ਕਨੇਟੀਕਟ/ਜਲੰਧਰ (ਚਾਵਲਾ/ਰਾਜ ਗੋਗਨਾ)) - ਸਿੱਖ ਸੇਵਕ ਸੁਸਾਇਟੀ ਇੰਟਰਨੈਸ਼ਨਲ ਅਮਰੀਕਾ ਜ਼ੋਨ ਦੇ ਪ੍ਰਧਾਨ ਸਵਰਨਜੀਤ ਸਿੰਘ ਖਾਲਸਾ ਮੈਂਬਰ ਕਮਿਸ਼ਨ ਆਫ਼ ਸਿਟੀ ਪਲਾਨ ਨੋਰਵਿਚ, ਸਪੋਕਸਮੈਨ ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਯੂ. ਐੱਸ. ਏ. ਕਾਂਗਰਸਮੈਨ ਜੋਏ ਕੋਰਟਨੀ ਨੇ ਲਿਖਤੀ ਬਿਆਨ ਜਾਰੀ ਕਰ ਕੇ ਜੂਨ 1984 ਤੇ ਨਵੰਬਰ 1984 ਦੌਰਾਨ ਸਰਕਾਰੀ ਕਤਲੇਆਮ ਦੀ ਨਿਖੇਧੀ ਕੀਤੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਕਨੇਟੀਕਟ ਵਿਚ ਆਪਣੇ ਨਿਵਾਸ ਸਥਾਨ ਵਿਖੇ ਦਿੱਲੀ ਸਿੱਖ ਕਤਲੇਆਮ ਵਿਚ ਮਾਰੇ ਗਏ ਬੇਗੁਨਾਹ ਸਿੱਖਾਂ ਨੂੰ ਸ਼ਰਧਾਂਜਲੀ ਦੇਣ ਲਈ ਸਮਾਗਮ ਕੀਤਾ। ਉਨ੍ਹਾਂ ਦੱਸਿਆ ਕਿ ਜੂਨ 1984 ਤੇ ਨਵੰਬਰ 1984 ਦੇ ਸਿੱਖ ਕਤਲੇਆਮ ਬਾਰੇ ਕਨੇਟੀਕਟ ਜਨਰਲ ਅਸੈਂਬਲੀ ਵਿਚ ਸ਼ੋਕ ਮਤਾ ਪਾਸ ਕੀਤਾ ਗਿਆ ਹੈ ਤੇ ਸਰਕਾਰ ਦੀ ਇਸ ਮਾਮਲੇ ਵਿਚ ਨਿਖੇਧੀ ਕੀਤੀ ਗਈ ਹੈ ਕਿ ਉਸ ਨੇ ਮਨੁੱਖੀ ਅਧਿਕਾਰਾਂ ਦਾ ਘਾਣ ਕੀਤਾ ਹੈ। ਉਨ੍ਹਾਂ ਕਿਹਾ ਕਿ ਸਿੱਖਾਂ ਨੂੰ ਇਸ ਸਬੰਧ ਵਿਚ ਭਾਰਤ ਸਰਕਾਰ ਵੱਲੋਂ ਇਨਸਾਫ਼ ਮਿਲਣਾ ਚਾਹੀਦਾ ਹੈ ਕਿਉਂਕਿ ਇਹ ਮਨੁੱਖੀ ਅਧਿਕਾਰਾਂ ਦਾ ਮਾਮਲਾ ਹੈ।
