ਗੁਰਦਾਸਪੁਰ/ਸ੍ਰੀਹਰਗੋਬਿੰਦਪੁਰ, ਘੁਮਾਣ, (ਵਿਨੋਦ/ਰਮੇਸ਼)-ਇਨਸਾਫ ਨਾ ਮਿਲਣ 'ਤੇ ਔਰਤ ਵੱਲੋਂ ਥਾਣਾ ਸ੍ਰੀ ਹਰਗੋਬਿੰਦਪੁਰ 'ਚ ਆਪਣੇ-ਆਪ ਨੂੰ ਅੱਗ ਲਾ ਕੇ ਆਤਮ-ਹੱਤਿਆ ਕਰਨ ਦੀ ਧਮਕੀ ਦਿੱਤੀ ਗਈ ਹੈ ।ਜਾਣਕਾਰੀ ਅਨੁਸਾਰ ਥਾਣਾ ਸ੍ਰੀ ਹਰਗੋਬਿੰਦਪੁਰ ਅੰਦਰ ਪੈਂਦੇ ਪਿੰਡ ਮਾੜੀ ਬੁੱਚੀਆਂ ਦੀ ਰਹਿਣ ਵਾਲੀ ਬਲਵਿੰਦਰ ਕੌਰ ਪਤਨੀ ਜਸਵਿੰਦਰ ਸਿੰਘ ਦੇ ਘਰ ਕੁਝ ਲੋਕਾਂ ਨੇ ਬਲਵਿੰਦਰ ਕੌਰ ਨੂੰ ਘਰ ਇਕੱਲੀ ਦੇਖ ਕੇ ਹਮਲਾ ਕਰ ਕੇ ਜ਼ਖਮੀ ਕਰ ਦਿੱਤਾ ਸੀ, ਜਿਸ ਉਪਰੰਤ ਗੁਆਂਢ ਦੇ ਕੁਝ ਵਿਅਕਤੀਆਂ ਵੱਲੋਂ ਪੀੜਤਾ ਨੂੰ ਸੀ. ਐੱਚ. ਸੀ. ਭਾਮ 'ਚ ਦਾਖ਼ਲ ਕਰਵਾਇਆ ਗਿਆ। ਪੀੜਤਾ ਨੇ ਕਿਹਾ ਕਿ ਉਸ ਨੇ ਥਾਣਾ ਸ੍ਰੀਹਰਗੋਬਿੰਦਪੁਰ 'ਚ ਇਤਲਾਹ ਵੀ ਦਿੱਤੀ ਸੀ ਪਰ ਉਸ ਦੀ ਕੋਈ ਸੁਣਵਾਈ ਨਹੀਂ ਹੋਈ ਅਤੇ ਦੂਸਰੀ ਧਿਰ ਵੱਲੋਂ ਜਾਅਲੀ ਪਰਚਾ ਬਣਾਇਆ ਗਿਆ ਹੈ। ਉਸ ਨੇ ਕਿਹਾ ਕਿ ਜੇਕਰ 24 ਘੰਟਿਆਂ ਅੰਦਰ ਉਸ ਦਾ ਪਰਚਾ ਦਰਜ ਨਾ ਹੋਇਆ ਅਤੇ ਦੋਸ਼ੀਆਂ ਨੂੰ ਗ੍ਰਿਫਤਾਰ ਨਾ ਕੀਤਾ ਗਿਆ ਤਾਂ ਉਹ ਥਾਣਾ ਸ੍ਰੀ ਹਰਗੋਬਿੰਦਪੁਰ ਵਿਚ ਆਪਣੇ ਆਪ ਨੂੰ ਅੱਗ ਲਾ ਕੇ ਆਤਮ-ਹੱਤਿਆ ਕਰ ਲਵੇਗੀ, ਜਿਸ ਦਾ ਜ਼ਿੰਮੇਵਾਰ ਪੁਲਸ ਪ੍ਰਸ਼ਾਸਨ ਅਤੇ ਉਸ ਦੇ ਗੁਆਂਢੀ ਸੰਦੀਪ ਸਿੰਘ ਪੁੱਤਰ ਕਮਲ ਸਿੰਘ ਅਤੇ ਉਸ ਦਾ ਭਰਾ ਅਤੇ ਉਸ ਦੀ ਮਾਤਾ ਤੇ ਪਤਨੀ ਹੋਣਗੇ ।
ਕੀ ਕਹਿੰਦੇ ਹਨ ਐੱਸ. ਐੱਚ. ਓ. ਕੁਲਦੀਪ ਸਿੰਘ ਇਸ ਸਬੰਧੀ ਸ੍ਰੀ ਹਰਗੋਬਿੰਦਪੁਰ ਪੁਲਸ ਸਟੇਸ਼ਨ ਇੰਚਾਰਜ ਕੁਲਦੀਪ ਸਿੰਘ ਨੇ ਕਿਹਾ ਕਿ ਉਕਤ ਔਰਤ ਬਲਵਿੰਦਰ ਕੌਰ ਦੇ ਬਿਆਨਾਂ 'ਤੇ ਸੰਦੀਪ ਸਿੰਘ, ਬਲਵਿੰਦਰ ਸਿੰਘ ਦੋਵੇਂ ਪੁੱਤਰ ਕਮਲ ਸਿੰਘ, ਮਹਿੰਦਰ ਕੌਰ ਪਤਨੀ ਕਮਲ ਸਿੰਘ, ਬਬਲੀ ਪਤਨੀ ਸੰਦੀਪ ਸਿੰਘ ਵਿਰੁੱਧ ਕੇਸ ਦਰਜ ਕਰ ਲਿਆ ਗਿਆ ਹੈ ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਬੱਚੀ ਨਾਲ ਜਬਰ-ਜ਼ਨਾਹ ਦੇ ਵਿਰੋਧ 'ਚ ਸੜਕਾਂ 'ਤੇ ਉਤਰੇ ਨੌਜਵਾਨ
NEXT STORY