ਪਠਾਨਕੋਟ, (ਸ਼ਾਰਦਾ)- ਕਾਲਜ ਰੋਡ 'ਤੇ ਚੋਰ ਗਿਰੋਹ ਨੇ ਇਕੋ ਰਾਤ 3 ਦੁਕਾਨਾਂ 'ਤੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਕੇ ਪੁਲਸ ਦੇ ਸੁਰੱਖਿਆ ਪ੍ਰਬੰਧਾਂ ਦੀ ਪੋਲ ਖੋਲ੍ਹ ਦਿੱਤੀ। ਹਾਲਾਂਕਿ ਦੋ ਹੀ ਦੁਕਾਨਾਂ ਵਿਚ ਸੰਨ੍ਹ ਲਾ ਕੇ ਚੋਰ ਨਕਦੀ ਲਿਜਾ ਸਕੇ। ਤੀਸਰੀ ਦੁਕਾਨ ਵਿਚ ਸੰਨ੍ਹ ਲਾਉਣ ਦੇ ਬਾਵਜੂਦ ਚੋਰਾਂ ਦੇ ਹੱਥ ਖਾਲੀ ਹੀ ਰਹੇ।
ਜਾਣਕਾਰੀ ਅਨੁਸਾਰ ਚੋਰਾਂ ਨੇ ਪਹਿਲਾਂ ਵਾਈਨ ਸ਼ਾਪ ਦੇ ਤਾਲੇ ਤੋੜ ਕੇ ਅੰਦਰ ਰੱਖੀ 2755 ਰੁਪਏ ਦੀ ਨਕਦੀ ਉਡਾਈ। ਇਸ ਦੇ ਬਾਅਦ ਵਾਈਨ ਸ਼ਾਪ ਨਾਲ ਲਗਦੇ ਅਹਾਤੇ ਦਾ ਸ਼ਟਰ ਤੋੜ ਕੇ ਚੋਰ ਅੰਦਰ ਵੜੇ ਪਰ ਉਥੇ ਇਕ ਧੇਲਾ ਵੀ ਹੱਥ ਨਹੀਂ ਲੱਗਾ। ਅੰਤ ਵਿਚ ਉਨ੍ਹਾਂ ਨੇ ਸੈਣੀ ਮੈਡੀਕਲ ਏਜੰਸੀ ਨੂੰ ਨਿਸ਼ਾਨਾ ਬਣਾਉਂਦੇ ਹੋਏ ਦੁਕਾਨ ਦਾ ਸ਼ਟਰ ਤੋੜਿਆ ਅਤੇ ਗੱਲੇ ਵਿਚ ਰੱਖੀ 800 ਰੁਪਏ ਦੀ ਨਕਦੀ ਚੋਰੀ ਕਰ ਲਈ।
ਪੀੜਤ ਦੁਕਾਨਦਾਰ ਸੁਦਰਸ਼ਨ ਸੈਣੀ ਅਤੇ ਕੁਲਦੀਪ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਇਸ ਰੋਡ 'ਤੇ ਸਥਿਤ ਦੁਕਾਨਾਂ ਨੂੰ ਚੋਰਾਂ ਵੱਲੋਂ ਵਾਰ-ਵਾਰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਇਸ ਦੇ ਬਾਵਜੂਦ ਪੁਲਸ ਵਿਭਾਗ ਇਸ ਮਾਰਗ 'ਤੇ ਪੀ. ਸੀ. ਆਰ. ਦੀ ਗਸ਼ਤ ਨਹੀਂ ਵਧਾ ਰਿਹਾ ਹੈ। ਇਸ ਨਾਲ ਚੋਰਾਂ ਦੇ ਹੌਸਲੇ ਬੁਲੰਦ ਹਨ।
ਚੋਰੀ ਦੀ ਸੂਚਨਾ ਮਿਲਣ 'ਤੇ ਡਵੀਜ਼ਨ ਨੰ. 2 ਦੇ ਥਾਣਾ ਮੁਖੀ ਰਵਿੰਦਰ ਸਿੰਘ ਰੂਬੀ ਪੁਲਸ ਪਾਰਟੀ ਦੇ ਨਾਲ ਪੁੱਜੇ ਅਤੇ ਸਥਿਤੀ ਦਾ ਜਾਇਜ਼ਾ ਲਿਆ। ਉਨ੍ਹਾਂ ਦਾਅਵਾ ਕੀਤਾ ਕਿ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਚੋਰਾਂ ਨੂੰ ਛੇਤੀ ਹੀ ਕਾਬੂ ਕਰ ਲਿਆ ਜਾਵੇਗਾ।
ਕਿਵੇਂ ਹੱਲ ਹੋਵੇਗਾ ਨਾਜਾਇਜ਼ ਪਾਰਕਿੰਗ ਦਾ ਮਸਲਾ?
NEXT STORY