ਅੰਮ੍ਰਿਤਸਰ (ਨੀਰਜ) - ਕਦੇ ਪਾਕਿਸਤਾਨ ਦੇ ਫੁਮੀਗੇਸ਼ਨ ਵਿਭਾਗ ਦੀ ਗੁੰਡਾਗਰਦੀ ਤੇ ਕਦੇ ਲੇਬਰ ਦੀ ਧੱਕੇਸ਼ਾਹੀ ਤੇ ਕਦੇ ਮੀਂਹ 'ਚ ਸੀਮੈਂਟ ਅਤੇ ਜਿਪਸਮ ਖ਼ਰਾਬ ਹੋਣ ਵਰਗੇ ਹਾਲਾਤ ਝੱਲ ਰਹੇ ਆਈ. ਸੀ. ਪੀ. ਅਟਾਰੀ (ਇੰਟੈਗ੍ਰੇਟਿਡ ਚੈੱਕ ਪੋਸਟ) ਜ਼ਰੀਏ ਪਾਕਿਸਤਾਨ ਨਾਲ ਆਯਾਤ-ਨਿਰਯਾਤ ਕਰਨ ਵਾਲੇ ਵਪਾਰੀਆਂ ਨੂੰ ਹੁਣ ਸੀ. ਡਬਲਿਊ. ਸੀ. ਦੀ ਧੱਕੇਸ਼ਾਹੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸੀ. ਡਬਲਿਊ. ਸੀ. ਨੇ ਆਪਣੇ ਹੈਂਡਲਿੰਗ ਚਾਰਜਿਜ਼ ਵਿਚ ਇਕਦਮ 30 ਫ਼ੀਸਦੀ ਤੱਕ ਦਾ ਵਾਧਾ ਕਰ ਦਿੱਤਾ ਹੈ ਅਤੇ ਇਸ ਲਈ ਵਪਾਰੀਆਂ ਤੋਂ ਕਿਸੇ ਤਰ੍ਹਾਂ ਦੀ ਸਲਾਹ ਜਾਂ ਚਰਚਾ ਵੀ ਨਹੀਂ ਕੀਤੀ ਗਈ। ਇਕਦਮ ਸਿੱਧਾ 30 ਫ਼ੀਸਦੀ ਹੈਂਡਲਿੰਗ ਚਾਰਜ ਵਧਾਉਣ ਨਾਲ ਵਪਾਰੀਆਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਅਤੇ ਉਨ੍ਹਾਂ ਨੇ ਆਈ. ਸੀ. ਪੀ. ਅਟਾਰੀ 'ਤੇ ਪਾਕਿਸਤਾਨ ਨਾਲ ਆਯਾਤ-ਨਿਰਯਾਤ ਬੰਦ ਕਰਨ ਦਾ ਐਲਾਨ ਕਰ ਦਿੱਤਾ ਹੈ।
ਜਾਣਕਾਰੀ ਅਨੁਸਾਰ ਵਪਾਰੀਆਂ ਨੇ ਸੀ. ਡਬਲਿਊ. ਸੀ. ਦੇ ਅਧਿਕਾਰੀਆਂ ਨੂੰ 2 ਦਿਨ ਦਾ ਅਲਟੀਮੇਟਮ ਦਿੱਤਾ ਤੇ ਚਿਤਾਵਨੀ ਦਿੱਤੀ ਹੈ ਕਿ ਜੇਕਰ 2 ਦਿਨਾਂ 'ਚ ਸੀ. ਡਬਲਿਊ. ਸੀ. ਨੇ ਵਧਾਏ ਹੋਏ 30 ਫ਼ੀਸਦੀ ਹੈਂਡਲਿੰਗ ਚਾਰਜਿਸ ਨੂੰ ਵਾਪਸ ਨਾ ਲਿਆ ਤਾਂ ਆਈ. ਸੀ. ਪੀ. 