ਖਰੜ (ਰਣਬੀਰ) - ਥਾਣਾ ਸਿਟੀ ਪੁਲਸ ਨੇ ਸਥਾਨਕ ਗੁਰੂ ਤੇਗ ਬਹਾਦਰ ਨਗਰ ਦੇ ਇਕ ਘਰ ਅੰਦਰ ਚੋਰੀ ਦੀ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੇ ਦੋਸ਼ ਅਧੀਨ ਕੁਝ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਹੈ। ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਘਰ ਦੇ ਮਾਲਕ ਜਰਨੈਲ ਸਿੰਘ ਨੇ ਦੱਸਿਆ ਕਿ ਪਿਛਲੇ ਦਿਨੀਂ ਉਨ੍ਹਾਂ ਦੀ ਸੱਸ ਦਾ ਦਿਹਾਂਤ ਹੋਣ 'ਤੇ ਉਹ ਪੂਰੇ ਪਰਿਵਾਰ ਸਮੇਤ ਰੋਪੜ ਦੇ ਨਜ਼ਦੀਕ ਇਕ ਪਿੰਡ 'ਚ ਗਏ ਹੋਏ ਸਨ। ਤਿੰਨ ਦਿਨਾਂ ਬਾਅਦ ਜਦੋਂ ਉਹ ਵਾਪਿਸ ਆਏ ਤਾਂ ਘਰ ਦੇ ਤਾਲੇ ਟੁੱਟੇ ਮਿਲਣ 'ਤੇ ਕੁਝ ਸ਼ੱਕ ਹੋਇਆ ਤੇ ਜਦੋਂ ਅੰਦਰ ਜਾ ਕੇ ਦੇਖਿਆ ਤਾਂ ਸਾਰਾ ਸਾਮਾਨ ਇਧਰ-ਉਧਰ ਖਿੱਲਰਿਆ ਮਿਲਿਆ ਤੇ ਇਕ ਥਾਂ ਰੱਖੇ ਉਨ੍ਹਾਂ ਦੇ ਤੇ ਇਕ ਰਿਸ਼ਤੇਦਾਰ ਦੇ ਗਹਿਣੇ, ਜਿਨ੍ਹਾਂ ਦੀ ਕੀਮਤ 6-7 ਲੱਖ ਰੁਪਏ ਬਣਦੀ ਹੈ, ਤੋਂ ਇਲਾਵਾ 8 ਹਜ਼ਾਰ ਦੇ ਨਵੇਂ ਕੱਪੜੇ ਗਾਇਬ ਸਨ।
ਇਸ ਦੀ ਸੂਚਨਾ ਤੁਰੰਤ ਪੁਲਸ ਨੂੰ ਦਿੱਤੀ ਗਈ। ਸਿਟੀ ਪੁਲਸ ਨੇ ਇਸ ਸਬੰਧੀ ਮਾਮਲਾ ਦਰਜ ਕਰਦਿਆਂ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਤੋਂ ਇਲਾਵਾ ਸਥਾਨਕ ਸ਼ਿਵਾਲਿਕ ਸਿਟੀ ਅੰਦਰ ਵੀ ਚੋਰਾਂ ਨੇ ਪੂਰੀ ਦਹਿਸ਼ਤ ਬਣਾਈ ਹੋਈ ਹੈ ਤੇ ਉਥੇ ਚੋਰੀ ਦੀਆਂ 3 ਵਾਰਦਾਤਾਂ ਨੂੰ ਅਣਪਛਾਤੇ ਵਿਅਕਤੀਆਂ ਵਲੋਂ ਅੰਜਾਮ ਦੇਣ ਦੀ ਸੂਚਨਾ ਮਿਲੀ ਹੈ। ਪਹਿਲੀ ਘਟਨਾ ਕੋਠੀ ਨੰ. 1257 'ਚ ਵਾਪਰੀ, ਜਿਥੇ ਸੁਰਿੰਦਰ ਕੌਰ ਗਿੱਲ ਜੋ ਕਿ ਪੰਚਕੂਲਾ ਸਿਵਲ ਹਸਪਤਾਲ 'ਚ ਨਰਸਿੰਗ ਇੰਚਾਰਜ ਵਜੋਂ ਤਾਇਨਾਤ ਹੈ, ਨੇ ਦੱਸਿਆ ਕਿ ਰੋਜ਼ਾਨਾ ਦੀ ਤਰ੍ਹਾਂ ਉਹ ਘਰ ਦੇ ਮੇਨ ਗੇਟ ਨੂੰ ਤਾਲਾ ਲਾ ਕੇ ਰਾਤ ਦੀ ਡਿਊਟੀ ਲਈ ਹਸਪਤਾਲ ਗਈ ਸੀ ਪਰ ਸਵੇਰੇ ਆਕੇ ਵੇਖਿਆ ਤਾਂ ਘਰ ਦਾ ਸਾਰਾ ਸਾਮਾਨ ਖਿੱਲਰਿਆ ਪਿਆ ਸੀ।
