ਭੁਲੱਥ (ਰਜਿੰਦਰ)- ਹਲਕਾ ਭੁਲੱਥ ਦੇ ਪਿੰਡ ਮਾਨਾਂਤਲਵੰਡੀ ਵਿਚ ਦਿਲ ਨੂੰ ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇਥੇ ਬੀਤੀ ਰਾਤ ਇਕ ਨੌਜਵਾਨ ਨੂੰ ਕੁਝ ਲੋਕਾਂ ਵੱਲੋਂ ਪੈਰਾਂ ਤੋਂ ਬੰਨ੍ਹ ਕੇ ਦਰੱਖ਼ਤ ਨਾਲ ਪੁੱਠਾ ਟੰਗ ਦਿੱਤਾ ਗਿਆ। ਉਕਤ ਨੌਜਵਾਨ ਇਸੇ ਪਿੰਡ ਦਾ ਹੀ ਵਸਨੀਕ ਹੈ। ਮੌਕੇ 'ਤੇ ਉਕਤ ਨੌਜਵਾਨ ਦੇ ਪਰਿਵਾਰਕ ਮੈਂਬਰ ਅਤੇ ਪਿੰਡ ਵਾਸੀ ਪਹੁੰਚੇ। ਜਿੱਥੇ ਮੌਕੇ ’ਤੇ ਪੁਲਸ ਨੂੰ ਬੁਲਾਇਆ ਗਿਆ ਅਤੇ ਪੁਲਸ ਨੇ ਉਕਤ ਨੌਜਵਾਨ ਨੂੰ ਦਰੱਖ਼ਤ ਤੋਂ ਉਤਾਰਿਆ ਅਤੇ ਪਰਿਵਾਰ ਹਵਾਲੇ ਕੀਤਾ। ਦਰੱਖ਼ਤ ਤੋਂ ਲਾਹੇ ਗਏ ਨੌਜਵਾਨ ਦੀ ਪਛਾਣ ਜਤਿੰਦਰਪਾਲ (23) ਪੁੱਤਰ ਬਚਨ ਸਿੰਘ ਵਾਸੀ ਮਾਨਾਂਤਲਵੰਡੀ ਹੈ, ਜੋ ਇਸ ਵੇਲੇ ਸਿਵਲ ਹਸਪਤਾਲ ਭੁਲੱਥ ਵਿਚ ਜ਼ੇਰੇ ਇਲਾਜ ਹੈ। ਨੌਜਵਾਨ ਦਾ ਕਹਿਣਾ ਹੈ ਕਿ ਉਹ ਨਸ਼ਾ ਛੁਡਾਊ ਕੇਂਦਰ ਵਿਚੋਂ ਦਵਾਈ ਖਾ ਰਿਹਾ ਹੈ ਅਤੇ ਉਸ ਕੋਲੋਂ ਦਵਾਈ ਖ਼ਤਮ ਹੋ ਗਈ ਸੀ ਅਤੇ ਉਹ ਰਾਤ ਦੇ ਕਰੀਬ 8-9 ਵਜੇ ਪਿੰਡ ਦੇ ਹੀ ਇਕ ਵਿਅਕਤੀ ਤੋਂ ਨਸ਼ਾ ਛੱਡਣ ਦੀ ਦਵਾਈ ਉਧਾਰੀ ਲੈਣ ਗਿਆ ਸੀ।
