ਸਾਦਿਕ, (ਪਰਮਜੀਤ)- ਪਿੰਡ ਮਰਾੜ੍ਹ ਵਿਖੇ ਬਣੇ ਸੇਵਾ ਕੇਂਦਰ 'ਚੋਂ 6 ਨਵੰਬਰ ਦੀ ਰਾਤ ਨੂੰ ਚੋਰਾਂ ਵੱਲੋਂ ਲੱਖਾਂ ਰੁਪਏ ਦੀ ਨਕਦੀ ਤੇ ਕੀਮਤੀ ਸਾਮਾਨ ਤੋਂ ਇਲਾਵਾ ਕੇਂਦਰ ਵਿਚ ਲੱਗੇ ਕੈਮਰੇ ਅਤੇ ਡੀ. ਵੀ. ਆਰ. ਚੋਰੀ ਕਰ ਲਿਜਾਣ ਦੇ ਮਾਮਲੇ ਨੇ ਉਸ ਸਮੇਂ ਨਵਾਂ ਮੋੜ ਲੈ ਲਿਆ, ਜਦੋਂ ਪੁਲਸ ਨੇ ਇਸੇ ਸੇਵਾ ਕੇਂਦਰ ਦੇ ਕਰਮਚਾਰੀ ਕੋਲੋਂ ਸ਼ਿਕਾਇਤ ਵਿਚ ਲਿਖਾਏ ਗਏ ਰੁਪਏ ਬਰਾਮਦ ਕਰਨ ਵਿਚ ਸਫਲਤਾ ਹਾਸਲ ਕੀਤੀ।
ਥਾਣਾ ਮੁਖੀ ਗੁਰਜੰਟ ਸਿੰਘ ਨੇ ਦੱਸਿਆ ਕਿ ਸੇਵਾ ਕੇਂਦਰ ਮਰਾੜ੍ਹ ਦੇ ਆਪ੍ਰੇਟਰ ਸਤਨਾਮ ਸਿੰਘ ਪੁੱਤਰ ਹਰਜੀਤ ਸਿੰਘ ਵਾਸੀ ਬੀਹਲੇਵਾਲਾ ਨੇ ਖੁਦ ਆ ਕੇ ਦਰਖਾਸਤ ਦਿੱਤੀ ਸੀ ਕਿ ਰੋਜ਼ ਦੀ ਤਰ੍ਹਾਂ ਉਹ ਜਦ ਡਿਊਟੀ 'ਤੇ ਗਿਆ ਤਾਂ ਸੇਵਾ ਕੇਂਦਰ ਦਾ ਬਾਹਰਲਾ ਤਾਲਾ ਟੁੱਟਿਆ ਹੋਇਆ ਸੀ। ਜਦ ਉਸ ਨੇ ਅੰਦਰ ਜਾ ਕੇ ਦੇਖਿਆ ਤਾਂ ਕਰੀਬ ਸਾਰਾ ਸਾਮਾਨ ਤੇ ਨਕਦੀ ਗਾਇਬ ਸੀ। ਅਣਪਛਾਤੇ ਵਿਅਕਤੀ ਸੇਵਾ ਕੇਂਦਰ 'ਚੋਂ ਕੀਮਤੀ ਸਾਮਾਨ ਤੇ 1 ਲੱਖ 62 ਹਜ਼ਾਰ 700 ਰੁਪਏ ਦੀ ਨਕਦੀ ਚੋਰੀ ਕਰ ਕੇ ਲੈ ਗਏ।
ਪੜਤਾਲ ਉਪਰੰਤ ਜਦ ਸਖਤੀ ਨਾਲ ਕਰਮਚਾਰੀ ਤੋਂ ਪੁੱਛਗਿੱਛ ਕੀਤੀ ਤਾਂ ਉਸ ਕੋਲੋਂ ਘਪਲਾ ਕਰਨ ਦੇ ਇਰਾਦੇ ਨਾਲ ਚੋਰੀ ਕੀਤੇ ਲਿਖਾਏ ਰੁਪਏ ਬਰਾਮਦ ਕਰ ਲਏ ਗਏ।
ਹੁਣ ਪੁਲਸ ਨੇ ਸੰਜੀਵ ਸ਼ਰਮਾ ਤੇ ਗੁਰਪ੍ਰੀਤ ਸਿੰਘ ਸੇਵਾ ਕੇਂਦਰ ਦੇ ਅਧਿਕਾਰੀਆਂ ਦੇ ਬਿਆਨਾਂ 'ਤੇ ਜੁਰਮ ਵਿਚ ਵਾਧਾ ਕਰਦੇ ਹੋਏ ਸਤਨਾਮ ਸਿੰਘ ਖਿਲਾਫ ਕੇਸ ਦਰਜ ਕਰ ਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ, ਜਿਸ ਨੂੰ ਅਦਾਲਤ 'ਚ ਪੇਸ਼ ਕੀਤਾ ਜਾ ਰਿਹਾ ਹੈ।
ਨੋਟਬੰਦੀ ਖਿਲਾਫ ਕਾਂਗਰਸੀਆਂ ਵੱਲੋਂ ਕੈਂਡਲ ਮਾਰਚ
NEXT STORY