ਕੁੱਤੇ ਨੂੰ ਕੁਝ ਸੁੰਘਾ ਕੇ ਦਿੱਤਾ ਵਾਰਦਾਤ ਨੂੰ ਅੰਜਾਮ : ਸੁਰਿੰਦਰ ਕੌਰ ਨੇ ਦੱਸਿਆ ਕਿ ਉਨ੍ਹਾਂ ਘਰ 'ਚ ਜਰਮਨ ਸ਼ੈਫਰਡ ਨਸਲ ਦਾ ਕੁੱਤਾ ਰੱਖਿਆ ਹੋਇਆ ਹੈ, ਜੋ ਹਮੇਸ਼ਾ ਘਰ ਦੇ ਅੰਦਰ ਮੇਨ ਗੇਟ ਵੱਲ ਰਹਿੰਦਾ ਹੈ। ਇਸ ਲਈ ਚੋਰਾਂ ਨੇ ਉਸਨੂੰ ਸ਼ਾਂਤ ਕਰਨ ਲਈ ਕੁਝ ਸੁੰਘਾ ਦਿੱਤਾ ਤੇ ਘਰ ਦੀ ਬਾਹਰਲੀ ਗਰਿੱਲ ਨੂੰ ਪੁੱਟ ਕੇ ਅੰਦਰ ਦਾਖਲ ਹੋ ਗਏ, ਜਿਥੋਂ ਇਕ ਅਲਮਾਰੀ 'ਚੋਂ ਡਾਇਮੰਡ ਰਿੰਗ, 3 ਡਾਇਮੰਡ ਟਾਪਸ, 6 ਵਿਦੇਸ਼ੀ ਘੜੀਆਂ, ਆਈ ਪੈਡ, 2 ਐੈੱਲ. ਈ. ਡੀ., 1 ਮੋਬਾਇਲ, ਕੱਪੜੇ ਤੇ ਇਥੋਂ ਤਕ ਕਿ ਗੈਸੀ ਚੁੱਲ੍ਹਾ ਤਕ ਚੋਰੀ ਕਰਕੇ ਲੈ ਗਏ।
ਸੁਰਿੰਦਰ ਕੌਰ ਨੇ ਦੱਸਿਆ ਕਿ ਇਸ ਵਾਰਦਾਤ ਕਾਰਨ ਉਨ੍ਹਾਂ ਨੂੰ 6-7 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ, ਜਿਸਦੀ ਸੂਚਨਾ ਪੁਲਸ ਨੂੰ ਦਿੱਤੀ ਗਈ। ਸਿਟੀ ਪੁਲਸ ਤੇ ਫਿੰਗਰ ਪ੍ਰਿੰਟ ਮਾਹਿਰਾਂ ਵਲੋਂ ਮੌਕੇ 'ਤੇ ਪੁੱਜ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ।
ਤੀਸਰੀ ਘਟਨਾ ਇਸਦੇ ਨੇੜੇ ਫਲੈਟ ਨੰ. 1264 'ਚ ਵਾਪਰੀ, ਜਿਸ ਦੇ ਮਾਲਕ ਕੁਝ ਸਮੇਂ ਲਈ ਵਿਦੇਸ਼ ਗਏ ਹੋਏ ਹਨ। ਚੋਰ ਘਰ ਦੀ ਗੁਰਿੱਲ ਪੁੱਟ ਕੇ ਅੰਦਰ ਦਾਖਲ ਹੋਏ ਤੇ ਵਾਰਦਾਤ ਨੂੰ ਅੰਜਾਮ ਦੇ ਕੇ ਫਰਾਰ ਹੋ ਗਏ। ਘਟਨਾ ਦਾ ਪਤਾ ਗੁਆਂਢੀਆਂ ਨੂੰ ਤੇ ਉਸ ਤੋਂ ਬਾਅਦ ਮਾਲਕਾਂ ਦੇ ਲੋਕਲ ਰਹਿ ਰਹੇ ਰਿਸ਼ਤੇਦਾਰਾਂ ਨੂੰ ਉਦੋਂ ਲੱਗਾ ਜਦੋਂ ਸਵੇਰੇ ਸਫਾਈ ਕਰਨ ਵਾਲੀ ਔਰਤ ਉਥੇ ਆਈ। ਚੋਰ ਇਥੋਂ ਨਕਦੀ ਤੇ ਗਹਿਣੇ ਚੋਰੀ ਕਰਕੇ ਲੈ ਗਏ, ਅਸਲ ਨੁਕਸਾਨ ਦਾ ਪਤਾ ਘਰ ਦੇ ਮਾਲਕਾਂ ਦੇ ਵਾਪਿਸ ਆਉਣ 'ਤੇ ਹੀ ਲੱਗ ਸਕੇਗਾ।
ਚੌਥੀ ਵਾਰਦਾਤ ਫਲੈਟ ਨੰਬਰ-1210 'ਚ ਵਾਪਰੀ। ਫਲੈਟ ਦੇ ਮਾਲਕ ਸ਼ਿੰਗਾਰਾ ਸਿੰਘ ਨੇ ਦੱਸਿਆ ਕਿ ਉਹ ਕੁਝ ਦਿਨਾਂ ਲਈ ਘਰੋਂ ਪਰਿਵਾਰ ਸਮੇਤ ਬਾਹਰ ਸੀ ਤਾਂ ਪਿੱਛੋਂ ਚੋਰਾਂ ਨੇ ਫਲੈਟ ਦੇ ਤਾਲੇ ਤੋੜ ਕੇ ਅੰਦਰੋਂ 20 ਹਜ਼ਾਰ ਦੀ ਨਕਦੀ, ਇਕ ਐੈੱਲ. ਈ. ਡੀ., ਟੂਟੀਆਂ ਤੇ ਬ੍ਰਾਂਡਿਡ ਕੱਪੜੇ ਚੋਰੀ ਕਰ ਲਏ। ਇਸ ਸਬੰਧੀ ਪੁਲਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ।
ਬਾਦਲਾਂ ਨੇ ਡੁੱਬਿਆ ਹੋਇਆ ਜਹਾਜ਼ ਪੰਜਾਬ ਨੂੰ ਦਿੱਤਾ, ਖਹਿਰਾ ਸਸਤੀ ਲੋਕਪ੍ਰਿਯਤਾ ਦੇ ਭੁੱਖੇ : ਕਾਂਗਰਸ
NEXT STORY