ਜਲੰਧਰ (ਧਵਨ) - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਿਰਦੇਸ਼ਾਂ 'ਤੇ ਵਿੱਤ ਵਿਭਾਗ ਨੇ ਅੱਜ 1962, 1965 ਤੇ 1971 ਦੀ ਜੰਗ ਵਿਚ ਸ਼ਹੀਦ 125 ਪਰਿਵਾਰਾਂ ਲਈ 20.30 ਕਰੋੜ ਦੀ ਰਾਸ਼ੀ ਜਾਰੀ ਕਰ ਦਿੱਤੀ ਹੈ। 1962 ਤੇ 1965 ਦੀ ਜੰਗ ਦੌਰਾਨ ਸ਼ਹੀਦਾਂ ਦੇ ਪਰਿਵਾਰਾਂ ਤੇ ਅਪਾਹਜ ਫੌਜੀਆਂ ਲਈ ਵੀ ਮੁਆਵਜ਼ਾ ਰਾਸ਼ੀ ਜਾਰੀ ਕੀਤੀ ਗਈ ਹੈ। ਸਰਕਾਰੀ ਸੂਤਰਾਂ ਨੇ ਦੱਸਿਆ ਕਿ ਇਹ ਪਰਿਵਾਰ ਪਿਛਲੇ 41 ਸਾਲਾਂ ਤੋਂ ਮੁਆਵਜ਼ੇ ਲਈ ਸੰਘਰਸ਼ ਕਰ ਰਹੇ ਸਨ। ਇਸ ਤੋਂ ਪਹਿਲਾਂ ਸਰਕਾਰ ਵਲੋਂ ਸ਼ਹੀਦ ਪਰਿਵਾਰਾਂ ਨੂੰ 10 ਏਕੜ ਜ਼ਮੀਨ ਅਲਾਟ ਕੀਤੀ ਜਾਂਦੀ ਸੀ ਪਰ 1976 ਵਿਚ ਇਸ ਨੀਤੀ ਨੂੰ ਵੀ ਬੰਦ ਕਰ ਦਿੱਤਾ ਗਿਆ ਸੀ। ਪੁਰਾਣੀ ਨੀਤੀ ਦਾ ਲਾਭ 1500 ਪਰਿਵਾਰਾਂ ਨੇ ਲਿਆ ਸੀ, ਜਦੋਂਕਿ 125 ਪਰਿਵਾਰ ਇਸ ਤੋਂ ਵਾਂਝੇ ਰਹਿ ਗਏ ਸਨ ਤੇ ਉਹ ਕਈ ਸਾਲਾਂ ਤੋਂ ਇਨਸਾਫ ਲਈ ਸਰਕਾਰੀ ਦਫਤਰਾਂ ਵਿਚ ਚੱਕਰ ਕੱਢ ਰਹੇ ਸਨ।
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੋਲ ਜਦੋਂ ਸ਼ਹੀਦ ਪਰਿਵਾਰਾਂ ਦਾ ਮਾਮਲਾ ਪਹੁੰਚਿਆ ਤਾਂ ਉਨ੍ਹਾਂ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਜਿਨ੍ਹਾਂ ਪਰਿਵਾਰਾਂ ਨੂੰ ਜ਼ਮੀਨ ਨਹੀਂ ਮਿਲ ਸਕੀ, ਉਨ੍ਹਾਂ ਪਰਿਵਾਰਾਂ ਨੂੰ ਮੁਆਵਜ਼ਾ ਰਾਸ਼ੀ ਦੇਣੀ ਚਾਹੀਦੀ ਹੈ। ਹੁਣ ਹਰੇਕ ਪਰਿਵਾਰ ਨੂੰ 50-50 ਲੱਖ ਰੁਪਏ ਦੀ ਰਾਸ਼ੀ ਦਿੱਤੀ ਜਾਵੇਗੀ। ਬੁਲਾਰੇ ਨੇ ਕਿਹਾ ਕਿ ਇਹ ਨੀਤੀ ਤਬਦੀਲੀ ਸ਼ਹੀਦ ਪਰਿਵਾਰਾਂ ਦੇ ਨਿਰਭਰਾਂ 'ਤੇ ਲਾਗੂ ਹੋਵੇਗੀ। ਮੁੱਖ ਮੰਤਰੀ ਨੇ ਪਹਿਲਾਂ ਹੀ ਨਵੀਂ ਨੀਤੀ ਦੇ ਅਧੀਨ ਇਕ ਏਕੜ ਜ਼ਮੀਨ ਲਈ 5 ਲੱਖ ਤੇ ਵੱਧ ਤੋਂ ਵੱਧ 10 ਏਕੜ ਜ਼ਮੀਨ ਲਈ 50 ਲੱਖ ਦੀ ਰਾਸ਼ੀ ਮਨਜ਼ੂਰ ਕੀਤੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਰੱਖਿਆ ਕਰਮਚਾਰੀਆਂ ਦੀ ਭਲਾਈ ਲਈ ਵਚਨਬੱਧ ਹੈ। ਪਹਿਲਾਂ ਹੀ ਮੁੱਖ ਮੰਤਰੀ ਦਫਤਰ ਵਿਚ ਵਿਸ਼ੇਸ਼ ਰੱਖਿਆ ਕਰਮਚਾਰੀ ਸੈੱਲ ਦੀ ਸਥਾਪਨਾ ਕੀਤੀ ਜਾ ਚੁੱਕੀ ਹੈ, ਜਿਸ ਦੀ ਦੇਖ-ਰੇਖ ਖੁਦ ਮੁੱਖ ਮੰਤਰੀ ਵਲੋਂ ਕੀਤੀ ਜਾ ਰਹੀ ਹੈ।
ਮਾਈਕ੍ਰੋਸਾਫਟ ਨੇ ਸੋਲਰ ਉਪਕਰਨ ਦੇਣ ਦੀ ਪੇਸ਼ਕਸ਼ ਕੀਤੀ
ਮਾਈਕ੍ਰੋਸਾਫਟ ਨੇ ਸੂਬੇ ਵਿਚ ਸੋਲਰ ਪਾਵਰ ਉਪਕਰਨ ਦੇਣ ਦੀ ਸੂਬਾ ਸਰਕਾਰ ਨੂੰ ਪੇਸ਼ਕਸ਼ ਕੀਤੀ ਹੈ ਜੋ ਕਿ ਲਾਗਤ ਨੂੰ ਘੱਟ ਕਰਨ ਵਿਚ ਸਹਾਇਕ ਹੋਣਗੇ। ਇਹ ਉਪਕਰਨ ਸਟ੍ਰੀਟ ਲਾਈਟਾਂ, ਮੋਬਾਇਲ ਚਾਰਜਿੰਗ ਤੇ ਇੰਟਰਨੈੱਟ ਕੁਨੈਕਟੀਵਿਟੀ ਵਿਚ ਵਰਤੇ ਜਾ ਸਕਣਗੇ। ਮਾਈਕ੍ਰੋਸਾਫਟ ਨਾਲ ਜੁੜੀ ਕੰਪਨੀ ਦੇ ਇਕ ਸਾਂਝੇ ਵਫਦ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਕਾਤ ਕਰ ਕੇ ਇਸ ਪਾਇਲਟ ਪ੍ਰਾਜੈਕਟ 'ਤੇ ਚਰਚਾ ਕੀਤੀ। ਮੁੱਖ ਮੰਤਰੀ ਨੇ ਪੰਜਾਬ ਊਰਜਾ ਵਿਕਾਸ ਏਜੰਸੀ ਨੂੰ ਇਕ ਗਰੁੱਪ ਦਾ ਗਠਨ ਕਰਨ ਦੇ ਨਿਰਦੇਸ਼ ਦਿੱਤੇ ਤਾਂ ਜੋ ਸੰਭਾਵਨਾਵਾਂ ਦਾ ਪਤਾ ਲਗਾਇਆ ਜਾ ਸਕੇ। ਬੈਠਕ ਵਿਚ ਐਨਰਜੀ ਐਕਸੈਸ ਇਨਸ਼ੀਏਟਿਵ ਮਾਈਕ੍ਰੋਸਾਫਟ ਦੇ ਡਾਇਰੈਕਟਰ ਕੇਵਿਨ ਕੋਨੋਲੀ ਨੇ ਮੁੱਖ ਮੰਤਰੀ ਦੇ ਸਾਹਮਣੇ ਆਪਣੇ ਵਿਚਾਰ ਰੱਖੇ। ਮੁੱਖ ਮੰਤਰੀ ਨੇ ਇਸ ਸਬੰਧ ਵਿਚ ਤਕਨੀਕੀ ਸਮਰਥਨ ਲੈਣ 'ਤੇ ਵਿਚਾਰ ਕਰਨ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ। ਬੈਠਕ ਵਿਚ ਕਲਿਆਣ ਮੰਤਰੀ ਸਾਧੂ ਸਿੰਘ ਧਰਮਸੋਤ, ਏ. ਵੇਣੂ ਪ੍ਰਸਾਦ ਤੇ ਹੋਰ ਅਧਿਕਾਰੀਆਂ ਵੀ ਹਿੱਸਾ ਲਿਆ।
ਰਿਮਾਂਡ ਦੌਰਾਨ ਹੋਏ ਕਈ ਅਹਿਮ ਖੁਲਾਸੇ
NEXT STORY