ਅੰਮ੍ਰਿਤਸਰ (ਜਸ਼ਨ)- ਆਖਰਕਾਰ 500 ਸਾਲਾਂ ਦੀ ਲੰਮੀ ਉਡੀਕ ਅੱਜ ਖ਼ਤਮ ਹੋਣ ਜਾ ਰਹੀ ਹੈ। ਇਹ ਇੰਤਜ਼ਾਰ ਸਿਰਫ਼ ਕਿਸੇ ਵਿਸ਼ੇਸ਼ ਭਾਈਚਾਰੇ ਲਈ ਨਹੀਂ ਸਗੋਂ ਲਗਭਗ ਹਰ ਧਰਮ ਨਾਲ ਸਬੰਧਤ ਲੋਕਾਂ ਲਈ ਸੀ। ਅੱਜ 500 ਸਾਲ ਬਾਅਦ ਅਯੁੱਧਿਆ ’ਚ ਭਗਵਾਨ ਸ਼੍ਰੀ ਰਾਮ ਦਾ ਮੰਦਰ ਸਾਰਿਆਂ ਦੇ ਦਰਸ਼ਨਾਂ ਲਈ ਖੁੱਲ੍ਹ ਜਾਵੇਗਾ। ਬਹੁਤ ਸਾਰੇ ਲੋਕ ਆਪਣੇ ਆਪ ਨੂੰ ਬਹੁਤ ਖੁਸ਼ਕਿਸਮਤ ਸਮਝ ਰਹੇ ਹਨ ਕਿ ਉਨ੍ਹਾਂ ਦੇ ਜੀਵਨ ਕਾਲ ਵਿਚ ਅਯੁੱਧਿਆ ਵਿਚ ਦੁਬਾਰਾ ਭਗਵਾਨ ਸ਼੍ਰੀ ਰਾਮ ਦਾ ਮੰਦਰ ਬਣਨ ਜਾ ਰਿਹਾ ਹੈ। ਇਹ ਉਤਸ਼ਾਹ ਗੁਰੂ ਨਗਰੀ ਵਿਚ ਵਿਸ਼ੇਸ਼ ਤੌਰ ’ਤੇ ਦੇਖਣ ਨੂੰ ਮਿਲਿਆ। ਅੱਜ ਮੰਦਿਰ ਦੇ ਉਦਘਾਟਨੀ ਸਮਾਗਮ ਲਈ ਗੁਰੂ ਨਗਰੀ ਪੂਰੀ ਤਰ੍ਹਾਂ ਭਗਵਾਨ ਸ਼੍ਰੀ ਰਾਮ ਦੇ ਰੰਗਾਂ ਵਿਚ ਰੰਗੀ ਹੋਈ ਹੈ। ਭਗਵਾਨ ਸ਼੍ਰੀ ਰਾਮ ਜੀ ਦੇ ਪ੍ਰਾਣ-ਪ੍ਰਤਿਸ਼ਠਾ ਸਮਾਗਮ ਨੂੰ ਲੈ ਕੇ ਐਤਵਾਰ ਨੂੰ ਦਿਨ ਭਰ ਕਈ ਧਾਰਮਿਕ ਪ੍ਰੋਗਰਾਮ ਕਰਵਾਏ ਗਏ।
ਸਾਲ ਵਿਚ ਦੂਜੀ ਵਾਰ ਮਨਾਈ ਜਾਵੇਗੀ ਦੀਵਾਲੀ
ਜੇਕਰ ਪਿਛਲੇ 500 ਸਾਲਾਂ ਦੀ ਗੱਲ ਕਰੀਏ ਤਾਂ ਹਰ ਸਾਲ ਇਕ ਵਾਰ ਦੀਵਾਲੀ ਮਨਾਈ ਜਾਂਦੀ ਹੈ ਪਰ ਇਸ ਵਾਰ ਦੇਸ਼-ਵਿਦੇਸ਼ ਵਿਚ ਦੀਵਾਲੀ ਦੂਜੀ ਵਾਰ 22 ਜਨਵਰੀ ਨੂੰ ਮਨਾਈ ਜਾਵੇਗੀ। ਪਹਿਲਾਂ ਲੋਕ ਦੀਵਾਲੀ ’ਤੇ ਘਰਾਂ ’ਚ ਦੀਵੇ ਜਗਾ ਕੇ ਦੇਵੀ ਲਕਸ਼ਮੀ ਜੀ ਦੀ ਪੂਜਾ ਕਰਦੇ ਸਨ ਪਰ ਇਸ ਵਾਰ 22 ਜਨਵਰੀ ਨੂੰ ਲੋਕ ਦੀਵਾਲੀ ਵਰਗੇ ਮਾਹੌਲ ’ਚ ਘਰਾਂ ਦੇ ਅੰਦਰ ਅਤੇ ਬਾਹਰ ਦੀਵੇ ਜਗਾ ਕੇ ਭਗਵਾਨ ਸ਼੍ਰੀ ਰਾਮ ਲੱਲਾ ਜੀ ਦਾ ਸਵਾਗਤ ਕਰਨਗੇ। ਪੂਰੇ ਸ਼ਹਿਰ ਦੇ ਲੋਕਾਂ ਵਿਚ ਇਸ ਪ੍ਰਤੀ ਵੱਖਰਾ ਹੀ ਉਤਸ਼ਾਹ ਹੈ।
ਇਹ ਵੀ ਪੜ੍ਹੋ : ਪ੍ਰਤਾਪ ਬਾਜਵਾ ਨੇ ਕੇਂਦਰ ਸਰਕਾਰ 'ਤੇ ਵਿੰਨ੍ਹਿਆ ਨਿਸ਼ਾਨਾ, ਕਿਹਾ- ਪੰਜਾਬ ਦੀ ਤਰੱਕੀ ਰੋਕਣ ਲਈ ਬੰਦ ਕੀਤੀ ਅਟਾਰੀ ਸਰਹੱਦ
ਸ਼ਹਿਰ ਦੇ ਮੰਦਿਰਾਂ ਨੂੰ ਸਜਾਇਆ
ਗੁਰੂ ਨਗਰੀ ਦਾ ਮਾਹੌਲ ਪਹਿਲਾਂ ਹੀ ਧਾਰਮਿਕ ਹੈ ਪਰ ਭਗਵਾਨ ਸ਼੍ਰੀ ਰਾਮ ਦੇ ਮੰਦਰ ਦੀ ਉਸਾਰੀ ਕਾਰਨ ਲੋਕਾਂ ਵਿਚ ਭਗਵਾਨ ਸ਼੍ਰੀ ਰਾਮ ਦੀ ਸ਼ਰਧਾ ਵਧਦੀ ਜਾ ਰਹੀ ਹੈ। ਕੜਾਕੇ ਦੀ ਠੰਢ ਦੇ ਬਾਵਜੂਦ ਲੋਕ ਮੰਦਿਰ ਦੇ ਉਦਘਾਟਨ ਸਮਾਰੋਹ ਲਈ ਪੂਰੀ ਤਰ੍ਹਾਂ ਤਿਆਰ ਹਨ। ਗੁਰੂ ਨਗਰੀ ਵਿਚ ਸੋਮਵਾਰ ਤੜਕੇ ਤੋਂ ਹੀ ਧਾਰਮਿਕ ਪ੍ਰੋਗਰਾਮ ਕਰਵਾਏ ਜਾਣਗੇ, ਜੋ ਦੇਰ ਸ਼ਾਮ ਤੱਕ ਜਾਰੀ ਰਹਿਣਗੇ। ਸਭ ਤੋਂ ਵੱਡੀ ਖਿੱਚ ਦਾ ਕੇਂਦਰ ਇਸ ਸਾਲ ਦੂਜੀ ਵਾਰ ਦੀਵਾਲੀ ਮਨਾਉਣ ਵਰਗਾ ਹੋਵੇਗਾ, ਜਦੋਂ ਸ਼ਾਮ ਨੂੰ ਲੋਕ ਦੀਵਾਲੀ ਦੇ ਤਿਉਹਾਰ ਵਾਂਗ ਆਪਣੇ ਘਰਾਂ ਅਤੇ ਦੁਕਾਨਾਂ ਅੱਗੇ ਦੀਵੇ ਜਗਾ ਕੇ ਆਪਣੀ ਖੁਸ਼ੀ ਦਾ ਇਜ਼ਹਾਰ ਕਰਨਗੇ।
ਜੈ ਸ਼੍ਰੀ ਰਾਮ ਦੇ ਜੈਕਾਰਿਆਂ ਨਾਲ ਗੂੰਜ ਉੱਠੀ ਗੁਰੂ ਨਗਰੀ
ਐਤਵਾਰ ਨੂੰ ਸ਼ਹਿਰ ਦੇ ਕਈ ਮੰਦਿਰਾਂ ’ਚ ਸ਼ੋਭਾ ਯਾਤਰਾਵਾਂ ਸਜਾਈਆਂ ਗਈਆਂ। ਜਿੱਥੇ ਰਾਮ ਭਗਤ ਢੋਲ ਦੀ ਥਾਪ ’ਤੇ ਭਗਵਾਨ ਸ਼੍ਰੀ ਰਾਮ ਦੇ ਭਜਨ ਗਾਉਂਦੇ ਦੇਖੇ ਗਏ। ਸਭ ਤੋਂ ਵੱਧ ਉਤਸ਼ਾਹ ਔਰਤਾਂ ਅਤੇ ਬੱਚਿਆਂ ਵਿਚ ਦੇਖਿਆ ਗਿਆ। ਖਾਸ ਗੱਲ ਇਹ ਸੀ ਕਿ ਇਨ੍ਹਾਂ ਸ਼ੋਭਾ ਯਾਤਰਾਵਾਂ ਵਿਚ ਸਿੱਖ ਧਰਮ ਤੋਂ ਇਲਾਵਾ ਹੋਰ ਧਰਮਾਂ ਨਾਲ ਸਬੰਧਤ ਲੋਕਾਂ ਨੇ ਆਪਣੀ ਆਸਥਾ ਅਨੁਸਾਰ ਇਨ੍ਹਾਂ ਦਾ ਸਵਾਗਤ ਕੀਤਾ ਅਤੇ ਸ਼ੋਭਾ ਯਾਤਰਾ ਵਿਚ ਸ਼ਾਮਲ ਸੰਗਤਾਂ ਲਈ ਖਾਣ-ਪੀਣ ਦੇ ਲੰਗਰ ਲਗਾਏ ਗਏ।