'ਤੇ ਕੰਮ-ਕਾਜ ਬੰਦ ਕਰ ਦਿੱਤਾ ਜਾਵੇਗਾ, ਪਾਕਿਸਤਾਨ ਤੋਂ ਨਾ ਤਾਂ ਕੁਝ ਆਯਾਤ ਕੀਤਾ ਜਾਵੇਗਾ ਤੇ ਨਾ ਹੀ ਕਿਸੇ ਤਰ੍ਹਾਂ ਦਾ ਨਿਰਯਾਤ ਕੀਤਾ ਜਾਵੇਗਾ, ਜਿਸ ਦੀ ਸਾਰੀ ਜ਼ਿੰਮੇਵਾਰੀ ਸੀ. ਡਬਲਿਊ. ਸੀ. ਦੇ ਮੈਨੇਜਰ ਅਤੇ ਹੋਰ ਅਧਿਕਾਰੀਆਂ ਦੀ ਹੋਵੇਗੀ। ਦਿ ਫੈੱਡਰੇਸ਼ਨ ਆਫ ਕਰਿਆਨਾ ਐਂਡ ਡਰਾਈ ਫਰੂਟ ਕਮਰਸ਼ੀਅਲ ਐਸੋਸੀਏਸ਼ਨ ਦੇ ਪ੍ਰਧਾਨ ਅਨਿਲ ਮਹਿਰਾ, ਇੰਡੋ-ਫੋਰੇਨ ਚੈਂਬਰ ਆਫ ਕਾਮਰਸ ਦੇ ਪ੍ਰਧਾਨ ਬੀ. ਕੇ. ਬਜਾਜ, ਜਿਪਸਮ ਦੇ ਮੁੱਖ ਆਯਾਤਕ ਸਾਜਨ ਬੇਦੀ ਅਤੇ ਪਾਕਿਸਤਾਨੀ ਸੀਮੈਂਟ ਆਯਾਤਕਾਂ ਨੇ ਕਿਹਾ ਕਿ ਇਕਦਮ 30 ਫ਼ੀਸਦੀ ਵਾਧਾ ਕਰ ਦੇਣਾ ਸੀ. ਡਬਲਿਊ. ਸੀ. ਦੀ ਗੁੰਡਾਗਰਦੀ ਦਾ ਇਕ ਜਿਊਂਦਾ-ਜਾਗਦਾ ਸਬੂਤ ਹੈ। ਆਖਿਰ ਇਕਦਮ ਇਕ ਇੰਟਰਨੈਸ਼ਨਲ ਪੋਰਟ 'ਤੇ ਸੀ. ਡਬਲਿਊ. ਸੀ. ਵਪਾਰੀਆਂ ਤੋਂ ਪੁੱਛੇ ਬਿਨਾਂ ਅਜਿਹਾ ਕਿਵੇਂ ਕਰ ਸਕਦੀ ਹੈ। ਘੱਟ ਤੋਂ ਘੱਟ ਅਜਿਹਾ ਫੈਸਲਾ ਲੈਣ ਤੋਂ ਪਹਿਲਾਂ ਇਕ ਵਾਰ ਵਪਾਰੀਆਂ ਨਾਲ ਬੈਠਕ ਤਾਂ ਕੀਤੀ ਹੀ ਜਾ ਸਕਦੀ ਹੈ ਪਰ ਅਧਿਕਾਰੀ ਨਾਦਰਸ਼ਾਹੀ ਫਰਮਾਨ ਜਾਰੀ ਕਰਨ 'ਤੇ ਤੁਲੇ ਹੋਏ ਹਨ ਅਤੇ ਕਾਰੋਬਾਰ ਨੂੰ ਖਤਮ ਕਰਨ ਦੀ ਸਾਜ਼ਿਸ਼ ਕੀਤੀ ਜਾ ਰਹੀ ਹੈ।
ਕਈ ਵਾਰ ਖ਼ਰਾਬ ਹੋਇਆ ਲੱਖਾਂ ਦਾ ਪਾਕਿਸਤਾਨੀ ਸੀਮੈਂਟ ਤੇ ਜਿਪਸਮ
ਆਈ. ਸੀ. ਪੀ. 'ਤੇ ਸੀ. ਡਬਲਿਊ. ਸੀ. ਵੱਲੋਂ ਇਕਦਮ ਇੰਨੇ ਵੱਧ ਹੈਂਡਲਿੰਗ ਚਾਰਜਿਜ਼ ਵਧਾ ਦੇਣਾ ਹਾਸੇ ਭਰਿਆ ਤੇ ਖਤਰਨਾਕ ਇਸ ਲਈ ਵੀ ਲੱਗ ਰਿਹਾ ਹੈ ਕਿਉਂਕਿ ਸੀ. ਡਬਲਿਊ. ਸੀ. ਵੱਲੋਂ ਆਯਾਤਕਾਂ ਅਤੇ ਨਿਰਯਾਤਕਾਂ ਨੂੰ ਜੋ ਇਨਫਰਾਸਟਰੱਕਚਰ ਦਿੱਤਾ ਜਾ ਰਿਹਾ ਹੈ ਉਹ ਕਿਸੇ ਇੰਟਰਨੈਸ਼ਨਲ ਪੋਰਟ ਦਾ ਨਹੀਂ ਸਗੋਂ ਕਿਸੇ ਲੋਕਲ ਸਬਜ਼ੀ ਮੰਡੀ ਦੇ ਸ਼ੈੱਡ ਵਰਗਾ ਦਿੱਤਾ ਜਾ ਰਿਹਾ ਹੈ। ਹਾਲਾਤ ਇਹ ਹਨ ਕਿ ਦਰਜਨਾਂ ਵਾਰ ਪਾਕਿਸਤਾਨ ਤੋਂ ਆਯਾਤਿਤ ਲੱਖਾਂ ਰੁਪਏ ਦਾ ਸੀਮੈਂਟ ਇਸ ਲਈ ਖ਼ਰਾਬ ਹੋ ਗਿਆ ਕਿਉਂਕਿ ਉਸ ਨੂੰ ਸ਼ੈੱਡ ਵਿਚ ਰੱਖਣ ਲਈ ਜਗ੍ਹਾ ਨਹੀਂ ਸੀ। ਵਪਾਰੀ ਅਣਗਿਣਤ ਵਾਰ ਮੰਗ ਕਰ ਚੁੱਕੇ ਹਨ ਕਿ ਪਾਕਿਸਤਾਨ ਤੋਂ ਇੰਪੋਰਟਡ ਸੀਮੈਂਟ ਨੂੰ ਕਵਰਡ ਗੋਦਾਮਾਂ ਵਿਚ ਰੱਖਿਆ ਜਾਵੇ ਪਰ ਵਿਭਾਗ ਕੋਲ ਢੁੱਕਵਾਂ ਗੋਦਾਮ ਹੀ ਨਹੀਂ ਹੈ। ਹਾਲਤ ਇਹ ਬਣ ਜਾਂਦੀ ਹੈ ਕਿ ਮੀਂਹ ਦੇ ਸੀਜ਼ਨ ਵਿਚ ਪਾਕਿਸਤਾਨ ਤੋਂ ਆਏ ਸੀਮੈਂਟ ਦੇ ਟਰੱਕਾਂ ਨੂੰ ਇਸ ਲਈ ਵਾਪਸ ਭੇਜ ਦਿੱਤਾ ਜਾਂਦਾ ਹੈ ਕਿਉਂਕਿ ਉਸ ਨੂੰ ਰੱਖਣ ਲਈ ਗੋਦਾਮ ਨਹੀਂ ਹੁੰਦਾ। ਪਿਛਲੇ ਇਕ ਮਹੀਨੇ ਦੀ ਗੱਲ ਕਰੀਏ ਤਾਂ 200 ਤੋਂ ਵੱਧ ਪਾਕਿਸਤਾਨੀ ਸੀਮੈਂਟ ਦੇ ਟਰੱਕ ਕਸਟਮ ਵਿਭਾਗ ਨੇ ਵਾਪਸ ਕਰ ਦਿੱਤੇ ਕਿਉਂਕਿ ਸੀਮੈਂਟ ਰੱਖਣ ਲਈ ਸਥਾਨ ਨਹੀਂ ਸੀ। ਇਹੀ ਹਾਲ ਪਾਕਿਸਤਾਨ ਤੋਂ ਆਯਾਤਿਤ ਜਿਪਸਮ ਦਾ ਵੀ ਹੈ। ਵਪਾਰੀ ਲਗਾਤਾਰ ਮੰਗ ਕਰ ਰਹੇ ਹਨ ਕਿ ਜਿਪਸਮ ਨੂੰ ਰੱਖਣ ਲਈ ਸ਼ੈੱਡ ਬਣਾਇਆ ਜਾਵੇ ਪਰ ਅੱਜ ਤੱਕ ਕੋਈ ਸ਼ੈੱਡ ਨਹੀਂ ਬਣ ਸਕਿਆ। ਮੀਂਹ ਆਉਣ ਨਾਲ ਕਈ ਵਾਰ ਲੱਖਾਂ ਦਾ ਜਿਪਸਮ ਖ਼ਰਾਬ ਹੋ ਚੁੱਕਾ ਹੈ ਪਰ ਸੀ. ਡਬਲਿਊ. ਸੀ. ਨੇ ਅੱਜ ਤੱਕ ਚੰਗਾ ਇਨਫਰਾਸਟਰੱਕਚਰ ਨਹੀਂ ਦਿੱਤਾ। ਇਨਫਰਾਸਟਰੱਕਚਰ ਦੇਣ ਦੀ ਬਜਾਏ 30 ਫ਼ੀਸਦੀ ਹੈਂਡਲਿੰਗ ਚਾਰਜਿਜ਼ ਵਧਾ ਦੇਣ ਨਾਲ ਵਪਾਰੀਆਂ ਦੇ ਸੜੇ 'ਤੇ ਲੂਣ ਛਿੜਕਣ ਵਰਗਾ ਹੈ ਅਤੇ ਇਸ ਦਾ ਵਿਰੋਧ ਹੋਣਾ ਵੀ ਸੁਭਾਵਿਕ ਮੰਨਿਆ ਜਾ ਰਿਹਾ ਹੈ।
