ਅਜਨਾਲਾ - ਬੀਤੀ 20 ਜੂਨ ਨੂੰ ਗੁਰਦੁਆਰਾ ਬਾਬਾ ਦੀਪ ਸਿੰਘ ਜੀ ਸ਼ਹੀਦ ਦੇ ਕਥਾਵਾਚਕ ਭਾਈ ਸੁਰਿੰਦਰ ਸਿੰਘ ਨੂੰ ਬਿਨਾਂ ਕਾਰਨ ਦੱਸੇ ਨਵਾਂਸ਼ਹਿਰ ਦੀ ਪੁਲਸ ਪਾਰਟੀ ਵੱਲੋਂ ਚੁੱਕੇ ਜਾਣ ਦਾ ਮਾਮਲਾ ਉਦੋਂ ਭਖ ਗਿਆ ਜਦੋਂ ਗੁਰਦੁਆਰਾ ਬਾਬਾ ਦੀਪ ਸਿੰਘ ਜੀ ਸ਼ਹੀਦ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਮੁੱਖ ਸੇਵਾਦਾਰ ਭਾਈ ਮਲਕੀਤ ਸਿੰਘ ਅਜਨਾਲਾ ਦੀ ਅਗਵਾਈ 'ਚ ਕਮੇਟੀ ਮੈਂਬਰਾਂ ਤੇ ਇਲਾਕੇ ਦੀਆਂ ਸੰਗਤਾਂ ਨੇ ਰੋਸ ਦਾ ਪ੍ਰਗਟਾਵਾ ਕਰਦਿਆਂ ਭਾਈ ਸੁਰਿੰਦਰ ਸਿੰਘ ਦੇ ਹੱਕ 'ਚ ਹੰਗਾਮੀ ਮੀਟਿੰਗ ਕੀਤੀ।
ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਹੁਦੇਦਾਰਾਂ ਦੀ ਮੌਜੂਦਗੀ 'ਚ ਭਾਈ ਸੁਰਿੰਦਰ ਸਿੰਘ ਕਥਾਵਾਚਕ ਦੀ ਪ੍ਰਭਾਵਿਤ ਧਰਮਪਤਨੀ ਬੀਬੀ ਜਸਬੀਰ ਕੌਰ ਨੇ ਆਪਣੇ ਪਤੀ ਭਾਈ ਸੁਰਿੰਦਰ ਸਿੰਘ ਨੂੰ ਨਵਾਂਸ਼ਹਿਰ ਪੁਲਸ ਪਾਰਟੀ ਵੱਲੋਂ ਚੁੱਕੇ ਜਾਣ ਦੀ ਦਾਸਤਾਨ ਬਿਆਨ ਕਰਦਿਆਂ ਜਾਣਕਾਰੀ ਦਿੱਤੀ ਕਿ 20 ਜੂਨ ਨੂੰ ਬਾਅਦ ਦੁਪਹਿਰ 3 ਵਜੇ ਦੇ ਕਰੀਬ ਸੀ. ਆਈ. ਏ. ਸਟਾਫ ਨਵਾਂਸ਼ਹਿਰ ਦੇ ਏ. ਐੱਸ. ਆਈ. ਫੂਲ ਰਾਏ ਦੀ ਅਗਵਾਈ 'ਚ ਪੁਲਸ ਪਾਰਟੀ ਇਹ ਕਹਿ ਕੇ ਉਸ ਦੇ ਪਤੀ ਨੂੰ ਨਾਲ ਲੈ ਗਈ ਕਿ ਇਕ ਕੇਸ 'ਚ ਜਾਣਕਾਰੀ ਹਾਸਲ ਕਰ ਕੇ ਉਨ੍ਹਾਂ ਨੂੰ ਵਾਪਸ ਭੇਜ ਦਿੱਤਾ ਜਾਵੇਗਾ ਪਰ ਅੱਜ 3 ਦਿਨ ਬੀਤ ਜਾਣ 'ਤੇ ਵੀ ਪੁਲਸ ਨੇ ਨਾਜਾਇਜ਼ ਹਿਰਾਸਤ 'ਚ ਰੱਖਿਆ ਹੋਇਆ ਹੈ।
