ਜਲੰਧਰ (ਚਾਵਲਾ) - ਸਿੱਖ ਸੇਵਕ ਸੁਸਾਇਟੀ ਇੰਟਰਨੈਸ਼ਨਲ ਨੇ ਦੋਸ਼ ਲਾਇਆ ਕਿ ਪੰਜਾਬੀ ਸਾਹਿਤ ਅਕੈਡਮੀ ਵਿਚ ਕੁਝ ਲੇਖਕ ਸਿੱਖ ਵਿਰੋਧੀ ਰਚਨਾਵਾਂ ਰਾਹੀਂ ਸਿੱਖ ਇਤਿਹਾਸ ਨੂੰ ਤੋੜ-ਮਰੋੜ ਕੇ ਪੇਸ਼ ਕਰ ਰਹੇ ਹਨ, ਜਿਸ ਦੀ ਜਾਂਚ ਕਰ ਕੇ ਉਨ੍ਹਾਂ ਵਿਰੁੱਧ ਕਾਨੂੰਨੀ ਕਾਰਵਾਈ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿਚ ਛੇਤੀ ਉਹ 'ਸੂਰਜ ਦੀ ਅੱਖ' ਕਿਤਾਬ ਦੇ ਲੇਖਕ ਵਿਰੁੱਧ ਕੇਸ ਦਰਜ ਕਰਵਾਉਣਗੇ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿਚ ਸਿੱਖਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੁੱਪੀ ਸ਼ੱਕ ਦੇ ਘੇਰੇ ਵਿਚ ਹੈ। ਉਨ੍ਹਾਂ ਇਸ ਵਿਵਾਦਿਤ ਕਿਤਾਬ 'ਤੇ ਪਾਬੰਦੀ ਲਗਾਉਣ ਦੀ ਮੰਗ ਕਰਦਿਆਂ ਕਿਹਾ ਕਿ ਇਕ ਸਾਜ਼ਿਸ਼ ਤਹਿਤ ਸਾਹਿਤ ਰਾਹੀਂ ਸਿੱਖ ਇਤਿਹਾਸ ਨੂੰ ਵਿਗਾੜਨ ਦੀ ਕੋਸ਼ਿਸ਼ ਕੀਤੀ ਗਈ ਹੈ, ਜਦਕਿ ਸਮਕਾਲੀ ਸ਼ਾਇਰਾਂ ਨੇ ਵੀ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀ ਸ਼ਲਾਘਾ ਕੀਤੀ ਅਤੇ ਉਨ੍ਹਾਂ ਦੇ ਰਾਜ ਨੂੰ ਹਲੀਮੀ ਰਾਜ ਕਰਾਰ ਦਿੱਤਾ।
ਅੱਜ ਇਥੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸਿੱਖ ਸੇਵਕ ਸੁਸਾਇਟੀ ਇੰਟਰਨੈਸ਼ਨਲ ਦੇ ਸੂਬਾ ਪ੍ਰਧਾਨ ਪਰਮਿੰਦਰਪਾਲ ਸਿੰਘ ਖਾਲਸਾ, ਸੁਰਿੰਦਰਪਾਲ ਸਿੰਘ ਗੋਲਡੀ ਸੀਨੀਅਰ ਮੀਤ ਪ੍ਰਧਾਨ, ਪ੍ਰੋ. ਬਲਵਿੰਦਰਪਾਲ ਸਿੰਘ ਸਕੱਤਰ ਜਨਰਲ ਨੇ ਕਥਿਤ ਤੌਰ 'ਤੇ ਦੋਸ਼ ਲਾਇਆ ਕਿ ਕਿਹਾ ਕਿ ਨਾਵਲ 'ਸੂਰਜ ਦੀ ਅੱਖ' ਸਿੱਖ ਇਤਿਹਾਸ ਤੇ ਸਿੱਖ ਧਰਮ ਉਪਰ ਸਿੱਧਾ ਹਮਲਾ ਹੈ, ਜਿਸ ਨੇ ਸਿੱਖ ਪੰਥ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ। ਉਨ੍ਹਾਂ ਕੈਪਟਨ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਕਿ 'ਸੂਰਜ ਦੀ ਅੱਖ' ਨਾਵਲ ਦੇ ਲੇਖਕ ਬਲਦੇਵ ਸਿੰਘ ਵਿਰੁੱਧ ਸਿੱਖ ਕੌਮ ਦੀਆਂ ਭਾਵਨਾਵਾਂ ਨੂੰ ਭੜਕਾਉਣ ਸੰਬੰਧੀ ਕਾਨੂੰਨੀ ਕਾਰਵਾਈ ਕੀਤੀ ਜਾਵੇ।
