ਜਲੰਧਰ (ਪ੍ਰੀਤ)— ਅੱਤਵਾਦ ਦਾ ਡਟ ਕੇ ਮੁਕਾਬਲਾ, ਕਰੀਬ 30 ਸਾਲ ਦੀ ਸਰਵਿਸ ਵਿਚ ਸੈਂਕੜੇ ਅਪਰਾਧੀਆਂ ਨੂੰ ਜੇਲ ਦੀਆਂ ਸੀਖਾਂ ਪਿੱਛੇ ਧੱਕਣ ਵਾਲੇ ਇੰਸ. ਇੰਦਰਜੀਤ ਸਿੰਘ ਕੋਲੋਂ ਨਾਜਾਇਜ਼ ਅਸਲਾ ਤੇ ਨਸ਼ੀਲੇ ਪਦਾਰਥਾਂ ਦੀ ਖੇਪ ਪ੍ਰਾਪਤ ਹੋਣ ਤੋਂ ਬਾਅਦ ਚਰਚਾ ਦਾ ਬਾਜ਼ਾਰ ਗਰਮ ਰਿਹਾ। ਪਿਛਲੇ ਕਈ ਸਾਲਾਂ ਤੋਂ ਪੰਜਾਬ ਪੁਲਸ ਦੇ 'ਹੀਰੋ' ਵਿਚ ਅੱਜ ਸਾਰਿਆਂ ਨੂੰ 'ਵਿਲੇਨ' ਨਜ਼ਰ ਆ ਰਿਹਾ ਸੀ।
ਇੰਦਰਜੀਤ ਸਿੰਘ ਪੰਜਾਬ ਪੁਲਸ ਵਿਚ ਸਾਲ 1985 ਵਿਚ ਬਤੌਰ ਸਿਪਾਹੀ ਭਰਤੀ ਹੋਇਆ। ਉਸ ਵੇਲੇ ਤੋਂ ਲੈ ਕੇ ਕੱਲ ਰਾਤ ਤੱਕ ਇੰਦਰਜੀਤ ਸਿੰਘ ਕਈ ਅਧਿਕਾਰੀਆਂ ਦਾ ਖਾਸ ਰਿਹਾ ਪਰ ਸੋਮਵਾਰ ਦਿਨ ਚੜ੍ਹਦਿਆਂ ਹੀ ਸਾਰਾ ਸੀਨ ਹੀ ਬਦਲ ਗਿਆ। 1991 ਵਿਚ ਪਿੰਡ ਬਘੇਲਾ ਵਿਚ ਹੋਏ ਅੱਤਵਾਦੀ ਮੁਕਾਬਲੇ ਦੌਰਾਨ ਬਹਾਦਰੀ ਦੇ ਕਾਰਨ ਅਚਾਨਕ ਚਰਚਾ ਵਿਚ ਆਏ ਇੰਦਰਜੀਤ ਸਿੰਘ ਨੂੰ ਬਹਾਦਰੀ ਲਈ ਰਾਸ਼ਟਰਪਤੀ ਮੈਡਲ ਵੀ ਦਿੱਤਾ ਗਿਆ।
ਸੂਤਰਾਂ ਨੇ ਦੱਸਿਆ ਕਿ ਇੰਸ. ਇੰਦਰਜੀਤ ਸਿੰਘ ਨੇ ਤਰਨਤਾਰਨ ਵਿਚ ਤਾਇਨਾਤੀ ਦੌਰਾਨ ਬਾਰਡਰ ਪਾਰ ਤੋਂ ਦਰਜਨਾਂ ਕਿਲੋ ਹੈਰੋਇਨ ਬਰਾਮਦ ਕੀਤੀ ਤੇ ਸਮੱਗਲਰਾਂ ਤੇ ਆਰਮੀ ਦੇ ਕਰਮਚਾਰੀਆਂ ਦੇ ਨੈੱਟਵਰਕ ਦਾ ਪਰਦਾਫਾਸ਼ ਕੀਤਾ। ਸੁੱਖਾ ਕਾਹਲਵਾਂ, ਭਿੰਦਾ ਸ਼ਾਦੀਪੁਰੀਆ, ਰੂਬੀ ਜਿਹੇ ਕਈ ਗੈਂਗਸਟਰਾਂ, ਸਮੱਗਲਰਾਂ ਨੂੰ ਫੜ ਕੇ ਹਰੇਕ ਪ੍ਰੈੱਸ ਕਾਨਫਰੰਸ ਵਿਚ ਪੁਲਸ ਅਧਿਕਾਰੀਆਂ ਦਾ 'ਹੀਰੋ' ਅੱਜ ਸਾਰਿਆਂ ਦਾ 'ਵਿਲੇਨ' ਬਣ ਗਿਆ। ਚਰਚਾ ਸੁਣਨ ਵਿਚ ਆਈ ਹੈ ਕਿ ਇੰਦਰਜੀਤ ਸਿੰਘ ਦੇ ਸਰਕਾਰੀ ਕੁਆਰਟਰ ਵਿਚੋਂ ਬਰਾਮਦ ਹੋਈ ਕਰੋੜਾਂ ਦੀ ਹੈਰੋਇਨ ਤੇ ਸਮੈਕ ਦੇ ਬਾਰੇ ਕੁਝ ਅਧਿਕਾਰੀਆਂ ਨੂੰ ਜਾਣਕਾਰੀ ਸੀ ਪਰ ਇਸ ਵਿਚ ਕਿੰਨੀ ਸੱਚਾਈ ਹੈ, ਇਸ ਬਾਰੇ ਐੱਸ. ਟੀ. ਐੱਫ. ਦੀ ਜਾਂਚ ਤੋਂ ਬਾਅਦ ਹੀ ਖੁਲਾਸਾ ਹੋਵੇਗਾ।
ਸਮੱਗਲਰ ਪ੍ਰਿੰਸ ਦੇ ਨਾਲ ਹਨ ਡੂੰਘੇ ਸੰਬੰਧ
ਸੂਤਰਾਂ ਨੇ ਦੱਸਿਆ ਕਿ ਕਰੀਬ ਦੋ ਸਾਲ ਪਹਿਲਾਂ ਪੁਲਸ ਟੀਮ ਨੇ ਜਲੰਧਰ ਦੇ ਆਦਰਸ਼ ਨਗਰ ਵਾਸੀ ਸਮੱਗਲਰ ਪ੍ਰਿੰਸ ਨੂੰ ਗ੍ਰਿਫਤਾਰ ਕੀਤਾ ਸੀ। ਪ੍ਰਿੰਸ ਦੀ ਗ੍ਰਿਫਤਾਰੀ ਤੋਂ ਖੁਲਾਸਾ ਹੋਇਆ ਕਿ ਉਸ ਦੇ ਇੰਸ. ਇੰਦਰਜੀਤ ਸਿੰਘ ਨਾਲ ਕਾਫੀ ਡੂੰਘੇ ਸੰਬੰਧ ਸਨ। ਸੂਤਰਾਂ ਨੇ ਦੱਸਿਆ ਕਿ ਪ੍ਰਿੰਸ ਨੇ ਪੁਲਸ ਨੂੰ ਦੱਸਿਆ ਕਿ ਉਹ ਆਪਣੇ ਵਿਰੋਧੀ ਸਮੱਗਲਰਾਂ ਨੂੰ ਇੰਸ. ਇੰਦਰਜੀਤ ਸਿੰਘ ਕੋਲੋਂ ਫੜਵਾ ਦਿੰਦਾ ਤੇ ਖੁਦ ਧੜੱਲੇ ਨਾਲ ਸਮੱਗਲਿੰਗ ਕਰਦਾ। ਸੂਤਰਾਂ ਨੇ ਦੱਸਿਆ ਕਿ ਪੁਛਗਿੱਛ ਵਿਚ ਸਾਹਮਣੇ ਆਏ ਤੱਥਾਂ ਦੀ ਡੂੰਘਾਈ ਨਾਲ ਛਾਣਬੀਣ ਹੋਈ ਤਾਂ ਤਰਨਤਾਰਨ ਦੇ ਸਰਹਾਲੀ ਥਾਣੇ ਵਿਚ ਸਮੱਗਲਰਾਂ ਨੂੰ ਬਰੀ ਕਰਵਾਉਣ ਦਾ ਮਾਮਲਾ ਸਾਹਮਣੇ ਆ ਗਿਆ, ਜਿਸ ਕਾਰਨ ਐੱਸ. ਟੀ. ਐੱਫ. ਨੇ ਜਾਂਚ ਤੇਜ਼ ਕੀਤੀ ਤੇ ਫਿਰ ਅਸਲਾ, ਨਸ਼ੀਲੇ ਪਦਾਰਥਾਂ ਦੀ ਖੇਪ ਬਰਾਮਦ ਹੋਈ।
ਸਾਥੀ ਕਰਮਚਾਰੀਆਂ 'ਚ ਵੀ ਐੱਸ. ਟੀ. ਐੱਫ. ਦਾ ਡਰ
ਇੰਸ. ਇੰਦਰਜੀਤ ਸਿੰਘ ਦੀ ਗ੍ਰਿਫਤਾਰੀ ਤੋਂ ਬਾਅਦ ਹੁਣ ਉਨ੍ਹਾਂ ਦੇ ਨਾਲ ਜੁੜੇ ਕਰਮਚਾਰੀਆਂ ਵਿਚ ਵੀ ਡਰ ਪਾਇਆ ਜਾ ਰਿਹਾ ਹੈ। ਚਰਚਾ ਰਹੀ ਹੈ ਕਿ ਐੱਸ. ਟੀ. ਐੱਫ. ਨੇ ਉਨ੍ਹਾਂ ਦੇ ਕਰੀਬੀ ਰਹੇ ਕਰਮਚਾਰੀਆਂ ਨੂੰ ਹਿਰਾਸਤ ਵਿਚ ਲਿਆ ਹੈ ਪਰ ਇਸ ਦੀ ਅਧਿਕਾਰਤ ਤੌਰ 'ਤੇ ਪੁਸ਼ਟੀ ਨਹੀਂ ਹੋਈ। ਸੂਤਰਾਂ ਨੇ ਦੱਸਿਆ ਕਿ ਐੱਸ. ਟੀ. ਐੱਫ. ਜਾਂਚ ਵਿਚ ਉਕਤ ਕਰਮਚਾਰੀਆਂ ਨੂੰ ਵੀ ਸ਼ਾਮਲ ਕਰ ਸਕਦੀ ਹੈ।
ਚਿੱਟ ਕਪੜੀਏ ਦੀ ਕਾਲੀ ਕਰਤੂਤ, ਜੈਂਟਲਮੈਨ ਬਣ ਮਾਰੀ ਠੱਗੀ (ਵੀਡੀਓ)
NEXT STORY