ਅੰਮ੍ਰਿਤਸਰ ਦੀ ਬਜਾਏ ਦਿੱਲੀ ਤੋਂ ਅੰਮ੍ਰਿਤਸਰ ਸਾਮਾਨ ਲਿਆਉਣਾ ਸਸਤਾ
ਅੱਜ ਜਦੋਂ ਆਈ. ਸੀ. ਪੀ. ਅਟਾਰੀ ਦੇ ਇਨਫਰਾਸਟਰੱਕਚਰ ਵਿਚ ਕਮੀ ਦੀ ਗੱਲ ਚੱਲ ਰਹੀ ਹੈ ਤਾਂ ਆਈ. ਸੀ. ਪੀ. ਲੇਬਰ ਚਾਰਜਿਜ਼ ਦੀ ਗੱਲ ਕਰਨਾ ਜ਼ਰੂਰੀ ਹੈ। ਵਪਾਰੀਆਂ ਦਾ ਕਹਿਣਾ ਹੈ ਕਿ ਆਈ. ਸੀ. ਪੀ. ਅਟਾਰੀ ਜੋ ਅੰਮ੍ਰਿਤਸਰ ਤੋਂ ਸਿਰਫ਼ 25 ਕਿਲੋਮੀਟਰ ਦੂਰੀ 'ਤੇ ਹੈ ਇਥੋਂ ਅੰਮ੍ਰਿਤਸਰ ਤੱਕ ਸਾਮਾਨ ਲਿਆਉਣਾ ਦਿੱਲੀ ਤੋਂ ਅਮ੍ਰਿਤਸਰ ਸਾਮਾਨ ਲਿਆਉਣ ਨਾਲੋਂ ਮਹਿੰਗਾ ਪੈਂਦਾ ਹੈ ਕਿਉਂਕਿ ਲੇਬਰ ਚਾਰਜਿਜ਼ ਬਹੁਤ ਜ਼ਿਆਦਾ ਹਨ। ਵਪਾਰੀਆਂ ਅਨੁਸਾਰ ਕਿਸੇ ਵੀ ਇੰਟਰਨੈਸ਼ਨਲ ਪੋਰਟ 'ਤੇ ਇਸ ਪ੍ਰਕਾਰ ਦੇ ਲੇਬਰ ਚਾਰਜਿਸ ਨਹੀਂ ਹਨ ਜਿੰਨੇ ਆਈ. ਸੀ. ਪੀ. ਅਟਾਰੀ 'ਤੇ ਹਨ। ਇਸ ਸਬੰਧੀ ਕਈ ਵਾਰ ਸਥਾਨਕ ਐੱਮ. ਪੀ. ਤੋਂ ਲੈ ਕੇ ਉੱਚ ਅਧਿਕਾਰੀਆਂ ਦੇ ਸਾਹਮਣੇ ਮੁੱਦਾ ਚੁੱਕਿਆ ਜਾ ਚੁੱਕਾ ਹੈ ਪਰ ਕੋਈ ਸੁਣਵਾਈ ਨਹੀਂ ਹੋ ਰਹੀ, ਜਿਸ ਨਾਲ ਵਪਾਰੀਆਂ ਵਿਚ ਪਹਿਲਾਂ ਤੋਂ ਭਾਰੀ ਰੋਸ ਹੈ, ਉਪਰੋਂ ਹੁਣ ਸੀ. ਡਬਲਿਊ. ਸੀ. ਵੱਲੋਂ ਹੈਂਡਲਿੰਗ ਚਾਰਜਿਜ਼ ਵਿਚ 30 ਫ਼ੀਸਦੀ ਵਾਧਾ ਕੀਤੇ ਜਾਣ ਨਾਲ ਹਾਲਾਤ ਹੋਰ ਵੱਧ ਵਿਗੜ ਜਾਣਗੇ।
ਰੈਣਕ ਬਾਜ਼ਾਰ 'ਚ ਐਕਟਿਵਾ ਸਵਾਰ ਮਹਿਲਾ 'ਤੇ ਡਿੱਗਿਆ ਦੁਕਾਨ ਦਾ ਛੱਜਾ
NEXT STORY