ਇਹ ਵੀ ਪੜ੍ਹੋ : ਬਟਾਲਾ 'ਚ ਵੱਡੀ ਵਾਰਦਾਤ, 20 ਸਾਲਾ ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਕੀਤਾ ਕਤਲ
ਸ਼੍ਰੀ ਭੱਦਰਕਾਲੀ ਮੰਦਿਰ ’ਚ ਦੀਵੇ ਵੰਡਣ ਦਾ ਲਾਇਆ ਲੰਗਰ
ਇਕ ਪਾਸੇ ਜਿੱਥੇ ਕੜਾਕੇ ਦੀ ਠੰਢ ਵਿਚਕਾਰ ਕੱਢੀ ਜਾ ਰਹੀ ਸ਼ੋਭਾ ਯਾਤਰਾ ਦੇ ਸਵਾਗਤ ਲਈ ਲੋਕ ਸ਼ਰਧਾਲੂਆਂ ਨੂੰ ਖਾਣ-ਪੀਣ ਦਾ ਸਾਮਾਨ ਵੰਡ ਰਹੇ ਸਨ, ਉਥੇ ਹੀ ਦੂਜੇ ਪਾਸੇ ਅੱਜ ਸ਼੍ਰੀ ਰਾਮ ਲੱਲਾ ਦੇ ਸਵਾਗਤ ਲਈ ਕਈ ਰਾਮ ਭਗਤਾਂ ਨੇ ਦੇਰ ਸ਼ਾਮ ਸ਼ਹਿਰ ਵਿਚ ਦੀਵੇ ਜਗਾਉਣ ਲਈ ਲੰਗਰ ਵੀ ਲਗਾਏ। ਪ੍ਰਾਚੀਨ ਅਤੇ ਇਤਿਹਾਸਕ ਸ਼੍ਰੀ ਭੱਦਰਕਾਲੀ ਮਾਤਾ ਮੰਦਿਰ ਵਿਚ ਕੁਝ ਰਾਮ ਭਗਤਾਂ ਵੱਲੋਂ ਲੋਕਾਂ ਨੂੰ ਦੀਵੇ ਵਰਤਾਉਣ ਲਈ ਲੰਗਰ ਲਗਾਇਆ ਗਿਆ। ਦੀਵੇ ਵੰਡਣ ਵਾਲੇ ਰਾਮ ਭਗਤ ਕੈਲਾਸ਼ ਤੇ ਧੀਰਜ ਗਿੱਲ ਨੇ ਗੱਲਬਾਤ ਦੌਰਾਨ ਦੱਸਿਆ ਕਿ ਉਹ ਹੁਣ ਤੱਕ 1 ਲੱਖ 60 ਹਜ਼ਾਰ 108 ਦੀਵੇ ਵੰਡ ਚੁੱਕੇ ਹਨ। ਜਦਕਿ ਸਾਈ ਐਸੋਸੀਏਸ਼ਨ ਦੇ ਰਾਮ ਭਗਤਾਂ ਸੌਰਵ ਮਹਾਜਨ, ਅਨੁਜ, ਰਾਕੇਸ਼, ਸਾਹਿਲ ਖੰਨਾ, ਪੰਕਜ, ਵਿਵੇਕ, ਰਾਹੁਲ, ਮਨੀਸ਼, ਕਰਨ ਆਦਿ ਨੇ ਡੱਬਿਆਂ ਵਿਚ ਪੈਕ ਕਰ ਕੇ 5-5 ਦੀਵੇ, ਬੱਤੀ, ਦੇਸੀ ਘਿਓ ਦੇ ਪੈਕੇਟ, ਝੰਡੇ ਤੇ ਪ੍ਰਸ਼ਾਦ ਲੋਕਾਂ ਦੇ ਘਰਾਂ ਵਿਚ ਜਾ ਕੇ ਵੰਡਿਆ। ਇਸ ਦੌਰਾਨ ਰਾਮ ਭਗਤਾਂ ਵਲੋਂ ਦੇਰ ਸ਼ਾਮ ਨੂੰ ਗੁਰੂ ਨਗਰੀ ਵਿਚ ਆਤਿਸ਼ਬਾਜ਼ੀ ਵੀ ਹੋਵੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਅੱਜ ਦਾ ਦਿਨ ਇਤਿਹਾਸਕ: ‘ਮੁਖ ਪਰ ਰਾਮ, ਦਿਲ ਮੇਂ ਰਾਮ, ਹਰ ਪਾਸੇ ਗੂੰਜਿਆ ਜੈ ਸ਼੍ਰੀ ਰਾਮ’
NEXT STORY