ਲੁਧਿਆਣਾ (ਮੁਕੇਸ਼)-ਫੋਕਲ ਪੁਆਇੰਟ ਮੈਟਰੋ ਰੋਡ 'ਤੇ ਮੰਦਰ ਨੇੜੇ ਮਾਲ ਨਾਲ ਲੋਡ ਟਰੱਕ ਹਾਈਟੈਂਸ਼ਨ ਬਿਜਲੀ ਦੀਆਂ ਤਾਰਾਂ ਵਿਚ ਫਸ ਗਿਆ। ਟਰੱਕ ਦੇ ਬਿਜਲੀ ਦੀਆਂ ਤਾਰਾਂ ਵਿਚ ਫਸਦੇ ਸਾਰ ਹੀ ਜ਼ੋਰਦਾਰ ਧਮਾਕਾ ਹੋਇਆ ਤੇ ਬਿਜਲੀ ਦੀਆਂ ਤਾਰਾਂ ਵਿਚੋਂ ਅੱਗ ਦੇ ਚੰਗਿਆੜੇ ਨਿਕਲਣ ਲੱਗ ਪਏ।
ਟਰੱਕ ਨੂੰ ਅੱਗ ਨਾ ਲੱਗ ਜਾਣ 'ਤੇ ਵੀ ਚਾਲਕ ਉਸ ਨੂੰ ਤੇਜ਼ ਰਫਤਾਰ ਨਾਲ ਦੌੜਾਉਂਦਾ ਰਿਹਾ, ਜਿਸ ਕਾਰਨ ਬਿਜਲੀ ਦੇ 4-5 ਖੰਭੇ ਟੁੱਟ ਕੇ ਡਿੱਗ ਪਏ। ਧਮਾਕਿਆਂ ਦੀ ਆਵਾਜ਼ ਤੇ ਤਾਰਾਂ ਵਿਚੋਂ ਅਨਾਰ ਵਾਂਗ ਨਿਕਲਣ ਵਾਲੇ ਚੰਗਿਆੜਿਆਂ ਨੂੰ ਦੇਖ ਕੇ ਨਾਲ ਕੱਚੇ ਘਰਾਂ ਵਿਚ ਰਹਿ ਰਹੇ ਲੋਕ ਤੇ ਸੜਕ ਤੇ ਪਾਨ ਬੀੜੀ, ਸਿਗਰਟ ਵੇਚਣ ਵਾਲੇ ਦੁਕਾਨਦਾਰਾਂ ਵਿਚਕਾਰ ਹਫੜਾ-ਦਫੜੀ ਮਚ ਗਈ। ਲੋਕ ਡਰ ਦੇ ਮਾਰੇ ਆਪਣੇ ਘਰਾਂ ਤੋਂ ਬੱਚਿਆਂ ਨੂੰ ਲੈ ਕੇ ਸੁਰੱਖਿਅਤ ਸਥਾਨ ਵੱਲ ਦੌੜ ਪਏ। ਇਹੋ ਹਾਲ ਦੁਕਾਨਦਾਰਾਂ ਦਾ ਸੀ। ਕੁਝ ਦੇਰ ਮਗਰੋਂ ਚਾਰੇ ਪਾਸੇ ਹਨੇਰਾ ਹੋ ਗਿਆ। ਲੋਕਾਂ ਦੇ ਘਰਾਂ ਅੱਗੇ ਬਿਜਲੀ ਦੇ ਖੰਭੇ ਤਾਰਾਂ ਟੁੱਟੀਆਂ ਪਈਆਂ ਸੀ। ਧਮਾਕਿਆਂ ਤੋਂ ਬਾਅਦ ਬਿਜਲੀ ਬੰਦ ਹੋਣ ਨਾਲ ਵੱਡਾ ਹਾਦਸਾ ਵਾਪਰਨ ਤੋਂ ਟਲ ਗਿਆ। ਇਕ-ਦੋ ਬਿਜਲੀਘਰਾਂ ਦੇ ਫੀਡਰ ਬੰਦ ਹੋਣ ਨਾਲ ਸਾਰੀ ਰਾਤ ਇਲਾਕੇ ਦੀ ਬੱਤੀ ਗੁੱਲ ਰਹੀ। ਲੋਕਾਂ ਨੇ ਟਰੱਕ ਚਾਲਕ ਨੂੰ ਕਾਬੂ ਕਰ ਕੇ ਪੁਲਸ ਹਵਾਲੇ ਕਰ ਦਿੱਤਾ, ਜਿਸ ਦਾ ਕਹਿਣਾ ਸੀ ਕਿ ਟਰੱਕ ਬਿਜਲੀ ਦੀਆਂ ਤਾਰਾਂ ਵਿਚ ਫਸਣ ਨੂੰ ਲੈ ਕੇ ਕਿਧਰੇ ਅੱਗ ਨਾ ਲੱਗ ਜਾਵੇ ਜਾਂ ਟਰੱਕ ਕੱਚੀ ਜ਼ਮੀਨ ਵਿਚ ਧਸ ਨਾ ਜਾਵੇ ਉਸ ਨੇ ਟਰੱਕ ਦੌੜਾ ਲਿਆ। ਥਾਣਾ ਪੁਲਸ ਅਧਿਕਾਰੀ ਨੇ ਕਿਹਾ ਕਿ ਮਾਮਲੇ ਦੀ ਛਾਣਬੀਣ ਚੱਲ ਰਹੀ ਹੈ।
ਚੋਣਾਂ 'ਚ ਡੇਰਾ ਸੱਚਾ ਸੌਦਾ ਤੋਂ ਸਮਰਥਨ 'ਚ ਗੁਰੇਜ਼ ਨਹੀਂ, ਡੇਰੇ ਨੂੰ ਸਰਕਾਰੀ ਧਨ ਦੇਣਾ ਵੀ ਸਹੀ
NEXT STORY