ਮੋਗਾ, (ਪਵਨ ਗਰੋਵਰ/ਗੋਪੀ ਰਾਊਕੇ)- ਮੌਜੂਦਾ ਕੈਪਟਨ ਸਰਕਾਰ ਵੱਲੋਂ ਅਕਾਲੀ-ਭਾਜਪਾ ਸਰਕਾਰ ਸਮੇਂ ਸ਼ੁਰੂ ਕੀਤੇ ਵਿਕਾਸ ਕਾਰਜਾਂ 'ਤੇ ਜਾਣ-ਬੁੱਝ ਕੇ ਰੋਕ ਲਾਈ ਜਾ ਰਹੀ ਹੈ, ਜਿਸ ਨਾਲ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਹ ਪ੍ਰਗਟਾਵਾ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਸਾਬਕਾ ਚੇਅਰਮੈਨ ਬਰਜਿੰਦਰ ਸਿੰਘ ਮੱਖਣ ਬਰਾੜ ਨੇ ਸਿਵਲ ਹਸਪਤਾਲ 'ਚ ਅੱਧ-ਵਿਚਕਾਰ ਰੁਕੇ ਜੱਚਾ-ਬੱਚਾ ਵਾਰਡ ਦੀ ਇਮਾਰਤ ਦਾ ਨਿਰੀਖਣ ਕਰਨ ਉਪਰੰਤ ਗੱਲਬਾਤ ਕਰਦਿਆਂ ਕੀਤਾ। ਇਸ ਸਮੇਂ ਉਨ੍ਹਾਂ ਦੱਸਿਆ ਕਿ ਅਕਾਲੀ-ਭਾਜਪਾ ਸਰਕਾਰ ਵੱਲੋਂ ਲੋਕਾਂ ਨੂੰ ਵਧੀਆ ਸਿਹਤ ਸਹੂਲਤਾਂ ਦੇਣ ਦੇ ਮਕਸਦ ਨਾਲ ਮੋਗਾ ਦੇ ਜ਼ਿਲਾ ਪੱਧਰੀ ਹਸਪਤਾਲ 'ਚ ਕਰੋੜਾਂ ਰੁਪਏ ਦੀ ਲਾਗਤ ਨਾਲ ਬਣਨ ਵਾਲੀ ਜੱਚਾ-ਬੱਚਾ ਵਾਰਡ ਦੀ ਇਮਾਰਤ ਸ਼ੁਰੂ ਕਰਵਾਈ ਗਈ ਸੀ ਪਰ ਸਿਆਸੀ ਕਿੜ ਕੱਢਦਿਆਂ ਮੌਜੂਦਾ ਕੈਪਟਨ ਸਰਕਾਰ ਨੇ ਇਸ ਇਮਾਰਤ ਦਾ ਨਿਰਮਾਣ ਰੁਕਵਾ ਦਿੱਤਾ ਹੈ ਅਤੇ ਅੱਜ ਤਰਾਸਦੀ ਇਹ ਬਣ ਚੁੱਕੀ ਹੈ ਕਿ ਇਮਾਰਤ ਬਣਾਉਣ ਵਾਲਾ ਠੇਕੇਦਾਰ ਰੇਤ ਨੂੰ ਵੀ ਤਰਸ ਰਿਹਾ ਹੈ। ਉਨ੍ਹਾਂ ਕਿਹਾ ਕਿ ਲੋਕ ਸ਼ਕਤੀ ਨਾਲ ਚੁਣੇ ਗਏ ਸਰਕਾਰ ਦੇ ਨੁਮਾਇੰਦਿਆਂ ਨੂੰ ਜੇਕਰ ਥੋੜ੍ਹਾ-ਬਹੁਤਾ ਵੀ ਕੰਮ ਕਰਵਾਉਣ ਦਾ ਸ਼ੌਕ ਹੈ ਤਾਂ ਇਸ ਇਮਾਰਤ ਦਾ ਕੰਮ ਬਿਨਾਂ ਰੋਕ-ਟੋਕ ਤੋਂ ਕਰਵਾਇਆ ਜਾਵੇ। ਵਿਕਾਸ ਦੇ ਫੋਕੇ ਦਾਅਵੇ ਕਰਨ ਵਾਲੀ ਕੈਪਟਨ ਸਰਕਾਰ ਅਕਾਲੀ-ਭਾਜਪਾ ਸਰਕਾਰ ਵੱਲੋਂ ਸ਼ੁਰੂ ਵਿਕਾਸ ਕਾਰਜ ਹੀ ਮੁਕੰਮਲ ਕਰਵਾ ਦੇਵੇ ਤਾਂ ਬਹੁਤ ਵੱਡੀ ਗੱਲ ਹੋਵੇਗੀ। ਇਸ ਮੌਕੇ ਨਗਰ ਨਿਗਮ ਮੋਗਾ ਦੇ ਸੀਨੀਅਰ ਡਿਪਟੀ ਮੇਅਰ ਅਨਿਲ ਬਾਂਸਲ, ਕੌਂਸਲਰ ਕਾਲਾ ਬਜਾਜ, ਕੌਂਸਲਰ ਗੋਵਰਧਨ ਪੋਪਲੀ, ਕੌਂਸਲਰ ਮਨਜੀਤ ਧੰਮੂ, ਭਾਜਪਾ ਆਗੂ ਵਿਕਾਸ ਬਾਂਸਲ, ਰਮੇਸ਼ ਗੁਲਾਟੀ, ਹਰਦਿਆਲ ਸਿੰਘ ਯਾਦਵਿੰਦਰ ਸਿੰਘ, ਦਰਸ਼ਨ ਸਿੰਘ ਆਦਿ ਮੌਜੂਦ ਸਨ।
ਫਰਜ਼ੀ ਯੋਜਨਾਵਾਂ ਖਿਲਾਫ ਚਿਤਾਵਨੀ ਨੋਟਿਸ ਲਾਏ
NEXT STORY