ਬਟਾਲਾ, (ਬੇਰੀ) - ਬੀਤੀ ਦੇਰ ਸ਼ਾਮ ਲੁਟੇਰਿਆਂ ਵੱਲੋਂ ਦਹਿਸ਼ਤ ਮਚਾਉਂਦੇ ਹੋਏ ਸ਼ਹਿਰ ਦੇ ਵੱਖ-ਵੱਖ ਹਿੱਸਿਆਂ 'ਚ 4 ਵਿਅਕਤੀਆਂ ਕੋਲੋਂ ਨਕਦੀ ਅਤੇ ਜ਼ਰੂਰੀ ਕਾਗਜ਼ਾਤ ਖੋਹ ਕੇ ਫਰਾਰ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਰਾਜ ਕੁਮਾਰ ਸੋਢੀ ਸਪੁੱਤਰ ਯਸ਼ਪਾਲ ਸੋਢੀ ਵਾਸੀ ਅਨੰਦ ਵਿਹਾਰ ਕਾਲੋਨੀ ਨੇ ਦੱਸਿਆ ਕਿ ਉਨ੍ਹਾਂ ਦੀ ਗਾਂਧੀ ਚੌਕ ਵਿਖੇ ਕਰਿਆਨੇ ਦੀ ਦੁਕਾਨ ਹੈ, ਜਿਸ ਨੂੰ ਬੰਦ ਕਰਕੇ ਕਰੀਬ 9 ਵਜੇ ਰਾਤ ਉਹ ਆਪਣੀ ਸਕੂਟਰੀ 'ਤੇ ਸਵਾਰ ਹੋ ਕੇ ਘਰ ਜਾ ਰਿਹਾ ਸੀ ਤੇ ਜਦੋਂ ਸਿਟੀ ਰੋਡ ਮੇਨ ਬਾਜ਼ਾਰ ਨੇੜੇ ਭੂਸ਼ਨ ਮਹਾਜਨ ਸ਼ੋਅਰੂਮ ਨੇੜੇ ਪਹੁੰਚਿਆ ਤਾਂ ਪਿੱਛੋਂ 2 ਨੌਜਵਾਨ ਜੋ ਸਕੂਟਰੀ 'ਤੇ ਸਵਾਰ ਸਨ, ਨੇ ਉਸ ਉਪਰ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਜ਼ਖਮੀ ਕਰ ਦਿੱਤਾ ਅਤੇ ਉਸ ਦੀ ਸਕੂਟਰੀ ਦੀ ਡਿੱਗੀ ਵਿਚ 2 ਲੱਖ ਰੁਪਏ ਸਨ, ਜੋ ਸਕੂਟਰੀ ਸਮੇਤ ਖੋਹ ਕੇ ਭੱਜਣ ਵਿਚ ਸਫਲ ਹੋ ਗਏ। ਉਸ ਨੇ ਦੱਸਿਆ ਕਿ ਪਰਿਵਾਰਕ ਮੈਂਬਰਾਂ ਵੱਲੋਂ ਉਸ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ। ਉਨ੍ਹਾਂ ਇਸ ਮਾਮਲੇ ਸਬੰਧੀ ਥਾਣਾ ਸਿਟੀ ਵਿਖੇ ਰਿਪੋਰਟ ਦਰਜ ਕਰਵਾ ਦਿੱਤੀ ਹੈ।
ਇਸੇ ਤਰ੍ਹਾਂ, ਸ਼ਾਮ ਲਾਲ ਸਪੁੱਤਰ ਕਰਤਾਰ ਚੰਦ ਵਾਸੀ ਅੱਚਲੀ ਗੇਟ ਜੋ ਬਿਜਲੀ ਬੋਰਡ 'ਚ ਕਰਮਚਾਰੀ ਹੈ, ਬੀਤੀ ਦੇਰ ਸ਼ਾਮ ਉਜਾਗਰ ਨਗਰ ਤੋਂ ਕਰੀਬ ਸਾਢੇ 8 ਵਜੇ ਆਪਣੇ ਮੋਟਰਸਾਈਕਲ 'ਤੇ ਸਵਾਰ ਹੋ ਕੇ ਅੱਚਲੀ ਗੇਟ ਆ ਰਿਹਾ ਸੀ ਅਤੇ ਜਦੋਂ ਉਹ ਧਰਮਪੁਰਾ ਕਾਲੋਨੀ ਪਹੁੰਚਿਆ ਤਾਂ 2 ਮੋਟਰਸਾਈਕਲ ਸਵਾਰਾਂ ਨੇ ਹਨੇਰੇ ਦਾ ਲਾਭ ਲੈਂਦਿਆਂ ਆਪਣਾ ਮੋਟਰਸਾਈਕਲ ਉਕਤ ਵਿਅਕਤੀ ਦੇ ਮੋਟਰਸਾਈਕਲ ਅੱਗੇ ਰੋਕਿਆ ਅਤੇ ਸ਼ਾਮ ਲਾਲ ਕੋਲੋਂ 2620 ਰੁਪਏ ਨਕਦੀ ਅਤੇ ਜ਼ਰੂਰੀ ਕਾਗਜ਼ਾਤ ਖੋਹ ਲਏ ਤੇ ਭੱਜਣ ਵਿਚ ਕਾਮਯਾਬ ਹੋ ਗਏ। ਘਟਨਾ ਦੀ ਸੂਚਨਾ ਮਿਲਦਿਆਂ ਦੀ ਪੁਲਸ ਤੇ ਪੀ. ਸੀ. ਆਰ. ਦੇ ਮੁਲਾਜ਼ਮਾਂ ਨੇ ਲੁਟੇਰਿਆਂ ਦਾ ਪਿੱਛਾ ਕੀਤਾ ਪਰ ਉਕਤ ਲੁਟੇਰੇ ਭੱਜਣ 'ਚ ਸਫਲ ਹੋ ਗਏ।
ਇੰਦਰਜੀਤ ਸਿੰਘ ਪੁੱਤਰ ਮਹਿੰਗਾ ਸਿੰਘ ਵਾਸੀ ਸਿਨੇਮਾ ਰੋਡ ਨੇ ਦੱਸਿਆ ਕਿ ਉਹ ਦੇਰ ਸ਼ਾਮ ਕਾਹਨੂੰਵਾਨ ਰੋਡ ਤੋਂ ਆਪਣੇ ਮੋਟਰਸਾਈਕਲ 'ਤੇ ਸਵਾਰ ਹੋ ਕੇ ਸਿਨੇਮਾ ਰੋਡ ਆ ਰਿਹਾ ਸੀ ਅਤੇ ਜਦੋਂ ਉਹ ਸਿਨੇਮਾ ਰੋਡ ਆਪਣੇ ਘਰ ਦੇ ਨੇੜੇ ਪਹੁੰਚਿਆਂ ਤਾਂ ਪਿੱਛੋਂ ਆ ਰਿਹਾ ਪਲਸਰ ਮੋਟਰਸਾਈਕਲ ਜੋ ਬਿਨਾਂ ਨੰਬਰੀ ਸੀ, 'ਤੇ ਸਵਾਰ ਨੌਜਵਾਨਾਂ ਨੇ ਬਲੇਡ ਨਾਲ ਉਸ ਦੇ ਕੁੜਤੇ ਦੀ ਜੇਬ ਕੱਟ ਲਈ ਅਤੇ ਫਰਾਰ ਹੋ ਗਏ। ਇੰਦਰਜੀਤ ਸਿੰਘ ਨੇ ਅੱਗੇ ਦੱਸਿਆ ਕਿ ਉਸ ਦੇ ਕੁੜਤੇ ਦੀ ਜੇਬ ਵਿਚ ਇਕ ਪਰਸ ਸੀ, ਜਿਸ ਵਿਚ 3500 ਰੁਪਏ, ਏ. ਟੀ. ਐੱਮ. ਤੇ ਜ਼ਰੂਰੀ ਕਾਗਜਾਤ ਸਨ। ਇਸ ਸਬੰਧੀ ਥਾਣਾ ਸਿਟੀ ਦੀ ਪੁਲਸ ਨੂੰ ਰਿਪੋਰਟ ਦਰਜ ਕਰਵਾ ਦਿੱਤੀ ਹੈ।
ਜਗਤਾਰ ਸਿੰਘ ਸਪੁੱਤਰ ਗੋਪਾਲ ਸਿੰਘ ਵਾਸੀ ਅਮਰਦਾਸ ਕਾਲੋਨੀ ਬਟਾਲਾ ਨੇ ਦੱਸਿਆ ਕਿ ਉਹ ਆਪਣੇ ਮੋਟਰਸਾਈਕਲ 'ਤੇ ਕੰਧ ਸਾਹਿਬ ਤੋਂ ਦੇਰ ਸ਼ਾਮ ਮੱਥਾ ਟੇਕ ਕੇ ਵਾਪਸ ਆਪਣੇ ਘਰ ਜਾ ਰਿਹਾ ਸੀ ਅਤੇ ਜਦੋਂ ਸੁੱਖਾ ਸਿੰਘ ਮਹਿਤਾਬ ਸਿੰਘ ਚੌਕ ਨੇੜੇ ਪਹੁੰਚਿਆ ਤਾਂ ਪਿਛੋਂ ਆ ਰਹੇ 2 ਮੋਟਰਸਾਈਕਲ ਸਵਾਰਾਂ ਨੇ ਮੇਰੀ ਕਮੀਜ਼ ਦੀ ਜੇਬ ਬਲੇਡ ਮਾਰ ਕੇ ਕੱਟ ਲਈ ਅਤੇ ਫਰਾਰ ਹੋ ਗਏ। ਉਨ੍ਹਾਂ ਕਿਹਾ ਕਿ ਜੇਬ ਵਿਚ 1000 ਰੁਪਏ ਨਕਦ ਅਤੇ ਇਕ ਮੋਬਾਇਲ ਸੀ। ਉਨ੍ਹਾਂ ਇਸ ਸਬੰਧੀ ਥਾਣਾ ਸਿਟੀ ਦੀ ਪੁਲਸ ਨੂੰ ਰਿਪੋਰਟ ਦਰਜ ਕਰਵਾ ਦਿੱਤੀ ਹੈ।
ਹਾਈਕੋਰਟ ਨੇ ਪੰਜਾਬ, ਹਰਿਆਣਾ, ਚੰਡੀਗੜ੍ਹ ਤੋਂ ਪਟਾਕਾ ਵਿਕਰੀ ਦੇ ਲਾਈਸੈਂਸ ਦੀ ਮੰਗੀ ਜਾਣਕਾਰੀ
NEXT STORY