ਉਹ ਹਾਲੇ ਉਸ ਵਿਅਕਤੀ ਨਾਲ ਗੱਲ ਹੀ ਕਰ ਰਿਹਾ ਸੀ ਕਿ ਜਿੱਥੋਂ ਕੁਝ ਨੌਜਵਾਨ ਜਗਤਾਰ ਸਿੰਘ ਪੁੱਤਰ ਕਸ਼ਮੀਰ ਸਿੰਘ, ਹਰਪ੍ਰੀਤ ਸਿੰਘ ਪੁੱਤਰ ਅਰਜਨ ਸਿੰਘ, ਅਮਰਵੀਰ ਸਿੰਘ ਉਰਫ਼ ਸੋਨੂੰ ਬਾਬਾ ਪੁੱਤਰ ਬਲਦੇਵ ਸਿੰਘ, ਗੱਗਾ ਪੁੱਤਰ ਪੱਪੂ ਭਦਾਸੀਆਂ, ਸਾਬਾ ਪੁੱਤਰ ਅਮਰੀਕ ਸਿੰਘ ਉਸ ਨੂੰ ਘੜੀਸਦੇ ਅਤੇ ਕੁੱਟਮਾਰ ਕਰਦੇ ਹੋਏ ਪਿੰਡ ਦੇ ਬੱਸ ਅੱਡੇ 'ਤੇ ਲੈ ਗਏ। ਇਨ੍ਹਾਂ ਨੇ ਮੇਰੇ ਸਿਰ 'ਤੇ ਪਿਸਤੌਲ ਰੱਖ ਕੇ ਧਮਕੀ ਵੀ ਦਿੱਤੀ ਅਤੇ ਮੇਰੇ ਪੈਰਾਂ ਨੂੰ ਰੱਸੀ ਨਾਲ ਬੰਨ੍ਹ ਕੇ ਬੱਸ ਅੱਡੇ 'ਤੇ ਦਰੱਖ਼ਤ ਨਾਲ ਪੁੱਠਾ ਲਟਕਾ ਦਿੱਤਾ ਅਤੇ ਮੇਰੀ ਜਾਤੀ ਖ਼ਿਲਾਫ਼ ਵੀ ਬੋਲਿਆ। ਜਿਸ ਉਪਰੰਤ ਭੁਲੱਥ ਪੁਲਸ ਵੱਲੋਂ ਇਨ੍ਹਾਂ ਬਿਆਨਾਂ ਦੇ ਆਧਾਰ 'ਤੇ ਇਸ ਮਾਮਲੇ ਵਿਚ ਸ਼ਾਮਲ ਪੰਜ ਨੌਜਵਾਨਾਂ ਖ਼ਿਲਾਫ਼ ਐੱਸ. ਸੀ./ ਐੱਸ. ਟੀ. ਐਕਟ, 25-27-54-59 ਆਰਮਜ਼ ਐਕਟ ਅਤੇ ਧਾਰਾ 323, 342, 506, 148,149 ਆਈ. ਪੀ. ਸੀ. ਤਹਿਤ ਕੇਸ ਦਰਜ ਕੀਤਾ ਗਿਆ।
ਇਹ ਵੀ ਪੜ੍ਹੋ: ਮੁਕੇਰੀਆਂ: ਘਰ ਛੁੱਟੀ ਆ ਰਹੇ ਫ਼ੌਜੀ ਦੀ ਸ਼ੱਕੀ ਹਾਲਾਤ ’ਚ ਮੌਤ, ਪਰਿਵਾਰ 'ਚ ਮਚਿਆ ਚੀਕ-ਚਿਹਾੜਾ
ਦੂਜੀ ਧਿਰ ਨੇ ਲਾਇਆ ਚੋਰੀ ਦਾ ਦੋਸ਼
ਇਸ ਮਾਮਲੇ ਵਿਚ ਦੂਜੀ ਧਿਰ ਨੇ ਨੌਜਵਾਨ ਜਤਿੰਦਰਪਾਲ 'ਤੇ ਚੋਰੀ ਕਰਨ ਦੀ ਨੀਅਤ ਨਾਲ ਆਉਣ ਦਾ ਦੋਸ਼ ਲਗਾਇਆ ਹੈ। ਭੁਲੱਥ ਪੁਲਸ ਨੂੰ ਦਿੱਤੇ ਬਿਆਨਾਂ ਵਿਚ ਅਮਰਵੀਰ ਸਿੰਘ ਪੁੱਤਰ ਬਲਦੇਵ ਸਿੰਘ ਮਾਨਾ ਤਲਵੰਡੀ ਨੇ ਦੱਸਿਆ ਕਿ ਰਾਤ 9 ਤੋਂ 10 ਵਜੇ ਦੇ ਕਰੀਬ ਮੇਰੀ ਮਾਤਾ ਰੋਟੀ ਖਾ ਕੇ ਘਰ ਦੀ ਛੱਤ 'ਤੇ ਸੈਰ ਕਰ ਰਹੀ ਸੀ। ਜਿਸ ਨੇ ਜਤਿੰਦਰਪਾਲ ਨੂੰ ਮੇਰੇ ਤਾਏ ਕਰਨੈਲ ਸਿੰਘ ਦੇ ਘਰ ਦੇਖਿਆ ਜੋ ਕਿ ਹਜੂਰ ਸਾਹਿਬ ਗਏ ਹੋਏ ਹਨ ਅਤੇ ਘਰ ਨੂੰ ਤਾਲਾ ਲੱਗਾ ਹੋਇਆ ਹੈ।
ਜਿੱਥੇ ਜਤਿੰਦਰ ਪਾਲ ਚੋਰੀ ਕਰਨ ਦੀ ਨੀਅਤ ਨਾਲ ਆਇਆ ਹੋਇਆ ਸੀ, ਜਿਸ ਨੂੰ ਵੇਖ ਕੇ ਹੀ ਮੇਰੀ ਮਾਂ ਨੇ ਰੌਲਾ ਪਾਇਆ ਅਤੇ ਜਤਿੰਦਰਪਾਲ ਮੇਰੇ ਤਾਏ ਦੇ ਘਰ ਦੀਆਂ ਪੌੜੀਆਂ ਚੜ੍ਹ ਕੇ ਗੁਰਦੁਆਰਾ ਸਾਹਿਬ ਦੀ ਛੱਤ ਹੁੰਦਾ ਹੋਇਆ ਕੁਲਵੰਤ ਸਿੰਘ ਦੀ ਹਵੇਲੀ ਵਿਚ ਛਾਲ ਮਾਰ ਕੇ ਅੱਗੇ ਭੱਜਣ ਲੱਗਾ ਤਾਂ ਗਲੀ ਵਿਚ ਹਰਪ੍ਰੀਤ ਸਿੰਘ ਪੁੱਤਰ ਅਰਜਨ ਸਿੰਘ, ਜਗਤਾਰ ਸਿੰਘ ਪੁੱਤਰ ਕਸ਼ਮੀਰ ਸਿੰਘ, ਕਰਨਵੀਰ ਸਿੰਘ ਪੁੱਤਰ ਕੁੰਦਨ ਸਿੰਘ ਨੇ ਉਸ ਨੂੰ ਫੜ ਲਿਆ ਅਤੇ ਘਸੀਟ ਕੇ ਅੱਡੇ 'ਤੇ ਲੈ ਗਏ। ਜਿੱਥੇ ਪਿੰਡ ਵਾਸੀ ਵੀ ਇਕੱਠੇ ਹੋ ਗਏ। ਇਥੇ ਕੁਝ ਵਿਅਕਤੀਆਂ ਨੇ ਜਤਿੰਦਰਪਾਲ ਨੂੰ ਰੁੱਖ ਨਾਲ ਪੁੱਠਾ ਬੰਨ ਦਿੱਤਾ। ਜਦਕਿ ਉਕਤ ਨੌਜਵਾਨ ਨਸ਼ੇ ਦੀ ਹਾਲਤ ਵਿੱਚ ਸੀ ਅਤੇ ਧਮਕੀਆ ਦੇ ਰਿਹਾ ਸੀ। ਜਿਸ ਬਾਰੇ ਪੁਲਸ ਨੂੰ ਸੂਚਿਤ ਕੀਤਾ ਗਿਆ। ਇਨ੍ਹਾਂ ਬਿਆਨਾਂ ਦੇ ਆਧਾਰ ’ਤੇ ਭੁਲੱਥ ਪੁਲਸ ਵੱਲੋਂ ਜਤਿੰਦਰਪਾਲ ਖਿਲਾਫ਼ ਧਾਰਾ 457, 380 ਆਈ. ਪੀ. ਸੀ. ਤਹਿਤ ਕੇਸ ਦਰਜ ਕੀਤਾ ਗਿਆ।
