿੰਦਰ ਰਾਏ)- ਪਿੰਡ ਹੋਠੀਆਂ ਦੇ ਪੁਲ ਨੇੜੇ ਟਿਊਬਵੈੱਲ ਤੋਂ ਇਕ ਵਿਅਕਤੀ ਦੀ ਲਾਸ਼ ਮਿਲਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮੁਤਾਬਕ ਪੁਲਸ ਚੌਕੀ ਫਤਿਆਬਾਦ ਦੇ ਇੰਚਾਰਜ ਏ. ਐੱਸ. ਆਈ. ਲਖਵਿੰਦਰ ਸਿੰਘ ਨੇ ਦੱਸਿਆ ਕਿ ਇਹ ਲਾਸ਼ ਅੰਗਰੇਜ਼ ਸਿੰਘ ਪੁੱਤਰ ਸਰਦਾਰਾ ਸਿੰਘ ਵਾਸੀ ਹੋਠੀਆਂ ਦੀ ਹੈ। ਇਸ ਮੌਕੇ ਮ੍ਰਿਤਕ ਅੰਗਰੇਜ਼ ਸਿੰਘ ਦੇ ਪੁੱਤਰ ਗੁਰਸਿਮਰਨਜੀਤ ਸਿੰਘ ਨੇ ਪੁਲਸ ਕੋਲ ਦਰਜ ਕਰਵਾਏ ਬਿਆਨਾਂ 'ਚ ਦੱਸਿਆ ਕਿ ਸਾਡੇ ਪਰਿਵਾਰ ਦਾ ਪਿਛਲੇ ਕਰੀਬ ਢਾਈ ਸਾਲਾਂ ਤੋਂ ਅਦਾਲਤ 'ਚ ਝਗੜਾ ਚਲਦਾ ਸੀ, ਜਿਸ ਸਬੰਧੀ ਕਈ ਵਾਰ ਪੰਚਾਇਤ ਅਤੇ ਮੋਹਤਬਰਾਂ ਨੇ ਰਾਜ਼ੀਨਾਮਾ ਕਰਵਾਉਣ ਦੀ ਕੋਸ਼ਿਸ਼ ਕੀਤੀ ਪਰ ਰਾਜ਼ੀਨਾਮਾ ਨਹੀਂ ਹੋ ਸਕਿਆ। ਮ੍ਰਿਤਕ ਅੰਗਰੇਜ਼ ਸਿੰਘ ਦੇ ਲੜਕੇ ਨੇ ਦੱਸਿਆ ਕਿ ਗੁਰਨਾਮ ਸਿੰਘ ਦੇ ਜਦੋਂ ਸੱਟ ਲੱਗੀ ਸੀ ਤਾਂ ਉਹ ਮੇਰੇ ਪਿਤਾ ਕੋਲੋਂ ਲੱਗੀ ਪਰ ਵਿਰੋਧੀ ਧਿਰ ਨੇ ਮੇਰੇ ਅਤੇ ਮੇਰੀ ਮਾਤਾ ਦਾ ਨਾਂ ਵੀ ਕੇਸ 'ਚ ਨਾਜਾਇਜ਼ ਤੌਰ 'ਤੇ ਪਵਾ ਦਿੱਤਾ ਸੀ ਅਤੇ ਮੇਰੀ ਐੱਮ. ਬੀ. ਏ. ਦੀ ਪੜ੍ਹਾਈ ਨੂੰ ਪ੍ਰਭਾਵਿਤ ਕਰ ਕੇ ਮੇਰੇ ਭਵਿੱਖ ਨੂੰ ਖਰਾਬ ਕਰ ਦਿੱਤਾ, ਜਿਸ ਕਰ ਕੇ ਮੇਰਾ ਪਿਤਾ ਕਾਫੀ ਪ੍ਰੇਸ਼ਾਨ ਸੀ।
ਉਸ ਨੇ ਹੋਰ ਦੱਸਿਆ ਕਿ ਅਸੀਂ ਕੱਲ ਹੀ ਕੇਸ ਦੀ ਤਰੀਕ ਭੁਗਤ ਕੇ ਆਏ ਅਤੇ ਰਾਤ ਰੋਟੀ ਖਾਣ ਤੱਕ ਸਭ ਠੀਕ ਸੀ ਪਰ ਸਵੇਰੇ ਉੱਠ ਕੇ ਵੇਖਿਆ ਤਾਂ ਮੇਰੇ ਪਿਤਾ ਘਰ ਨਹੀਂ ਸੀ। ਅਸੀਂ ਸੋਚਿਆ ਕਿ ਉਹ ਤੜਕੇ ਉੱਠ ਕੇ ਖੇਤਾਂ ਵੱਲ ਗੇੜਾ ਮਾਰਨ ਗਏ ਹਨ ਪਰ ਬਾਅਦ 'ਚ ਪਤਾ ਲੱਗਾ ਕਿ ਉਨ੍ਹਾਂ ਦੀ ਲਾਸ਼ ਗੁਰਨਾਮ ਸਿੰਘ ਦੇ ਟਿਊਬਵੈੱਲ 'ਤੇ ਪਈ ਹੈ। ਗੁਰਸਿਮਰਨਜੀਤ ਸਿੰਘ ਨੇ ਪੁਲਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਮੇਰੇ ਪਿਤਾ ਦੀ ਮੌਤ ਦੀ ਬਾਰੀਕੀ ਨਾਲ ਜਾਂਚ ਕੀਤੀ ਜਾਵੇ ਅਤੇ ਜ਼ਿੰਮੇਵਾਰ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ। ਇਸ ਮੌਕੇ ਗੁਰਨਾਮ ਸਿੰਘ ਨਾਲ ਸੰਪਰਕ ਕਰਨ 'ਤੇ ਉਸ ਨੇ ਆਪਣੇ 'ਤੇ ਲੱਗੇ ਦੋਸ਼ਾਂ ਤੋਂ ਇਨਕਾਰ ਕੀਤਾ। ਪੁਲਸ ਚੌਕੀ ਫਤਿਆਬਾਦ ਦੇ ਇੰਚਾਰਜ ਲਖਵਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਲੜਕੇ ਗੁਰਸਿਮਰਨਜੀਤ ਸਿੰਘ ਦੇ ਬਿਆਨ ਦਰਜ ਕਰ ਲਏ ਹਨ ਅਤੇ ਲਾਸ਼ ਪੋਸਟਮਾਰਟਮ ਲਈ ਭੇਜ ਦਿੱਤੀ ਗਈ ਹੈ, ਜਿਸ ਦੀ ਰਿਪੋਰਟ ਆਉਣ 'ਤੇ ਬਣਦੀ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ।
4 ਪੰਜਾਬੀਆਂ ਸਮੇਤ 5 ਭਾਰਤੀ ਲੜਕਿਆਂ ਦੀ ਸ਼ਾਰਜਾਹ 'ਚ ਫਾਂਸੀ ਦੀ ਸਜ਼ਾ ਮੁਆਫ਼
NEXT STORY