ਭਾਈ ਸੁਰਿੰਦਰ ਸਿੰਘ ਆਪਣੀ ਧਰਮਪਤਨੀ ਤੇ 2 ਛੋਟੀਆਂ ਬੱਚੀਆਂ ਨਾਲ ਸਥਾਨਕ ਗੁਰਦੁਆਰਾ ਬਾਬਾ ਦੀਪ ਸਿੰਘ ਜੀ ਸ਼ਹੀਦ ਵਿਖੇ ਸਵੇਰ ਅਤੇ ਸ਼ਾਮ ਵੇਲੇ ਰੋਜ਼ਾਨਾ ਗੁਰਬਾਣੀ ਕਥਾ ਕਰਨ ਦੀਆਂ ਪਿਛਲੇ 2 ਮਹੀਨਿਆਂ ਤੋਂ ਸੇਵਾਵਾਂ ਨਿਭਾ ਰਹੇ ਹਨ। ਉਪਰੰਤ ਮੀਟਿੰਗ 'ਚ ਹਾਜ਼ਰ ਸੰਗਤਾਂ ਤੇ ਕਮੇਟੀ ਮੈਂਬਰਾਂ ਦੇ ਸਲਾਹ-ਮਸ਼ਵਰੇ ਨਾਲ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੀਟਿੰਗ ਉਪਰੰਤ ਪ੍ਰਮੁੱਖ ਸੇਵਾਦਾਰ ਭਾਈ ਮਲਕੀਤ ਸਿੰਘ ਅਜਨਾਲਾ ਨੇ ਚਿਤਾਵਨੀ ਦਿੱਤੀ ਕਿ ਜੇਕਰ ਕਥਿਤ ਨਾਜਾਇਜ਼ ਤੌਰ 'ਤੇ ਹਿਰਾਸਤ 'ਚ ਲਏ ਗਏ ਕਥਾਵਾਚਕ ਭਾਈ ਸੁਰਿੰਦਰ ਸਿੰਘ ਨੂੰ 2 ਦਿਨ ਦੇ ਅੰਦਰ ਛੱਡਿਆ ਨਾ ਗਿਆ ਤਾਂ ਸਥਾਨਕ ਸ਼ਹਿਰ 'ਚ ਰੋਸ ਧਰਨਾ ਤੇ ਚੱਕਾ ਜਾਮ ਕਰ ਕੇ ਨਵਾਂਸ਼ਹਿਰ ਪੁਲਸ ਵਿਰੁੱਧ ਰੋਸ ਵਿਖਾਵਾ ਕੀਤਾ ਜਾਵੇਗਾ।
ਇਸ ਸਬੰਧੀ ਜਦੋਂ ਏ. ਐੱਸ. ਆਈ. ਨਵਾਂਸ਼ਹਿਰ ਸੀ. ਏ. ਸਟਾਫ ਫੂਲ ਰਾਏ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਪ੍ਰਵਾਨ ਕੀਤਾ ਕਿ ਇਕ ਕੇਸ ਦੇ ਮਾਮਲੇ 'ਚ ਸੁਰਿੰਦਰ ਸਿੰਘ ਨੂੰ ਹਿਰਾਸਤ 'ਚ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਇਹ ਮਾਮਲਾ ਉਨ੍ਹਾਂ ਤੋਂ ਵੱਡੇ ਪੁਲਸ ਅਧਿਕਾਰੀਆਂ ਦੇ ਧਿਆਨ 'ਚ ਵੀ ਹੈ।
ਇਸ ਮੌਕੇ ਹਰਜੀਤ ਸਿੰਘ ਅਲੀਵਾਲ, ਸੁਰਜੀਤ ਸਿੰਘ ਖੰਡ ਮਿੱਲ ਵਾਲੇ, ਅਮਰੀਕ ਸਿੰਘ ਬਿਜਲੀ ਵਾਲੇ, ਹੀਰਾ ਸਿੰਘ ਸੱਫੇਵਾਲੀਆ, ਸੁਖਵਿੰਦਰ ਸਿੰਘ ਫੱਤੇਵਾਲ, ਸਰਬਜੀਤ ਸਿੰਘ, ਲਾਲ ਸਿੰਘ, ਕਸ਼ਮੀਰ ਸਿੰਘ ਲੱਖੂਵਾਲ, ਸੂਬੇਦਾਰ ਕਰਨੈਲ ਸਿੰਘ, ਮਹਿੰਦਰ ਸਿੰਘ, ਹਰਭਜਨ ਸਿੰਘ, ਮੁਖਤਾਰ ਸਿੰਘ ਆਦਿ ਅਹੁਦੇਦਾਰ ਮੌਜੂਦ ਸਨ।
ਵਿਦੇਸ਼ ਗਈ ਨੂੰਹ ਦਾ ਰਿਸ਼ਤੇਦਾਰ ਕਹਿ ਕੇ ਪਹਿਲਾਂ ਘਰ 'ਚ ਹੋਏ ਦਾਖਲ, ਫਿਰ ਕਰ ਦਿੱਤਾ ਇਹ ਕਾਰਾ
NEXT STORY