ਨਾਵਲ ਦੀ ਚਰਚਾ ਕਰਦਿਆਂ ਉਕਤ ਆਗੂਆਂ ਨੇ ਦੋਸ਼ ਲਾਇਆ ਕਿ ਇਸ ਨਾਵਲ ਵਿਚ 18ਵੀਂ ਸਦੀ ਦੇ ਸਿੱਖ ਯੋਧਿਆਂ ਨੂੰ ਲੁਟੇਰਾ ਦੱਸਿਆ ਗਿਆ ਹੈ ਤੇ ਮਹਾਰਾਜਾ ਰਣਜੀਤ ਸਿੰਘ ਦੇ 40 ਸਾਲ ਕੀਤੇ ਰਾਜ ਪ੍ਰਬੰਧ ਦੀ ਪ੍ਰਸ਼ੰਸਾ ਕਰਨ ਦੀ ਥਾਂ ਉਸ ਵਿਰੁੱਧ ਭੱਦੀ ਸ਼ਬਦਾਵਲੀ ਵਰਤੀ ਗਈ ਅਤੇ ਇਹੋ ਜਿਹੀਆਂ ਘਟਨਾਵਾਂ ਪੇਸ਼ ਕੀਤੀਆਂ ਹਨ ਕਿ ਜੋ ਕਿ ਇਤਿਹਾਸ ਵਿਚ ਵਾਪਰੀਆਂ ਹੀ ਨਹੀਂ ਹਨ। ਉਨ੍ਹਾਂ ਇਹ ਵੀ ਦੋਸ਼ ਲਾਇਆ ਕਿ 'ਸੂਰਜ ਦੀ ਅੱਖ' ਨਾਵਲ ਵਿਚ ਸਿੱਖਾਂ ਵਿਰੁੱਧ ਇਹ ਕਿਹਾ ਗਿਆ ਹੈ ਕਿ ਸਿੱਖਾਂ ਦੇ ਮੂੰਹ ਨੂੰ ਰਾਜ ਕਰਨ ਦਾ ਖੂਨ ਲੱਗ ਚੁੱਕਾ ਹੈ। 'ਸੂਰਜ ਦੀ ਅੱਖ' ਪੰਨਾ 6 'ਤੇ ਲੇਖਕ ਲਿਖਦਾ ਹੈ ਕਿ ਬਾਬਾ ਬੰਦਾ ਸਿੰਘ ਦੀ ਸ਼ਹੀਦੀ ਤੋਂ ਬਾਅਦ ਪੰਜਾਬ ਵਾਸੀਆਂ ਤੇ ਖਾਸ ਕਰਕੇ ਸਿੱਖਾਂ ਦੇ ਮੂੰਹ ਨੂੰ ਰਾਜ ਕਰਨ ਦਾ ਲਹੂ ਲੱਗ ਚੁੱਕਾ ਸੀ।
ਉਨ੍ਹਾਂ ਕਿਹਾ ਕਿ ਜੇਕਰ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਨਾ ਹੁੰਦਾ ਤਾਂ ਅੱਜ ਪੰਜਾਬ ਅਫਗਾਨਾਂ ਦੀ ਬਸਤੀ ਹੁੰਦਾ ਤੇ ਪੰਜਾਬ ਵਾਸੀ ਇਸਲਾਮ ਧਰਮ ਨੂੰ ਮੰਨਣ ਵਾਲੇ ਹੁੰਦੇ, ਜਦਕਿ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਅਜਿਹਾ ਸੀ, ਜਿਸ ਨੇ ਪੰਜਾਬ ਵਿਚ ਜਮਹੂਰੀਅਤ ਪੈਦਾ ਕੀਤੀ ਤੇ ਹਰੇਕ ਧਰਮ ਦੇ ਵਿਅਕਤੀ ਨਾਲ ਇਨਸਾਫ ਕੀਤਾ, ਜੋ ਅਜੋਕੇ ਭਾਰਤੀ ਰਾਜ ਪ੍ਰਬੰਧ ਵਿਚ ਦੇਖਣ ਨੂੰ ਨਹੀਂ ਮਿਲਦਾ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਇਸ ਸੰਬੰਧ ਵਿਚ ਨਾਵਲਕਾਰ ਦੇ ਲੇਖਕ 'ਤੇ ਸਖਤ ਕਾਰਵਾਈ ਕਰੇ ਤੇ ਇਸ ਦੇ ਸਮਰਥਕ ਕਵੀ ਸੁਰਜੀਤ ਪਾਤਰ, ਜਿਸ ਨੇ ਇਸ ਨਾਵਲ ਦੀ ਹਮਾਇਤ ਕੀਤੀ ਹੈ, ਉਸ ਨੂੰ ਸ਼੍ਰੋਮਣੀ ਕਮੇਟੀ ਵਲੋਂ ਉਸਾਰੀ ਸ੍ਰੀ ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਦੇ ਮੁਖੀ ਦੇ ਅਹੁਦੇ ਤੋਂ ਬਰਖਾਸਤ ਕਰੇ।ਉਨ੍ਹਾਂ ਨੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੂੰ ਅਪੀਲ ਕੀਤੀ ਕਿ ਉਹ ਇਹ ਪਤਾ ਲਗਾਉਣ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ ਵਿਚ ਗੁਰਸਿੱਖਾਂ ਦੀ ਥਾਂ ਕਾਮਰੇਡਾਂ ਨੂੰ ਨੌਕਰੀ ਕਿਉਂ ਦਿੱਤੀ। ਇਸ ਮੌਕੇ ਹਰਪ੍ਰਿਤਪਾਲ ਸਿੰਘ, ਪ੍ਰਿਤਪਾਲ ਸਿੰਘ, ਕਮਲ ਚਰਨਜੀਤ ਸਿੰਘ ਹੈਪੀ, ਹਰਦੇਵ ਸਿੰਘ ਗਰਚਾ, ਸੰਦੀਪ ਸਿੰਘ ਚਾਵਲਾ, ਕੁਲਦੀਪ ਸਿੰਘ ਕੁੱਕੀ ਤੇ ਅਰਿੰਦਰ ਸਿੰਘ ਚੱਢਾ ਆਦਿ ਹਾਜ਼ਰ ਸਨ।
ਮੱਛੀ ਮੰਡੀ ਠੇਕੇਦਾਰਾਂ ਦੇ ਦੋ ਧੜਿਆਂ 'ਚ ਚੱਲੀ ਗੋਲੀ, 2 ਜ਼ਖਮੀ
NEXT STORY