ਇਨ੍ਹਾਂ ਘਟਨਾਵਾਂ ਬਾਰੇ ਕੈਥੀ ਐਸਟਨ ਸਟੇਟ ਸਟੇਟਨਰ (ਜਨਰਲ ਅਸੈਂਬਲੀ ਮੈਂਬਰ) ਨੇ ਸਿਟੀ ਕੌਂਸਲ ਵੱਲੋਂ ਸਿੱਖਾਂ ਦੇ ਹੱਕ ਵਿਚ ਹਾਅ ਦਾ ਨਾਅਰਾ ਮਾਰਿਆ। ਕੈਥੀ ਆਸਟਨ ਆਇਰਸ਼ ਮੂਲ ਦੀ ਸ਼ਖਸੀਅਤ ਹਨ। ਸਿਟੀ ਆਫ ਨਾਰਵਿਚ ਦੇ ਮੇਅਰ ਦੇਬ ਹੈਂਚੀ ਨੇ ਵੀ ਇਸ ਸਮਾਗਮ ਦੌਰਾਨ ਸਿੱਖਾਂ ਦੇ ਹੱਕ ਵਿਚ ਆਵਾਜ਼ ਬੁਲੰਦ ਕੀਤੀ ਅਤੇ ਇਸ ਨੂੰ ਭਾਰਤ ਵਿਚ ਸਿੱਖਾਂ ਦੀ ਨਸਲਕੁਸ਼ੀ ਕਰਾਰ ਦਿੰਦੇ ਹੋਏ ਮਤਾ ਪਾਸ ਕਰਦੇ ਹੋਏ ਆਰਡੀਨੈਂਸ ਜਾਰੀ ਕੀਤਾ। ਇਸ ਦੌਰਾਨ ਸਵਰਨਜੀਤ ਸਿੰਘ ਖਾਲਸਾ ਨੇ ਕਿਹਾ ਕਿ ਪੰਥ ਦੇ ਸਹਿਯੋਗ ਨਾਲ ਉਨ੍ਹਾਂ ਨੇ ਮਨੁੱਖੀ ਅਧਿਕਾਰਾਂ ਦੇ ਹੱਕ ਵਿਚ ਤੇ ਨਸਲਵਾਦ ਦੇ ਵਿਰੋਧ ਵਿਚ ਲਹਿਰ ਸ਼ੁਰੂ ਕੀਤੀ ਹੈ।
ਇਸ ਮੌਕੇ ਹਿੰਮਤ ਸਿੰਘ ਕੋਆਰਡੀਨੇਟਰ ਸਿੱਖ ਕੋਆਰੀਡਨੇਸ਼ਨ ਕਮੇਟੀ ਈਸਟ ਕਾਸਟ, ਜੱਗੀ ਸਿੰਘ ਪੰਥਕ ਨੇਤਾ, ਦੁਆਬਾ ਸਿੱਖ ਐਸੋਸੀਏਸ਼ਨ ਬਰਜਿੰਦਰ ਸਿੰਘ, ਮਨਮੋਹਣ ਸਿੰਘ ਬਰਾੜਾ, ਮਨਿੰਦਰ ਸਿੰਘ ਅਰੋੜਾ, ਕੁਲਜੀਤ ਸਿੰਘ ਖਾਲਸਾ, ਜਸਪਾਲ ਸਿੰਘ ਪਾਲ, ਮੰਗਾ ਸਿੰਘ, ਵੀਰ ਸਿੰਘ ਮਾਂਗਟ ਨਾਰਵਾਕ, ਵੀਰ ਸਿੰਘ, ਰਜਿੰਦਰ ਸਿੰਘ ਨਿਊਯਾਰਕ (ਬਾਬਾ ਬੰਦਾ ਸਿੰਘ ਬਹਾਦਰ ਸੁਸਾਇਟੀ) ਤੇ ਗੁਰਨਿੰਦਰ ਸਿੰਘ ਧਾਲੀਵਾਲ ਆਦਿ ਸ਼ਾਮਲ ਸਨ।
ਕੈਪਟਨ ਸਰਕਾਰ ਪੰਜਾਬੀ ਭਾਸ਼ਾ ਦੇ ਵਿਕਾਸ ਲਈ ਗੰਭੀਰ ਨਹੀਂ : ਅਕਾਲੀ ਦਲ
NEXT STORY