ਇਹ ਵੀ ਪੜ੍ਹੋ: ਜਲੰਧਰ ਕੈਂਟ ’ਚ ਹਾਕੀ ਖਿਡਾਰੀ ਦੀ ਪਤਨੀ ਨੇ ਕੀਤੀ ਖ਼ੁਦਕੁਸ਼ੀ, ਫ਼ੈਲੀ ਸਨਸਨੀ
ਕੀ ਕਹਿਣੈ ਐੱਸ. ਐੱਚ. ਓ. ਦਾ
ਦੂਜੇ ਪਾਸੇ ਇਸ ਬੰਧੀ ਜਦੋਂ ਐੱਸ. ਐੱਚ. ਓ. ਭੁਲੱਥ ਸੋਨਮਦੀਪ ਕੌਰ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਦੱਸਿਆ ਕਿ ਜਿਸ ਨੌਜਵਾਨ ਜਤਿੰਦਰਪਾਲ ਨੂੰ ਦਰੱਖਤ ਨਾਲ ਲਟਕਾਇਆ ਹੋਇਆ ਸੀ, ਉਹ ਇਸ ਵੇਲੇ ਭੁਲੱਥ ਹਸਪਤਾਲ ਵਿਚ ਜ਼ੇਰੇ ਇਲਾਜ ਹੈ, ਇਸ ਦੇ ਮੁਕੱਦਮੇ ਵਿਚ ਸ਼ਾਮਲ ਸਾਰੇ ਮੁਲਜ਼ਮ ਫਰਾਰ ਹਨ, ਜਿਨ੍ਹਾਂ ਨੂੰ ਜਲਦ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਜਤਿੰਦਰਪਾਲ ਜਿੱਥੇ ਚੋਰੀ ਦੀ ਨੀਅਤ ਨਾਲ ਗਿਆ ਸੀ, ਉਸ ਘਰ ਨੇੜਿਓਂ ਗੁਰਦੁਆਰਾ ਸਾਹਿਬ ਦੀ ਛੱਤ ਤੋਂ ਪੁਲਸ ਨੇ ਇਕ ਗੀਜ਼ਰ, ਦੋ ਟੂਟੀਆਂ ਅਤੇ ਇਕ ਬੈਟਰੀ ਪੁਲਸ ਕਬਜ਼ੇ ਵਿਚ ਲਈ ਹੈ।
ਇਹ ਵੀ ਪੜ੍ਹੋ: ਅੰਮ੍ਰਿਤਸਰ ’ਚ ਵੱਡੀ ਵਾਰਦਾਤ, ਕੁਝ ਦਿਨ ਪਹਿਲਾਂ ਦੁਬਈ ਤੋਂ ਪਰਤੇ ਵਿਅਕਤੀ ਦਾ ਗੋਲ਼ੀਆਂ ਮਾਰ ਕੇ ਕਤਲ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਅਦਾਲਤੀ ਸੰਮਨ ਨੂੰ ਲੈ ਕੇ ਪੰਚਾਇਤ ਮੰਤਰੀ ਧਾਲੀਵਾਲ ’ਤੇ ਸੁਖਪਾਲ ਖਹਿਰਾ ਦਾ ਨਿਸ਼ਾਨਾ, ਕਹੀ ਇਹ ਗੱਲ
NEXT STORY